NIA ਨੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ਮਗਰੋਂ ਪਹਿਲਗਾਮ ਘਟਨਾ ਦੀ ਜਾਂਚ ਰਸਮੀ ਤੌਰ ’ਤੇ ਆਪਣੇ ਹੱਥਾਂ ਵਿਚ ਲੈ ਲਈ ਹੈ। ਉਂਝ NIA ਟੀਮਾਂ ਬੁੱਧਵਾਰ ਤੋਂ ਘਟਨਾ ਵਾਲੀ ਥਾਂ ਮੌਜੂਦ ਹਨ ਤੇ ਟੀਮਾਂ ਨੇ ਸਬੂਤਾਂ ਦੀ ਭਾਲ ਤੇਜ਼ ਕਰ ਦਿੱਤੀ ਹੈ। NIA ਟੀਮਾਂ ਉਨ੍ਹਾਂ ਚਸ਼ਮਦੀਦਾਂ ਤੋਂ ਪੁੱਛ ਪੜਤਾਲ ਕਰ ਰਹੀਆਂ ਹਨ ਜਿਨ੍ਹਾਂ ਬੈਸਰਨ ਘਾਟੀ ਵਿੱਚ ਆਪਣੀਆਂ ਅੱਖਾਂ ਦੇ ਸਾਹਮਣੇ ਘਟਨਾ ਨੂੰ ਵਾਪਰਦੇ ਦੇਖਿਆ ਸੀ। ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਿਕ NIA ਟੀਮਾਂ ਵੱਲੋਂ ਹਮਲੇ ’ਚ ਸ਼ਾਮਲ ਲੋਕਾਂ ਦਾ ਖੁਰਾ ਖੋਜ ਲਾਉਣ ਲਈ ਬੈਸਰਨ ਵਾਦੀ ਦੀ ਐਂਟਰੀ ਅਤੇ ਐਗਜ਼ਿਟ ਪੋਇੰਟਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਅਧਿਕਾਰਤ ਤੌਰ ’ਤੇ ਆਪਣੇ ਹੱਥ ਵਿੱਚ ਲੈਣ ਤੋਂ ਪਹਿਲਾਂ NIA ਜੰਮੂ-ਕਸ਼ਮੀਰ ਪੁਲੀਸ ਨੂੰ ਜਾਂਚ ਵਿੱਚ ਸਹਿਯੋਗ ਕਰ ਰਹੀ ਸੀ।
