‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਲੋਕ ਇਨਸਾਫ਼ ਪਾਰਟੀ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਭਵਿੱਖ ਹਨੇਰੇ ਵਿੱਚ ਜਾਣ ਲੱਗਾ ਹੈ। ਅਦਾਲਤ ਵੱਲੋਂ ਉਨ੍ਹਾਂ ਨੂੰ ਭਗੌੜਾ ਕਰਾਰ ਦਿੱਤੇ ਜਾਣ ਤੋਂ ਬਾਅਦ ਲੁਧਿਆਣਾ ਪੁਲਿਸ ਵੱਲੋਂ ਇੱਕ ਹੋਰ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਕਾਰਵਾਈ ਉਨ੍ਹਾਂ ਵੱਲੋਂ ਅਦਾਲਤ ਵਿੱਚ ਸਮੇਂ ਸਿਰ ਹਾਜ਼ਰ ਨਾ ਹੋਣ ਕਰਕੇ ਕੀਤੀ ਗਈ ਹੈ। ਅਦਾਲਤ ਦੀਆਂ ਹਦਾਇਤਾਂ ਉੱਤੇ ਉਨ੍ਹਾਂ ਵਿਰੁੱਧ ਥਾਣਾ ਡਵੀਜ਼ਨ ਨੰਬਰ ਛੇ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਜਬਰ ਜਨਾਹ ਦੇ ਮਾਮਲੇ ‘ਚ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਸਿਮਰਜੀਤ ਸਿੰਘ ਬੈਂਸ ਸਮੇਤ ਸੱਤ ਵਿਅਕਤੀਆਂ ਖ਼ਿਲਾਫ਼ ਪੁਲਿਸ ਨੇ ਅਦਾਲਤ ‘ਚ ਪੇਸ਼ ਨਾ ਹੋਣ ਦੇ ਮਾਮਲੇ ‘ਚ ਅਪਰਾਧਿਕ ਮਾਮਲਾ ਦਰਜ ਕੀਤਾ ਹੈ। ਨਾਮਜ਼ਦ ਦੋਸ਼ੀਆਂ ‘ਚ ਦੋ ਔਰਤਾਂ ਅਤੇ ਬੈਂਸ ਦੇ ਦੋ ਭਰਾ ਵੀ ਸ਼ਾਮਿਲ ਹਨ। ਬੀਤੇ ਦਿਨ ਅਦਾਲਤ ਵਲੋਂ ਬੈਂਸ ਨੂੰ ਭਗੌੜਾ ਕਰਾਰ ਦਿੱਤੇ ਜਾਣ ਤੋਂ ਬਾਅਦ ਪੁਲਿਸ ਵਲੋਂ ਅਦਾਲਤ ‘ਚ ਪੇਸ਼ ਨਾ ਹੋਣ ਦੇ ਮਾਮਲੇ ‘ਚ ਇਹ ਕਾਰਵਾਈ ਕੀਤੀ ਗਈ ਹੈ। ਪੁਲਿਸ ਵਲੋਂ ਇਨ੍ਹਾਂ ਸਾਰਿਆਂ ਨੂੰ ਧਾਰਾ 174 ਏ ਤਹਿਤ ਨਾਮਜ਼ਦ ਕੀਤਾ ਗਿਆ। ਬੈਂਸ ਅਤੇ ਉਨ੍ਹਾਂ ਦੇ ਵੱਡੇ ਭਰਾ ਬਲਵਿੰਦਰ ਸਿੰਘ ਬੈਂਸ ਵੱਲੋਂ ਲੋਕ ਇਨਸਾਫ਼ ਪਾਰਟੀ ਦਾ ਗਠਨ ਕੀਤਾ ਗਿਆ ਸੀ ਅਤੇ ਉਹ ਦੋ ਵਾਰ ਲੁਧਿਆਣਾ ਤੋਂ ਵਿਧਾਇਕ ਚੁਣੇ ਗਏ ਸਨ। ਇਸ ਵਾਰ ਆਪ ਦੀ ਹਨੇਰੀ ਬੈਂਸ ਭਰਾਵਾਂ ਨੂੰ ਵੀ ਰੋੜ ਕੇ ਲੈ ਗਈ। ਬੈਂਸ ਨੂੰ ਉਦੋਂ ਪਹਿਲੀ ਵਾਰ ਵੱਡਾ ਝਟਕਾ ਲੱਗਾ ਸੀ ਜਦੋਂ ਉਨ੍ਹਾਂ ਵਿਰੁੱਧ ਇੱਕ ਔਰਤ ਨੇ ਕਥਿਤ ਬਲਾਤਕਾਰ ਦੇ ਦੋਸ਼ ਲਾ ਦਿੱਤੇ ਸਨ। ਔਰਤ ਨੇ ਲੁਧਿਆਣਾ ਵਿੱਚ ਬੈਂਸ ਦੀ ਗ੍ਰਿਫਤਾਰੀ ਨੂੰ ਲੈ ਕੇ ਧਰਨਾ ਵੀ ਦਿੱਤਾ ਸੀ। ਬੈਂਸ ਪੁਲਿਸ ਦੀ ਗ੍ਰਿਫਤਾਰੀ ਤੋਂ ਬਚਣ ਲਈ ਅੱਜਕੱਲ੍ਹ ਭਗੌੜੇ ਚੱਲ ਰਹੇ ਹਨ।