India Punjab

ਪੰਜਾਬ ਦੇ ਅਧਿਕਾਰੀਆਂ ’ਤੇ ਭੜਕਿਆ NHAI! ਸੂਬੇ ’ਚ ਸੜਕਾਂ ਦੇ ਸਾਰੇ ਪ੍ਰਾਜੈਕਟ ਬੰਦ ਕਰਨ ਦੀ ਦਿੱਤੀ ਧਮਕੀ

ਚੰਡੀਗੜ੍ਹ: ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (National Highways Authority of India – NHAI) ਦੇ ਚੇਅਰਮੈਨ ਸੰਤੋਸ਼ ਕੁਮਾਰ ਯਾਦਵ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਅਨੁਰਾਗ ਵਰਮਾ ਚਿੱਠੀ ਲਿਖ ਕੇ ਨਰਾਜ਼ਗੀ ਜ਼ਾਹਿਰ ਕੀਤੀ ਹੈ ਕਿ ਪੰਜਾਬ ਵਿੱਚ ਸੜਕਾਂ ਦੇ ਜਾਲ ਵਿਛਾਉਣ ਲਈ NHAI ਦੇ ਕਾਫੀ ਜ਼ਿਆਦਾ ਪ੍ਰਾਜੈਕਟਾਂ ’ਤੇ ਕੰਮ ਚੱਲ ਰਿਹਾ ਹੈ ਪਰ ਕਈ ਪ੍ਰਾਜੈਕਟਾਂ ਤੇ ਹਾਲੇ ਤੱਕ ਕੰਮ ਸ਼ੁਰੂ ਹੀ ਨਹੀਂ ਹੋ ਸਕਿਆ। ਇਸ ਨੂੰ ਲੈ ਕੇ ਚੇਅਰਮੈਨ ਸੰਤੋਸ਼ ਕੁਮਾਰ ਯਾਦਵ ਨੇ ਮੁੱਖ ਸਕੱਤਰ ਨੂੰ ਚਿੱਠੀ ਲਿਖ ਕੇ ਪੁੱਛਿਆ ਹੈ ਕਿ ਕਿਹਾ, ਕੀ ਅਸੀਂ ਸਾਰੇ ਪ੍ਰਾਜੈਕਟ ਬੰਦ ਕਰ ਦੇਈਏ?

NHAI ਦੇ ਚੇਅਰਮੈਨ ਸੰਤੋਸ਼ ਕੁਮਾਰ ਯਾਦਵ ਨੇ ਮੁੱਖ ਸਕੱਤਰ ਪੰਜਾਬ ਨੂੰ ਲਿਖੀ ਗਈ ਆਪਣੀ ਚਿੱਠੀ ਵਿੱਚ ਦੱਸਿਆ ਹੈ ਕਿ ਇਨ੍ਹਾਂ ਪ੍ਰਾਜੈਕਟਾਂ ਲਈ ਪੰਜਾਬ ਵੱਲੋਂ ਹੁਣ ਤੱਕ ਨਾ ਜ਼ਮੀਨ ਐਕਵਾਇਰ ਕੀਤੀ ਗਈ ਹੈ ਤੇ ਨਾ ਜ਼ਮੀਨ ਦੇ ਮਾਲਕਾਂ ਨੂੰ ਪੈਸਿਆਂ ਦੀ ਵੰਡ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਸੱਤ ਪ੍ਰੋਜੈਕਟ ਵਿੱਚ 8245 ਕਰੋੜ ਰੁਪਏ ਦੀ ਲਾਗਤ ਨਾਲ 256 ਕਿਲੋਮੀਟਰ ਦਾ ਐਨਐਚਏਆਈ ਦੇ ਅਧੀਨ ਕੰਮ ਹੋਣਾ ਹੈ। ਇਨ੍ਹਾਂ 7 ਪ੍ਰਾਜੈਕਟਾਂ ਵਿੱਚੋਂ ਤਿੰਨ ਪ੍ਰਾਜੈਕਟ ਦਾ ਕੰਮ ਸਾਲ 2021 ਵਿੱਚ ਪੂਰਾ ਹੋ ਜਾਣਾ ਸੀ ਪਰ ਹਾਲੇ ਤੱਕ ਜ਼ਮੀਨ ਐਕਵਾਇਰ ਕਰਨ ਅਤੇ ਪੈਸੇ ਦੀ ਵੰਡ ਦਾ ਕੰਮ ਹੀ ਨਹੀਂ ਹੋਇਆ ਜਿਸ ਕਾਰਨ ਕੰਮ ਵਿੱਚ ਕਾਫੀ ਜ਼ਿਆਦਾ ਦੇਰ ਦਾ ਸਹਾਮਣਾ ਕਰਨਾ ਪੈ ਰਿਹਾ ਹੈ।