India

ਪੰਜਾਬ, ਹਰਿਆਣਾ, ਚੰਡੀਗੜ੍ਹ ਸਣੇ 7 ਸੂਬਿਆਂ ’ਚ NIA ਦੀ ਕਾਰਵਾਈ! 5 ਗ੍ਰਿਫ਼ਤਾਰ

ਦੇਸ਼ ਦੀ ਕੌਮੀ ਜਾਂਚ ਏਜੰਸੀ (NIA) ਨੇ ਬੀਤੇ ਕੱਲ੍ਹ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਸਣੇ 7 ਸੂਬਿਆਂ ਵਿੱਚ ਛਾਪੇਮਾਰੀ ਕਰਕੇ 5 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰਿਤ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਇਹ ਛਾਪੇਮਾਰੀ ਅੰਤਰਰਾਸ਼ਟਰੀ ਮਨੁੱਖੀ ਤਸਕਰੀ ਤੇ ਨੌਕਰੀਆਂ ਦੇ ਨਾਂ ’ਤੇ ਲੋਕਾਂ ਨੂੰ ਵਿਦੇਸ਼ ਭੇਜਣ ਵਰਗੇ ਸਾਈਬਰ ਧੋਖਾਧੜੀ ਦੇ ਮਾਮਲੇ ਸਬੰਧੀ ਕੀਤੀ ਗਈ ਹੈ।

ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਪੰਜੇ ਮੁਲਜ਼ਮ ਭਾਰਤੀ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਝੂਠੇ ਵਾਅਦੇ ਕਰਕੇ ਵਿਦੇਸ਼ ਭੇਜਣ ਲਈ ਉਕਸਾ ਰਹੇ ਸਨ। ਏਜੰਸੀ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਸਾਈਬਰ ਗਿਰੋਹ ਵੱਲੋਂ ਨੌਜਵਾਨਾਂ ਨੂੰ ‘ਗੋਲਡਨ ਟ੍ਰਾਈਐਂਗਲ ਸਪੈਸ਼ਲ ਇਕਨਾਮਿਕ ਜ਼ੋਨ’ (SEZ), ਲਾਓਸ ਤੇ ਕੰਬੋਡੀਆ ਸਮੇਤ ਹੋਰ ਦੇਸ਼ਾਂ ਵਿਚ ਸਾਈਬਰ ਅਪਰਾਧਾਂ ਲਈ ਚਲਾਏ ਜਾ ਰਹੇ ਫਰਜ਼ੀ ਕਾਲ ਸੈਂਟਰਾਂ ਵਿੱਚ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ।

ਇਸ ਛਾਪੇਮਾਰੀ ਵਿੱਚ ਐਨਆਈਏ ਨੇ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਬਿਹਾਰ, ਗੁਜਰਾਤ, ਦਿੱਲੀ, ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਵਿੱਚ 15 ਥਾਵਾਂ ’ਤੇ ਛਾਪੇਮਾਰੀ ਕਰਕੇ ਵਡੋਦਰਾ (ਗੁਜਰਾਤ) ਦੇ ਮਨੀਸ਼ ਹਿੰਗੂ, ਗੋਪਾਲਗੰਜ (ਬਿਹਾਰ) ਦੇ ਪਹਿਲਾਦ ਸਿੰਘ, ਦੱਖਣੀ ਪੱਛਮੀ ਦਿੱਲੀ ਦੇ ਨਬੀਆਲਮ ਰੇ, ਗੁਰੂਗ੍ਰਾਮ (ਹਰਿਆਣਾ) ਦੇ ਬਲਵੰਤ ਕਟਾਰੀਆ ਤੇ ਚੰਡੀਗੜ੍ਹ ਦੇ ਸਰਤਾਜ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।

ਤਲਾਸ਼ੀ ਦੌਰਾਨ, ਦਸਤਾਵੇਜ਼, ਡਿਜੀਟਲ ਉਪਕਰਣ, ਹੱਥ ਲਿਖਤ ਰਜਿਸਟਰ, ਕਈ ਪਾਸਪੋਰਟ ਤੇ ਜਾਅਲੀ ਵਿਦੇਸ਼ੀ ਰੁਜ਼ਗਾਰ ਪੱਤਰਾਂ ਸਮੇਤ ਕਈ ਅਪਰਾਧਿਕ ਸਮੱਗਰੀ ਜ਼ਬਤ ਕੀਤੀ ਗਈ ਹੈ। ਜਾਂਚ ਏਜੰਸੀ ਨੇ ਸੂਬਾ ਪੁਲਿਸ ਬਲਾਂ ਅਤੇ ਕੇਂਦਰੀ ਖੁਫ਼ੀਆ ਏਜੰਸੀਆਂ ਨਾਲ ਤਾਲਮੇਲ ਕਰਕੇ ਸਾਰੀਆਂ ਥਾਵਾਂ ’ਤੇ ਇਹ ਕਾਰਵਾਈ ਕੀਤੀ ਹੈ।

ਐਨਆਈਏ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਵੱਖ-ਵੱਖ ਸੂਬਿਆਂ ਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਦੇ ਪੁਲਿਸ ਬਲਾਂ ਵੱਲੋਂ 8 ਤਾਜ਼ਾ ਮਾਮਲੇ ਦਰਜ ਕੀਤੇ ਗਏ ਹਨ ਤੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਤਾਜ਼ਾ ਖ਼ਬਰ – ਸਾਵਧਾਨ! ਪੰਜਾਬ ’ਚ 48.4 ਡਿਗਰੀ ਪਹੁੰਚਿਆ ਪਾਰਾ, ਦੋ ਦਿਨ ਲਈ ‘ਰੈੱਡ ਅਲਰਟ’ ਜਾਰੀ