Punjab

ਫੈਕਟਰੀ ਦੀ ਕੰਧ ’ਤੇ ਕੋਈ ਛੱਡ ਗਿਆ ਨਵਜਾਤ ਬੱਚੀ! ਝੁੱਗੀ-ਝੋਪੜੀ ਵਾਲਿਆਂ ਚੁੱਕੀ, ਨਰਸ ਨੇ ਲਈ ਗੋਦ

Newborn Baby Girl Found Hanging on Wall in Samrala Hospital

ਖੰਨਾ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕਿਸੇ ਮਾਂ ਨੇ 9 ਮਹੀਨੇ ਤਕ ਬੱਚੇ ਨੂੰ ਆਪਣੇ ਪੇਟ ਅੰਦਰ ਪਾਲ਼ਿਆ ਤੇ ਫਿਰ ਜਨਮ ਦਿੰਦਿਆਂ ਹੀ ਉਸ ਨੂੰ ਲਾਵਾਰਿਸ ਬਣਾ ਕੇ ਕਿਸੇ ਫੈਕਟਰੀ ਦੀ ਕੰਧ ਕੋਲ ਛੱਡ ਦਿੱਤਾ। ਮਾਪਿਆਂ ਵੱਲੋਂ ਨਕਾਰੀ ਇਸ ਬੱਚੀ ਦੀ ਕਿਸਮਤ ਇਸ ਨੂੰ ਹਸਪਤਾਲ ਲੈ ਗਈ ਜਿੱਥੇ ਇੱਕ ਬੇਔਲਾਦ ਨਰਸ ਨੇ ਇਸ ਨੂੰ ਗੋਦ ਲੈ ਲਿਆ ਹੈ। ਇੱਕ ਬੱਚੇ ਦੀ ਕੀਮਤ ਉਹ ਮਾਂ ਸਮਝ ਸਕਦੀ ਹੈ ਜਿਸ ਨੂੰ ਰੱਬ ਨੇ ਉਹ ਮਾਂ ਬਣਨ ਦੀ ਨਿਆਮਤ ਨਹੀਂ ਦਿੱਤੀ।

ਇਹ ਘਟਨਾ ਜ਼ਿਲ੍ਹਾ ਖੰਨਾ ਦੇ ਅਧੀਨ ਪੈਂਦੇ ਥਾਣਾ ਸਮਰਾਲਾ ਦੇ ਕਟਾਣੀ ਇਲਾਕੇ ਦੀ ਹੈ। ਬੱਚੀ ਨੂੰ ਰੋਂਦਾ ਦੇਖ ਕੇ ਨੇੜੇ ਹੀ ਰਹਿੰਦੀ ਇੱਕ ਪ੍ਰਵਾਸੀ ਔਰਤ ਉਸ ਨੂੰ ਸਿਵਲ ਹਸਪਤਾਲ ਸਮਰਾਲਾ ਲੈ ਗਈ। ਉੱਥੇ ਦਾ ਮਾਹੌਲ ਉਸ ਸਮੇਂ ਭਾਵੁਕ ਹੋ ਗਿਆ ਜਦੋਂ ਇੱਕ ਬੇਔਲਾਦ ਸਟਾਫ ਨਰਸ ਨੇ ਇੱਕ ਲੜਕੀ ਨੂੰ ਗੋਦ ਲੈਣ ਦਾ ਫੈਸਲਾ ਕਰ ਲਿਆ।

ਪਰਵਾਸੀ ਮਹਿਲਾ ਅਰੁਣਾ ਦੇਵੀ ਨੇ ਦੱਸਿਆ ਕਿ ਉਹ ਕਟਾਣੀ ਨੇੜੇ ਇੱਕ ਫੈਕਟਰੀ ਵਿੱਚ ਕੰਮ ਕਰਦੀ ਹੈ। ਆਪਣੇ ਪਰਿਵਾਰ ਨਾਲ ਨੇੜੇ ਹੀ ਰਹਿੰਦੀ ਹੈ। ਜਦੋਂ ਉਹ ਸਵੇਰੇ ਉੱਠ ਕੇ ਆਪਣੇ ਪੁੱਤਰ ਨੂੰ ਦਾਤਣ ਲਿਆਉਣ ਲਈ ਕਿਹਾ ਤਾਂ ਉਸ ਦੇ ਲੜਕੇ ਨੇ ਕਿਹਾ ਕਿ ਕੰਧ ’ਤੇ ਬੱਚਾ ਪਿਆ ਹੋਇਆ ਹੈ।

ਪਹਿਲਾਂ ਉਸ ਨੇ ਸੋਚਿਆ ਕਿ ਸ਼ਾਇਦ ਕਿਸੇ ਪੰਛੀ ਦਾ ਬੱਚਾ ਹੋਵੇਗਾ। ਉਹ ਹੈਰਾਨ ਰਹਿ ਗਈ ਜਦੋਂ ਉਸਦਾ ਬੇਟਾ ਆਪਣੀ ਗੋਦੀ ਵਿੱਚ ਬੱਚੇ ਨੂੰ ਲੈ ਕੇ ਉਸ ਦੇ ਕੋਲ ਆਇਆ। ਬੱਚੀ ਨੂੰ ਰੋਂਦੇ ਦੇਖ ਉਹ ਤੁਰੰਤ ਸਮਰਾਲਾ ਦੇ ਸਿਵਲ ਹਸਪਤਾਲ ਪੁੱਜੇ। ਉਥੇ ਡਾਕਟਰਾਂ ਨੇ ਬੱਚੀ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਬੱਚਿਆਂ ਦੇ ਵਾਰਡ ’ਚ ਦਾਖ਼ਲ ਕਰਵਾਇਆ।

ਸਿਵਲ ਹਸਪਤਾਲ ਵਿੱਚ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾਕਟਰ ਰਮਨ ਨੇ ਦੱਸਿਆ ਕਿ ਲੜਕੀ ਦੀ ਉਮਰ 8 ਮਹੀਨੇ ਹੈ। ਡਿਲਿਵਰੀ ਸਮੇਂ ਤੋਂ ਪਹਿਲਾਂ ਕੀਤੀ ਗਈ ਸੀ। ਲੜਕੀ ਦਾ ਨਾੜੂ ਵੀ ਨਹੀਂ ਕੱਟਿਆ ਗਿਆ ਸੀ। ਫਿਲਹਾਲ ਬੱਚੀ ਨੂੰ ਕੁਝ ਦਿਨਾਂ ਤੱਕ ਡਾਕਟਰਾਂ ਦੀ ਨਿਗਰਾਨੀ ’ਚ ਬੱਚਿਆਂ ਦੇ ਵਾਰਡ ’ਚ ਰੱਖਿਆ ਜਾਵੇਗਾ। ਪੂਰੀ ਰਿਕਵਰੀ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਇਕ ਪਾਸੇ ਬੱਚੀ ਨੂੰ ਜਨਮ ਦੇਣ ਵਾਲੀ ਮਾਂ ਨੇ ਉਸ ਨੂੰ ਛੱਡ ਦਿੱਤਾ, ਉਥੇ ਹੀ ਦੂਜੇ ਪਾਸੇ ਹਸਪਤਾਲ ਦੀ ਸਟਾਫ ਨਰਸ ਨੇ ਬੱਚੀ ਨੂੰ ਗੋਦ ਲੈਣ ਦਾ ਫੈਸਲਾ ਕੀਤਾ, ਜੋ ਕਦੀ ਮਾਂ ਨਹੀਂ ਬਣ ਸਕਦੀ। ਉਸ ਦੀਆਂ ਅੱਖਾਂ ਵਿਚੋਂ ਖੁਸ਼ੀ ਦੇ ਹੰਝੂ ਵਹਿਣ ਲੱਗੇ। ਸਟਾਫ ਨਰਸ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਦਾ ਆਪਣਾ ਕੋਈ ਬੱਚਾ ਨਹੀਂ ਹੈ। ਉਹ ਕਰੀਬ 20 ਸਾਲਾਂ ਤੋਂ ਬੱਚਾ ਪੈਦਾ ਕਰਨ ਦੀ ਇੱਛਾ ਨਾਲ ਆਪਣਾ ਜੀਵਨ ਬਤੀਤ ਕਰ ਰਹੀ ਹੈ। ਅੱਜ ਰੱਬ ਨੇ ਉਸ ਨੂੰ ਇਕ ਬੱਚਾ ਦਿੱਤਾ ਹੈ, ਜਿਸ ਦਾ ਉਹ ਬੜੀ ਖ਼ੁਸ਼ੀ ਨਾਲ ਪਾਲਣ-ਪੋਸ਼ਣ ਕਰੇਗੀ।

ਇਹ ਵੀ ਪੜ੍ਹੋ – ‘ਆਪ’ ਨੂੰ ਮਿਲਿਆ ਬਲ, ਲੁਧਿਆਣਾ ‘ਚ ਵੱਡੀ ਲੀਡਰ ਪਾਰਟੀ ‘ਚ ਹੋਈ ਸ਼ਾਮਲ