ਬਿਉਰੋ ਰਿਪੋਰਟ : ਕੌਮੀ ਜਾਂਚ ਏਜੰਸੀ (NIA) ਵੱਲੋਂ ਪੰਜਾਬ ਅਤੇ ਹਰਿਆਣਾ ਦੀਆਂ 15 ਥਾਵਾਂ ‘ਤੇ ਰੇਡ ਮਾਰੀ ਗਈ ਹੈ । ਏਜੰਸੀ ਦੀ ਇਸ ਜਾਂਚ ਨੂੰ ਸੈਨ ਫਰਾਂਸਿਸਕੋ ਵਿੱਚ ਭਾਰਤੀ ਵਣਿਜ ਦੂਤਾਵਾਸ ‘ਤੇ ਖਾਲਿਸਤਾਨੀ ਹਮਾਇਤੀਆਂ ਵੱਲੋਂ ਕੀਤੇ ਹਮਲੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ । ਪੰਜਾਬ ਵਿੱਚ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਦੇ ਘਰ ਵਿੱਚ ਵੀ ਰੇਡ ਦੀ ਖ਼ਬਰ ਹੈ । ਬਟਾਲਾ ਅਧੀਨ ਆਉਂਦੇ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਬੁੱਲੇਵਾਲ ਵਿੱਚ NIA ਦੀ ਟੀਮ ਨੇ ਕ੍ਰਿਪਾਲ ਸਿੰਘ ਘਰ ਜਾਂਚ ਕੀਤੀ ਹੈ । ਉਨ੍ਹਾਂ ਨੂੰ ਅੰਮ੍ਰਿਤਪਾਲ ਸਿੰਘ ਦਾ ਕਰੀਬੀ ਦੱਸਿਆ ਜਾਂਦਾ ਹੈ। NIA ਨੂੰ ਸ਼ੱਕ ਹੈ ਕਿ ਕ੍ਰਿਪਾਲ ਸਿੰਘ ਦੇ ਵਿਦੇਸ਼ ਨਾਲ ਤਾਰ ਜੁੜੇ ਹੋਏ ਹਨ ਅਤੇ ਉਹ ਖਾਲਿਸਤਾਨੀ ਹਮਾਇਤੀਆਂ ਨਾਲ ਜੁੜਿਆ ਹੋਇਆ ਹੈ ।
ਉਧਰ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਇੱਕ ਮਿਠਾਈ ਦੀ ਦੁਕਾਨ ਦੇ ਮਾਲਕ ‘ਤੇ ਵੀ NIA ਨੇ ਰੇਡ ਮਾਰੀ ਹੈ। ਫਿਲਹਾਲ NIA ਵੱਲੋਂ ਇਸ ਰੇਡ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਦੁਕਾਨ ਦੇ ਮਾਲਕ ਕੋਲੋ NIA ਨੇ ਸਵੇਰ 6 ਵਜੇ ਤੋਂ ਲੈਕੇ 5 ਘੰਟੇ ਤੱਕ ਪੁੱਛ-ਗਿੱਛ ਕੀਤੀ । ਏਜੰਸੀ ਨੂੰ ਦੁਕਾਨ ਦੇ ਮਾਲਕ ‘ਤੇ ਖਾਲਿਸਤਾਨ ਹਮਾਇਤੀਆਂ ਨੂੰ ਫੰਡਿੰਗ ਦਾ ਸ਼ੱਕ ਹੈ।
ਉਧਰ ਮੋਗਾ ਦੇ ਚਾੜਿਕ ਦੇ ਪਿੰਡ ਝੰਡੇਵਾਲਾ ਵਿੱਚ ਵੀ ਏਜੇਸੀ ਨੇ ਗੁਰਲਾਭ ਸਿੰਘ ਦੇ ਘਰ ਵਿੱਚ ਰੇਡ ਕੀਤੀ । NIA ਦੀ ਟੀਮ ਨੇ ਗੁਰਲਾਭ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਕੋਲੋ ਤਕਰੀਬਨ ਢਾਈ ਘੰਟੇ ਤੱਕ ਪੁੱਛ-ਗਿੱਛ ਕੀਤੀ । ਜਾਂਚ ਏਜੰਸੀ ਨੇ ਉਨ੍ਹਾਂ ਨੂੰ 24 ਨਵੰਬਰ ਨੂੰ ਚੰਡੀਗੜ੍ਹ ਪੇਸ਼ ਹੋਣ ਦੇ ਲਈ ਬੁਲਾਇਆ ਹੈ ।
ਉਧਰ ਲੁਧਿਆਣਾ ਵਿੱਚ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਕਰੀਬੀ ਰਹੇ ਲੋਕ ਇਨਸਾਫ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਕੰਗ ਦੇ ਘਰ ਅਤੇ ਨਸ਼ਾ ਮੁਕਤੀ ਕੇਂਦਰ ‘ਤੇ ਵੀ ਏਜੰਸੀ ਨੇ ਛਾਪੇਮਾਰੀ ਕੀਤੀ । NIA ਦੀ ਟੀਮ ਸਵੇਰ 6 ਵਜੇ ਬਾਹੋਮਾਜਰਾ ਪਿੰਡ CR ਕੰਗ ਦੇ ਘਰ ਪਹੁੰਚੀ । ਸਰਬਜੀਤ ਸਿੰਘ ਕੋਲੋ 3 ਘੰਟੇ ਤੱਕ ਪੁੱਛ-ਗਿੱਛ ਕੀਤੀ ਗਈ ।
ਦਿੱਲੀ ਪੁਲਿਸ ਨੇ ਮਲਕ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ
ਇੱਕ ਦਿਨ ਪਹਿਲਾਂ ਹੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਹਰਿਆਣਾ ਦੇ ਕੁਰੂਕਸ਼ੇਤਰ ਦੇ ਮਲਕ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ । ਮਲਕ ਸਿੰਘ ਨੇ ਖਾਲਿਸਤਾਨ ਹਮਾਇਤੀ ਗੁਰਪਤਵੰਤ ਸਿੰਘ ਪੰਨੂ ਦੇ ਇਸ਼ਾਰੇ ‘ਤੇ 27 ਸਤੰਬਰ ਨੂੰ ਦਿੱਲੀ ਦੇ ISBT ‘ਤੇ ਖਾਲਿਸਤਾਨ ਦੀ ਹਮਾਇਤ ਵਿੱਚ ਕੰਧਾ ‘ਤੇ ਨਾਅਰੇ ਲਿਖੇ ਸਨ । ਇਸ ਤੋਂ ਇਲਾਵਾ ਦੱਸਿਆ ਜਾਂਦਾ ਹੈ ਕਿ ਮਲਕ ਸਿੰਘ ਨੂੰ ਦਿੱਲੀ ਏਅਰਪੋਰਟ ਅਤੇ ਵਰਲਡ ਕੱਪ ਤੋਂ ਪਹਿਲਾਂ ਕਈ ਥਾਵਾਂ ‘ਤੇ ਨਾਅਰੇ ਲਿਖਣ ਦੀ ਜ਼ਿੰਮੇਵਾਰੀ ਦਿੱਤੀ ਸੀ ।