ਬਿਉਰੋ ਰਿਪੋਰਟ: ਚੀਨ ਵਿੱਚ ਇੱਕ ਨਵੇਂ ਵਾਇਰਸ ਦੀ ਖੋਜ ਹੋਈ ਹੈ ਜਿਸ ਨਾਲ ਇੱਕ ਵਾਰ ਫਿਰ ਚੁਫ਼ੇਰੇ ਡਰ ਫੈਲ ਗਿਆ ਹੈ। ਇਸ ਵਾਇਰਸ ਨੂੰ ‘ਵੈਟਲੈਂਡ ਵਾਇਰਸ’ ਯਾਨੀ ‘WELV’ ਨਾਮ ਦਿੱਤਾ ਗਿਆ ਹੈ, ਜੋ ਟਿੱਕ ਦੇ ਕੱਟਣ ਨਾਲ ਮਨੁੱਖਾਂ ਵਿੱਚ ਫੈਲ ਸਕਦਾ ਹੈ। ਦੂਜੇ ਵਾਇਰਸਾਂ ਦੇ ਮੁਕਾਬਲੇ ਇਸ ਨੂੰ ਜ਼ਿਆਦਾ ਖ਼ਤਰਨਾਕ ਕਿਹਾ ਜਾਂਦਾ ਹੈ ਕਿਉਂਕਿ ਇਹ ਸਿੱਧਾ ਦਿਮਾਗ ’ਤੇ ਹਮਲਾ ਕਰਦਾ ਹੈ ਜਿਸ ਕਾਰਨ ਮਰੀਜ਼ ਕੋਮਾ ’ਚ ਚਲਾ ਜਾਂਦਾ ਹੈ।
ਇਸ ਵਾਇਰਸ ਦੀ ਪਹਿਲੀ ਵਾਰ ਜੂਨ 2019 ਵਿੱਚ ਚੀਨ ਦੇ ਜਿਨਝੂ ਸ਼ਹਿਰ ਦੇ ਇੱਕ 61 ਸਾਲਾ ਮਰੀਜ਼ ਵਿੱਚ ਪਛਾਣ ਕੀਤੀ ਗਈ ਸੀ। ਜੋ ਅੰਦਰੂਨੀ ਮੰਗੋਲੀਆ ਦੇ ਗਿੱਲੇ ਖੇਤਰਾਂ ਵਿੱਚ ਟਿੱਕਾਂ ਦੇ ਕੱਟਣ ਤੋਂ ਪੰਜ ਦਿਨਾਂ ਬਾਅਦ ਬਿਮਾਰ ਹੋ ਗਿਆ ਸੀ। ਇਸ ਬੁਖ਼ਾਰ ਵਿੱਚ ਮਰੀਜ਼ ਵਿੱਚ ਪਹਿਲਾਂ ਬੁਖ਼ਾਰ, ਸਿਰ ਦਰਦ, ਚੱਕਰ ਆਉਣੇ ਅਤੇ ਉਲਟੀਆਂ ਵਰਗੇ ਲੱਛਣ ਦਿਖਾਈ ਦਿੰਦੇ ਹਨ।
ਹਾਲਾਂਕਿ ਅਜੇ ਤੱਕ ਇਸ ਵਾਇਰਸ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਕਿਹਾ ਜਾ ਰਿਹਾ ਹੈ ਕਿ ਇਸ ਬੁਖ਼ਾਰ ਦਾ ਅਸਰ ਦਿਮਾਗ ’ਤੇ ਸਭ ਤੋਂ ਜ਼ਿਆਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਇਸ ਵਾਇਰਸ ਨਾਲ ਸੰਕਰਮਿਤ ਇਕ ਮਰੀਜ਼ ਕੋਮਾ ’ਚ ਵੀ ਚਲਾ ਗਿਆ ਹੈ।
ਭਾਰਤ ’ਤੇ WELV ਦਾ ਪ੍ਰਭਾਵ
ਮਹਾਂਮਾਰੀ ਵਿਗਿਆਨੀ ਡਾ: ਜੁਗਲ ਕਿਸ਼ੋਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਵਾਇਰਸ ਚੀਨ ਵਿੱਚ ਪਹਿਲਾਂ ਵੀ ਆਉਂਦੇ ਰਹੇ ਹਨ। ਇਹ ਵਾਇਰਸ ਕੀੜਿਆਂ ਤੋਂ ਮਨੁੱਖਾਂ ਤੱਕ ਫੈਲਦੇ ਹਨ। ਅਜਿਹੇ ਵਾਇਰਸ ਦਿਮਾਗ ’ਤੇ ਹਮਲਾ ਕਰਦੇ ਹਨ। ਹਾਲਾਂਕਿ ਚੀਨ ’ਚ ਪਾਏ ਗਏ ਵੈਟਲੈਂਡ ਵਾਇਰਸ ਕਾਰਨ ਭਾਰਤ ’ਚ ਘਬਰਾਉਣ ਦੀ ਲੋੜ ਨਹੀਂ ਹੈ।
ਦਿਮਾਗ ਨੂੰ ਕਰਦਾ ਹੈ ਪ੍ਰਭਾਵਿਤ
ਚੂਹਿਆਂ ’ਤੇ ਕੀਤੇ ਪ੍ਰਯੋਗਾਂ ਨੇ ਦਿਖਾਇਆ ਹੈ ਕਿ WELV ਘਾਤਕ ਲਾਗਾਂ ਦਾ ਕਾਰਨ ਬਣ ਸਕਦਾ ਹੈ ਅਤੇ ਸੰਭਾਵੀ ਤੌਰ ’ਤੇ ਦਿਮਾਗੀ ਪ੍ਰਣਾਲੀ ਨੂੰ ਪ੍ਰਭਾਵਤ ਕਰ ਸਕਦਾ ਹੈ। ਕੁਝ ਮਾਮਲਿਆਂ ਵਿੱਚ ਇਹ ਹਲਕਾ ਹੁੰਦਾ ਹੈ ਅਤੇ ਦੂਜਿਆਂ ਵਿੱਚ ਇਹ ਬਹੁਤ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦਾ ਹੈ ਅਤੇ ਖਾਸ ਤੌਰ ’ਤੇ ਇਹ ਦਿਮਾਗ ਨਾਲ ਸਬੰਧਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।
ਇਸ ਤੋਂ ਇਲਾਵਾ ਖੋਜਕਰਤਾਵਾਂ ਨੇ ਵੱਖ-ਵੱਖ ਖੇਤਾਂ ਤੋਂ ਜਾਨਵਰਾਂ ’ਚ ਪਾਏ ਜਾਣ ਵਾਲੇ 125 ਵਾਇਰਸਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ’ਚੋਂ 36 ਵਾਇਰਸ ਨਵੇਂ ਦੱਸੇ ਜਾਂਦੇ ਹਨ, ਜਿਨ੍ਹਾਂ ਬਾਰੇ ਵਿਗਿਆਨੀ ਅਜੇ ਤੱਕ ਅਣਜਾਣ ਹਨ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਨ੍ਹਾਂ ’ਚੋਂ 39 ਵਾਇਰਸ ਅਜਿਹੇ ਹਨ ਜੋ ਜਾਨਵਰ ਤੋਂ ਜਾਨਵਰ ਅਤੇ ਫਿਰ ਇਨਸਾਨਾਂ ’ਚ ਫੈਲ ਸਕਦੇ ਹਨ, ਜਿਸ ਨਾਲ ਗੰਭੀਰ ਬੀਮਾਰੀ ਹੋ ਸਕਦੀ ਹੈ।
ਹਾਲਾਂਕਿ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਇਹ ਕਿੰਨੀ ਸੰਕਰਮਣ ਫੈਲਾਉਂਦੇ ਹਨ, ਪਰ ਚੀਨ ਇਨ੍ਹਾਂ ਨਵੇਂ ਵਾਇਰਸਾਂ ’ਤੇ ਨਜ਼ਰ ਰੱਖ ਰਿਹਾ ਹੈ ਤਾਂ ਜੋ ਇਹ ਕੋਰੋਨਾ ਵਾਂਗ ਘਾਤਕ ਸਾਬਤ ਨਾ ਹੋਣ।