‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰੀ ਸਿੰਘ ਸਭਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੀਟੀਸੀ ਅਦਾਰੇ ਦਾ ਸੈਕਸ ਸਕੈਂਡਲ ਵਿੱਚ ਸ਼ਾਮਿਲ ਹੋਣ ਕਰਕੇ ਇਸ ਚੈਨਲ ‘ਤੇ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਬੰਦ ਕਰਨ ਦੀ ਅਪੀਲ ਕੀਤੀ ਗਈ ਹੈ। ਕੇਂਦਰੀ ਸਿੰਘ ਸਭਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਇਹ ਚੈਨਲ ਸ੍ਰੀ ਦਰਬਾਰ ਸਾਹਿਬ ਤੋਂ ਪਵਿੱਤਰ ਗੁਰਬਾਣੀ ਦੇ ਪ੍ਰਸਾਰਣ ਕਰਨ ਦੇ ਨੈਤਿਕ ਅਧਿਕਾਰ ਖੋਹ ਬੈਠਾ ਹੈ। ਇਸ ਕਰਕੇ ਇਸ ਚੈਨਲ ਦੇ ਨੈੱਟਵਰਕ ਨੂੰ ਬਾਹਰ ਕੱਢ ਕੇ ਗੁਰਬਾਣੀ ਰੀਲੇਅ ਦੇ ਵੱਖਰੇ ਪ੍ਰਬੰਧ ਕੀਤੇ ਜਾਣ।
ਕੇਂਦਰੀ ਸਿੰਘ ਸਭਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਕੁਤਾਹੀ ਉੱਤੇ ਤੁਰੰਤ ਨੋਟਿਸ ਲੈਣ ਦੀ ਬੇਨਤੀ ਕੀਤੀ ਹੈ। ਪੁਲਿਸ ਮੁਤਾਬਕ ਪੀਟੀਸੀ ਅਦਾਰੇ ਦੇ ਪ੍ਰਬੰਧਕ “ਮਿਸ ਪੰਜਾਬਣ” ਪ੍ਰੋਗਰਾਮ ਰਾਹੀਂ ਨੌਜਵਾਨ ਕੁੜੀਆਂ ਦੇ ਜਿਨਸੀ ਸ਼ੋਸ਼ਣ ਅਤੇ ਦੇਹ ਵਪਾਰ ਵਿੱਚ ਸ਼ਾਮਿਲ ਪਾਏ ਗਏ ਹਨ। “ਮਿਸ ਪੰਜਾਬਣ” ਮੁਕਾਬਲੇ ਵਿੱਚ ਸ਼ਾਮਿਲ ਹੋਈ ਇੱਕ ਲਾਅ ਦੀ ਵਿਦਿਆਰਥਣ ਨੇ ਜਦੋਂ ਸੈਕਸ ਸਕੈਂਡਲ ਨੂੰ ਨੰਗਾ ਕੀਤਾ ਅਤੇ ਆਪਣੇ ਪਿਤਾ ਨੂੰ ਇਸ ਬਾਰੇ ਸੂਚਨਾ ਦਿੱਤੀ ਤਾਂ ਫਿਰ ਵੀ ਪ੍ਰਬੰਧਕਾਂ ਨੇ ਲੜਕੀ ਨੂੰ ਹੋਟਲ ਵਿੱਚੋਂ ਬਾਹਰ ਨਹੀਂ ਜਾਣ ਦਿੱਤਾ ਅਤੇ ਨਾ ਹੀ ਉਸਦੇ ਪਿਤਾ ਨੂੰ ਮਿਲਣ ਦਿੱਤਾ।
ਪੀੜਤ ਲੜਕੀ ਦੇ ਪਿਤਾ ਨੇ ਹਾਈਕੋਰਟ ਪਹੁੰਚ ਕੀਤੀ ਅਤੇ ਕੋਰਟ ਰਾਹੀਂ ਭੇਜੇ “ਵਰੰਟ ਅਫਸਰ” ਰਾਹੀਂ ਲੜਕੀ ਦੀ ਪੰਜ ਦਿਨਾਂ ਬਾਅਦ 15 ਮਾਰਚ 2022 ਨੂੰ ਬਰਾਮਦੀ ਕੀਤੀ ਗਈ। ਮੁਹਾਲੀ ਦੇ ਵਿਸ਼ੇਸ਼ ਔਰਤ ਵਿੰਗ ਪੁਲਿਸ ਸਟੇਸ਼ਨ ਵਿੱਚ ਦਰਜ ਐੱਫਆਈਆਰ 0002/17/03/2022 ਮੁਤਾਬਕ “ਮਿਸ ਪੰਜਾਬਣ” ਮੁਕਾਬਲੇ ਦੀਆਂ ਚਾਹਵਾਨ ਲੜਕੀਆਂ ਨੂੰ ਮੁਹਾਲੀ ਦੇ ਇੱਕ ਨਾਮੀ ਹੋਟਲ ਵਿੱਚ ਬੁਲਾ ਕੇ ਹਫਤਾ ਭਰ ਰੱਖਿਆ ਜਾਂਦਾ ਹੈ। ਮੁਕਾਬਲੇ ਦੀ ਟਰੇਨਿੰਗ ਦੌਰਾਨ ਉਹਨਾਂ ਨਾਲ ਅਸ਼ਲੀਲ ਛੇੜ-ਛਾੜ ਕਰਕੇ ਸਰੀਰਕ ਸਬੰਧਾਂ ਲਈ ਮਜ਼ਬੂਰ ਕੀਤਾ ਜਾਂਦਾ ਹੈ। ਜਿਹੜੀਆਂ ਲੜਕੀਆਂ ਵਿਰੋਧ ਕਰਦੀਆਂ ਹਨ, ਉਹਨਾਂ ਨੂੰ ਖਾਣ-ਪੀਣ ਦੀ ਚੀਜ਼ਾਂ ਰਾਹੀਂ ਨਸ਼ੀਲੇ ਪਦਾਰਥ ਦੇ ਕੇ ਬੇਹੋਸ਼ ਕਰ ਦਿੱਤਾ ਜਾਂਦਾ ਹੈ। ਕਈ ਲੜਕੀਆਂ ਨੂੰ ਅੱਗੇ ਮੋਹਤਵਰ ਬੰਦਿਆਂ ਕੋਲ ਵੀ ਪੇਸ਼ ਕੀਤਾ ਜਾਂਦਾ ਹੈ। ਪੁਲਿਸ ਵੱਲੋਂ ਐੱਫਆਈਆਰ ਪੀਟੀਸੀ ਅਦਾਰੇ ਦੇ ਐਮ.ਡੀ ਅਤੇ ਛੇ ਹੋਰ ਅਧਿਕਾਰੀਆਂ ਵਿਰੁੱਧ ਦਰਜ ਹੈ। ਇਸ ਤੋਂ ਇਲਾਵਾ 20 ਤੋਂ 25 ਅਣਪਛਾਤੇ ਦੋਸ਼ੀ ਵੀ ਐੱਫਆਈਆਰ ਵਿੱਚ ਸ਼ਾਮਿਲ ਹਨ।
ਕੇਂਦਰੀ ਸਿੰਘ ਸਭਾ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਤੋਂ ਰੋਜ਼ਾਨਾ ਪਵਿੱਤਰ ਗੁਰਬਾਣੀ ਅਤੇ ਹੁਕਮਨਾਮੇ ਦੇ ਪ੍ਰਸਾਰਣ ਉੱਤੇ ਇੱਕ ਸਿਆਸੀ ਪਰਿਵਾਰ ਦੇ ਨਿੱਜੀ ਚੈਨਲ ਪੀਟੀਸੀ ਨੇ ਪਿਛਲੇ ਦੋ ਦਹਾਕਿਆਂ ਤੋਂ ਏਕਾ ਅਧਿਕਾਰ ਜਮਾਂ ਰੱਖਿਆ ਹੈ। ਇਸ ਤਰ੍ਹਾਂ ਚੈਨਲ ਨੇ ਟੀ.ਆਰ.ਪੀ ਅਤੇ ਕਾਰਪੋਰੇਟ ਮੁਨਾਫੇ ਨੂੰ ਵਧਾਉਣ ਲਈ ਪਵਿੱਤਰ ਗੁਰਬਾਣੀ ਦਾ ਵਪਾਰੀਕਰਨ ਹੀ ਕਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਉੱਤੇ ਕਾਬਜ਼ ਸਿਆਸੀ ਪਰਿਵਾਰ ਦੇ ਇਸ ਚੈਨਲ ਨੇ ਛੋਟੇ ਚੈਨਲਾਂ ਦਾ ਪ੍ਰਸਾਰਣ ਜਾਂ ਤਾਂ ਬੰਦ ਕਰਵਾ ਦਿੱਤਾ ਜਾਂ ਉਹਨਾਂ ਨੂੰ ਆਪਣੇ ਵਿੱਚ ਮਿਲਾ ਲਿਆ।
ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਘੱਟ ਤੋਂ ਘੱਟ ਪੈਸੇ ਦੇ ਕੇ ਪੀਟੀਸੀ ਚੈਨਲ ਨੇ ਗੁਰਬਾਣੀ ਦਾ ਵਪਾਰੀਕਰਨ ਕਰਕੇ, ਸੱਤ ਕਰੋੜ ਰੁਪਏ ਦੀ ਰਕਮ ਨਾਲ ਸ਼ੁਰੂ ਹੋਏ ਇਸ ਚੈਨਲ ਦੀ ਪੂੰਜੀ ਹੁਣ ਵਧਾ ਕੇ 700 ਕਰੋੜ ਰੁਪਏ ਤੋਂ ਉੱਪਰ ਚਲੀ ਗਈ ਹੈ। ਮਨੋਰੰਜਨ ਇੰਡਸਟਰੀ ਦੇ ਇਸ ਵਪਾਰਕ ਅਦਾਰੇ ਦੇ ਕਈ ਹੋਰ ਛੋਟੇ ਚੈਨਲ ਗੁਰਬਾਣੀ ਪ੍ਰਸਾਰਣ ਤੋਂ ਪਿੱਛੋਂ ਅਸ਼ਲੀਲਤਾ ਪਰੋਸ ਦਿੰਦੇ ਹਨ। ਕੇਂਦਰੀ ਸਿੰਘ ਸਭਾ ਨੇ ਮੰਗ ਕੀਤੀ ਹੈ ਕਿ ਜਦੋਂ ਹਿੰਦੂ ਅਤੇ ਇਸਲਾਮ ਦੇ ਵੱਡੇ ਧਾਰਮਿਕ ਅਦਾਰੇ ਆਪਣੇ ਸ਼ਰਧਾਲੂਆਂ ਲਈ ਮੁਫਤ ਪ੍ਰਸਾਰਣ ਕਰਦੇ ਹਨ ਪਰ ਸਿੱਖਾਂ ਨੂੰ ਪੀਟੀਸੀ ਚੈਨਲ ਦਾ ਪ੍ਰਸਾਰਣ ਕਰਨ ਲਈ ਕੇਬਲ ਮਾਲਕਾਂ ਨੂੰ ਗੁਰਬਾਣੀ ਪ੍ਰਸਾਰਣ ਤੇ ਹੁਕਮਨਾਮਾ ਦਾ ਸਰਵਨ ਕਰਨ ਲਈ ਪੈਸੇ ਦੇਣੇ ਪੈਂਦੇ ਹਨ।