ਬਿਉੋਰੋ ਰਿਪੋਰਟ : ਕੌਮੀ ਜਾਂਚ ਏਜੰਸੀ NIA ਨੇ ਗੁਰਦਾਸਪੁਰ ਦੇ ਪਿੰਡ ਪੀਰਾਬਾਗ ਵਿੱਚ ਗੁਰਵਿੰਦਰ ਸਿੰਘ ਉਰਫ ਬਾਬਾ ਦੀ ਜਾਇਦਾਦ ਕੁਰਕ ਕਰ ਲਈ ਹੈ । ਏਜੰਸੀ ਦੀ ਟੀਮ ਨੇ ਸਪੈਸ਼ਲ NIA ਅਦਾਲਤ ਮੁਹਾਲੀ ਵੱਲੋਂ ਹੁਕਮ ਜਾਰੀ ਕਰਵਾ ਕੇ ਗੁਰਵਿੰਦਰ ਦੀ ਜ਼ਮੀਨ ਦੀ ਮਾਲਕੀ UAPA ਦੀ ਧਾਰਾ 33 ਅਧੀਨ ਜ਼ਬਤ ਕਰ ਲਈ ਹੈ । ਅਦਾਲਤ ਦੇ ਹੁਕਮਾਂ ‘ਤੇ 47 ਕਨਾਲ ਜਾਇਦਾਦ ਜ਼ਬਤ ਕੀਤੀ ਗਈ ਹੈ ।
NIA ਟੀਮ ਦੀ ਇਹ ਕਾਰਵਾਈ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੇ ਕਤਲ ਕੇਸ ਵਿੱਚ ਕੀਤੀ ਗਈ ਹੈ। NIA ਨੇ ਕਾਮਰੇਡ ਬਲਵਿੰਦਰ ਸੰਧੂ ਕਤਲ ਕੇਸ ਵਿੱਚ ਗੁਰਵਿੰਦਰ ਸਿੰਘ ਉਰਫ ਬਾਬਾ ਦਾ ਨਾਂ ਲਿਆ ਸੀ । ਅਕਤੂਬਰ 2020 ਵਿੱਚ ਸ਼ੌਰਿਆ ਚੱਕਰ ਵਿਜੇਤਾ ਬਲਵਿੰਦਰ ਸਿੰਘ ਦਾ ਤਰਨਤਾਰਨ ਦੇ ਪਿੰਡ ਭਿੱਖੀਵਿੰਡ ਵਿੱਚ ਉਸ ਦੇ ਘਰ ਵਿੱਚ ਕਤਲ ਕਰ ਦਿੱਤਾ ਗਿਆ ਸੀ । ਗੁਰਵਿੰਰ ਬਾਬਾ ‘ਤੇ ਗੈਂਗਸਟਰ ਸੁਖਪ੍ਰੀਤ ਉਰਫ ਹੈਰੀ ਚੱਠਾ ਅਤੇ ਸੁੱਖ ਬਿਖਾਰੀਵਾਲ ਦਾ ਸਾਥੀ ਹੋਣ ਦਾ ਇਲਜ਼ਾਮ ਸੀ । ਉਸ ਨੇ ਸ਼ੂਟਰਾਂ ਨੂੰ ਹਥਿਆਰ ਦਿੱਤੇ ਸਨ ਜਿਸ ਦੇ ਨਾਲ ਬਲਵਿੰਦਰ ਸਿੰਘ ਸੰਧੂ ਦੇ ਕਤਲ ਨੂੰ ਅੰਜਾਮ ਦਿੱਤਾ ਗਿਆ ।
ਪੰਜਾਬ ਪੁਲਿਸ ਨੇ ਗੁਰਵਿੰਦਰ ਸਿੰਘ ਉਰਫ ਬਾਬਾ ਅਤੇ ਉਸ ਦੇ 2 ਸਾਥੀਆਂ ਸੰਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ 9 ਅਗਸਤ 2022 ਨੂੰ ਸ਼ੌਰਿਆ ਚੱਕਰ ਐਵਾਰਡ ਜੇਤੂ ਬਲਵਿੰਦਰ ਸਿੰਘ ਉਰਫ ਸੰਧੂ ਦੇ ਕਤਲ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਸੀ। ਇਸ ਦੌਰਾਨ ਉਸ ਕੋਲੋ ਖੇਤਾਂ ਵਿੱਚੋਂ RDX,IED,ਹੈਂਡ ਗ੍ਰੇਨੇਡ,37 ਲੱਖ,634 ਗਰਾਮ ਹੈਰੋਈਨ ਅਤੇ ਹਥਿਆਰ ਬਰਾਮਦ ਹੋਏ ਸਨ । ਉਸ ਵੇਲੇ ਤੋਂ ਹੀ NIA ਮਾਮਲੇ ਦੀ ਜਾਂਚ ਕਰ ਰਿਹਾ ਹੈ ।