Punjab

ਨਵਜੰਮੇ ਬੱਚਿਆਂ ਦੀ ਤਸਕਰੀ ਕਰਨ ਵਾਲਾ ਗਰੋਹ ਕਾਬੂ , ਕਬਜ਼ੇ ਵਿੱਚੋਂ 5 ਦਿਨਾਂ ਦੀ ਬੱਚੀ ਬਰਾਮਦ

Newborn trafficking gang exposed

ਮੁਹਾਲੀ : ਸੋਹਾਣਾ ਪੁਲੀਸ ਨੇ ਨਵਜੰਮੇ ਬੱਚੇ ਦੀ ਤਸਕਰੀ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ ਦੋ ਔਰਤਾਂ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਜ ਇੱਥੇ ਡੀਐੱਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੁਲਜ਼ਮਾਂ ਨੇ ਬੀਤੇ ਦਿਨੀਂ ਫਰੀਦਕੋਟ ’ਚੋਂ ਇਕ ਬੱਚੀ ਚੋਰੀ ਕੀਤੀ ਸੀ। ਮੁਲਜ਼ਮਾਂ ਨੇ ਬੱਚੀ ਨੂੰ ਖਿਡਾਉਣ ਤੇ ਉਸ ਨਾਲ ਫੋਟੋ ਖਿਚਵਾਉਣ ਲਈ ਮਾਪਿਆਂ ਤੋਂ ਆਪਣੀ ਗੋਦ ਵਿੱਚ ਲੈ ਲਈ ਸੀ ਅਤੇ ਬਾਅਦ ਵਿੱਚ ਅਚਾਨਕ ਮਾਪਿਆਂ ਨੂੰ ਝਕਾਨੀ ਦੇ ਕੇ ਫਰਾਰ ਹੋ ਗਏ।

ਉਨ੍ਹਾਂ  ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਸੋਹਾਣਾ ਥਾਣਾ ਦੇ ਐਸਐਚਓ ਇੰਸਪੈਕਟਰ ਗੁਰਚਰਨ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਚਰਨਵੀਰ ਸਿੰਘ ਅਤੇ ਸਾਕਸ਼ੀ (ਦੋਵੇਂ ਵਾਸੀ ਪਟਿਆਲਾ) ਅਤੇ ਮਨਜਿੰਦਰ ਸਿੰਘ ਤੇ ਪਰਵਿੰਦਰ ਕੌਰ (ਦੋਵੇਂ ਵਾਸੀ ਫਰੀਦਕੋਟ) ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਮਹਿਜ਼ 5 ਦਿਨ ਦੀ ਨਵਜੰਮੀ ਬੱਚੀ ਨੂੰ ਬਰਾਮਦ ਕੀਤਾ ਗਿਆ ਹੈ।

ਇਸ ਸਬੰਧੀ ਸੋਹਾਣਾ ਥਾਣੇ ਵਿੱਚ ਮੁਲਜ਼ਮਾਂ ਖ਼ਿਲਾਫ਼ ਧਾਰਾ 370 (5), 120 ਬੀ ਅਤੇ ਜੂਵੈਨਾਈਲ ਜਸਟਿਸ ਪ੍ਰੋਟੈਕਸ਼ਨ ਆਫ਼ ਚਿਲਡਰਨ ਐਕਟ 2015 ਦੀ ਧਾਰਾ 81 ਅਧੀਨ ਪਰਚਾ ਦਰਜ ਕੀਤਾ ਹੈ। ਡੀਐਸਪੀ ਬੱਲ ਨੇ ਦੱਸਿਆ ਕਿ ਮੁੱਢਲੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗਰੋਹ ਦੇ ਮੈਂਬਰ ਵੱਖ-ਵੱਖ ਥਾਵਾਂ ਤੋਂ ਨਵਜੰਮੇ ਬੱਚੇ ਚੋਰੀ ਕਰਕੇ ਅਜਿਹੇ ਲੋਕਾਂ ਨੂੰ ਵੇਚ ਦਿੰਦੇ ਸਨ, ਜਿਨ੍ਹਾਂ ਦੇ ਕੋਈ ਔਲਾਦ ਨਹੀਂ ਸੀ ਹੁੰਦੀ। ਉਨ੍ਹਾਂ ਕਿਹਾ ਕਿ ਹੁਣ ਪੁਲੀਸ ਇਹ ਪਤਾ ਲਗਾਉਣ ਵਿੱਚ ਜੁੱਟ ਗਈ ਹੈ ਕਿ ਉਕਤ ਗਰੋਹ ਦੇ ਮੈਂਬਰਾਂ ਨੇ ਹੁਣ ਤੱਕ ਕਿੰਨੇ ਬੱਚਿਆਂ ਦੀ ਤਸਕਰੀ ਕੀਤੀ ਹੈ ਅਤੇ ਉਨ੍ਹਾਂ ਬੱਚਿਆ ਦੇ ਅਸਲ ਮਾਤਾ ਪਿਤਾ ਕੌਣ ਹਨ ਅਤੇ ਇਹ ਬੱਚੇ ਕਿੱਥੇ ਕਿੱਥੇ ਸਪਲਾਈ ਕੀਤੇ ਗਏ ਹਨ।