International

ਕੋਰੋਨਾ ਮਹਾਂਮਾਰੀ ਫੈਲਣ ਤੋਂ ਇਕ ਮਹੀਨਾ ਪਹਿਲਾਂ ਕੀ ਹੋਇਆ ਸੀ ਵੁਹਾਨ ਦੀ ਲੈਬ ‘ਚ, ਪੜ੍ਹੋ ਨਵਾਂ ਖੁਲਾਸਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਚੀਨ ਦੇ ਵੁਹਾਨ ਦੀ ਇਕ ਲੈਬ ‘ਚੋਂ ਕੋਰੋਨਾ ਫੈਲਣ ਦੇ ਲਗਾਤਾਰ ਦਾਅਵੇ ਕੀਤੇ ਜਾ ਰਹੇ ਹਨ, ਪਰ ਹੁਣ ਇਕ ਰਿਪੋਰਟ ਨੇ ਨਵਾਂ ਖੁਲਾਸਾ ਕੀਤਾ ਹੈ। ਇਸ ਰਿਪੋਰਟ ਅਨੁਸਾਰ ਅਮਰੀਕਾ ਦੀ ਇਕ ਖੁਫੀਆ ਏਜੰਸੀ ਨੇ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਰਿਪੋਰਟ ਅਨੁਸਾਰ ਕੋਰੋਨਾ ਫੈਲਣ ਤੋਂ ਇਕ ਮਹੀਨਾ ਪਹਿਲਾਂ ਲੈਬ ਦੇ ਤਿੰਨ ਰਿਸਰਚਰ ਬੀਮਾਰ ਹੋ ਗਏ ਸਨ।

ਇਸ ਰਿਪੋਰਟ ਵਿੱਚ ਇਨ੍ਹਾਂ ਡਾਕਟਰਾਂ ਬਾਰੇ ਪੂਰੀ ਜਾਣਕਾਰੀ ਹੈ। ਇਸ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਉਹ ਕਦੋਂ ਬੀਮਾਰ ਹੋਏ ਸਨ ਤੇ ਕਦੋਂ ਉਨ੍ਹਾਂ ਨੂੰ ਹਸਪਤਾਲ ਲਿਜਾਣਾ ਪਿਆ ਸੀ। ਇਨ੍ਹਾਂ ਡਾਕਟਰਾਂ ਦੇ ਬਿਮਾਰ ਹੋਣ ਦੀ ਤਰੀਕ ਅਮਰੀਕਾ ਦੀ ਅਖਬਾਰ ਵਾਲ ਸਟ੍ਰੀਟ ਵਿਚ ਦੱਸੀ ਗਈ ਹੈ। ਅਖਬਾਰ ਅਨੁਸਾਰ ਇਹ ਡਾਕਟਰ 2019 ਦੇ ਨਵੰਬਰ ਮਹੀਨੇ ਬੀਮਾਰ ਹੋਏ ਸਨ। ਹਾਲਾਂਕਿ ਅਖਬਾਰ ਦੀ ਇਸ ਪੁਸ਼ਟੀ ਉੱਤੇ ਅਮਰੀਕਾ ਨੇ ਕੋਈ ਟਿੱਪਣੀ ਨਹੀਂ ਕੀਤੀ ਹੈ। ਬਾਇਡਨ ਪ੍ਰਸ਼ਾਸਨ ਨੇ ਇਹ ਜਰੂਰ ਕਿਹਾ ਹੈ ਕਿ ਕੋਰੋਨਾ ਕਿੱਥੋਂ ਪੈਦਾ ਹੋਇਆ ਹੈ, ਇਸਦੀ ਜਾਂਚ ਲਈ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਸਥਾ ਵੀ ਇਸ ਤੋਂ ਪਹਿਲਾਂ ਇਹ ਕਹਿ ਚੁੱਕੀ ਹੈ ਕਿ ਜਿਹੜੇ ਵੀ ਵੁਹਾਨ ਨੂੰ ਲੈ ਕੇ ਤੱਥ ਸਾਹਮਣੇ ਆਏ ਹਨ, ਉਨ੍ਹਾਂ ਤੋਂ ਇਹ ਸਾਬਿਤ ਨਹੀਂ ਹੁੰਦਾ ਕਿ ਦੁਨੀਆਂ ਭਰ ਵਿਚ ਕੋਰੋਨਾ ਇਸ ਲੈਬ ਕਾਰਨ ਫੈਲਿਆ ਹੈ।