India Punjab

ਸੁਖਰਾਜ ਸਿੰਘ ਨਿਆਮੀਵਾਲਾ ਨੂੰ NIA ਦਾ ਨੋਟਿਸ, 19 ਨੂੰ ਦਿੱਲੀ ਕੀਤਾ ਤਲਬ

ਫਿਰੋਜ਼ਪੁਰ : ਬਹਿਬਲ ਕਲਾਂ ਗੋਲੀਕਾਂਡ ਦੌਰਾਨ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਨੂੰ ਕੇਂਦਰੀ ਜਾਂਚ ਏਜੰਸੀ ਐਨਆਈਏ ਨੇ ਤਲਬ ਕੀਤਾ ਹੈ। ਨਿਆਮੀਵਾਲਾ ਨੂੰ 19 ਸਤੰਬਰ ਨੂੰ ਦਿੱਲੀ ਹੈੱਡਕੁਆਰਟਰ ਅੱਗੇ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਹਾਲ ਹੀ ‘ਚ NIA ਨੇ ਪੰਜਾਬ ‘ਚ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਅਤੇ ਨਜ਼ਦੀਕੀਆਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ ਸੀ।

ਕੁਝ ਦਿਨ ਪਹਿਲਾਂ ਸੁਖਰਾਜ ਸਿੰਘ ਨਿਆਮੀਵਾਲਾ ਨੇ ਪ੍ਰੈੱਸ ਕਾਨਫਰੰਸ ਕਰਕੇ ਗਿੱਦੜਬਾਹਾ ਤੋਂ ਜ਼ਿਮਨੀ ਚੋਣ ਲ਼ੜਨ ਦਾ ਐਲਾਨ ਕੀਤਾ ਸੀ।ਉਨ੍ਹਾਂ ਨੇ ਕਿਹਾ ਸੀ ਕਿ ਉਹ ਆਜ਼ਾਦ ਚੋਣ ਲੜਨਗੇ। ਉਨ੍ਹਾਂ ਨੇ ਕਿਹਾ ਕਿ ਮੈਂ ਪੰਥਕ ਉਮੀਦਵਾਰ ਵਜੋਂ ਲੜਾਂਗਾ। ਸੁਖਰਾਜ ਸਿੰਘ ਨੇ ਇਲਾਕਾ ਨਿਵਾਸੀਆਂ ਨੂੰ ਸਾਥ ਦੇਣ ਦੀ ਅਪੀਲ ਵੀ ਕੀਤੀ ਸੀ।

ਉਨ੍ਹਾਂ ਨੇ ਕਿਹਾ ਸੀ ਕਿ ਬਹਿਬਲ ਕਲਾਂ ਗੋਲੀਕਾਂਡ ਤੋਂ ਬਾਅਦ ਪੰਜਾਬ ਵਿੱਚ 3 ਸਰਕਾਰਾਂ  ਬਦਲ ਗਈਆ ਹਨ ਪਰ ਕਿਸੇ ਨੇ ਦੋਸ਼ੀਆਂ ਨੂੰ ਕੋਈ ਸਜ਼ਾ ਨਹੀਂ ਦਿੱਤੀ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਕਹਿੰਦੀ ਸੀ 24 ਘੰਟੇ ਵਿੱਚ ਬੇਅਦਬੀਆਂ ਦਾ ਇਨਸਾਫ਼ ਦੇਵਾਂਗੇ ਪਰ ਹਲੇ ਤੱਕ ਕੋਈ ਠੋਸ ਕਾਰਵਾਈ ਨਹੀ ਕੀਤੀ।

ਉਨ੍ਹਾਂ ਨੇ ਕਿਹਾ ਸੀ ਕਿ ਗਿੱਦੜਬਾਹਾ ਵਾਸੀਆ ਨੂੰ ਅਪੀਲ ਕਰਦਾ ਹਾਂ ਮੈਂ ਪੰਥਕ ਉਮੀਦਵਾਰ ਵਜੋਂ ਚੋਣ ਲੜਾਂਗੇ ਅਤੇ ਮੈਨੂੰ ਉਮੀਦ ਹੈ ਕਿ ਸਾਰੇ ਲੋਕ ਮੇਰਾ ਸਾਥ ਦੇਣਗੇ। ਉਨ੍ਹਾਂ ਨੇ ਕਿਹਾ  ਕਿ ਅਸੀਂ ਇੰਨ੍ਹਾਂ ਲੋਕਾਂ ਨੂੰ ਕੁਰਸੀਆਂ ਉੱਤੇ ਬੈਠਾ ਦਿੰਦੇ ਹਾਂ ਪਰ ਇਹ ਲੋਕ ਬੇਅਦਬੀਆਂ ਕਰਨ ਵਾਲਿਆ ਨੂੰ ਕੋਈ ਸਜ਼ਾ ਨਹੀ ਦਿਵਾ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖ ਜਥੇਬੰਦੀਆਂ ਸਾਡੇ ਨਾਲ ਹਨ।

ਉਨ੍ਹਾਂ ਨੇ ਕਿਹਾ ਸੀ ਕਿ ਪੰਥਕ ਮੁੱਦਿਆ ਉੱਤੇ ਗੱਲ ਹਮੇਸਾ ਹੁੰਦੀ ਰਹੇਗੀ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਵੀ ਉਸ ਟੀਮ ਦੇ ਮੈਂਬਰ ਬਣਕੇ ਅੱਗੇ ਆਵਾਗੇ ਤੇ ਬੇਅਦਬੀਆਂ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਕਰਾਂਗਾ।

12 ਅਕਤੂਬਰ 2015 ਨੂੰ ਫਰੀਦਕੋਟ ਦੇ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗ ਖਿਲਾਰੇ ਗਏ ਸੀ,ਜਿਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਦੇ ਵਿਰੋਧ ਵਿੱਚ ਪ੍ਰਦਰਸ਼ਨ ਹੋਏ। ਇਸ ਦੌਰਾਨ 14 ਅਕਤੂਬਰ ਨੂੰ ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ’ਤੇ ਗੋਲੀਆਂ ਚਲਾਈਆਂ। ਇਸ ਵਿੱਚ ਦੋ ਵਿਅਕਤੀ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਮਾਰੇ ਗਏ ਸਨ। ਜਿਸ ਤੋਂ ਬਾਅਦ ਲੰਮੇ ਸਮੇਂ ਤੋਂ ਬਹਿਬਲ ਕਲਾਂ ਗੋਲੀਕਾਂਡ ਦੌਰਾਨ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਆਪਣੇ ਪਿਤਾ ਲਈ ਇਨਸਾਫ ਦੀ ਮੰਗ ਕਰ ਰਿਹਾ ਹੈ।