India

ਹਰਿਆਣਾ ADGP ਖ਼ੁਦਕੁਸ਼ੀ ਮਾਮਲੇ ’ਚ ਨਵਾਂ ਮੋੜ, ASI ਨੇ ਵੀ ਕੀਤੀ ਜੀਵਨ ਲੀਲਾ ਸਮਾਪਤ, ਕੀਤਾ ਵੱਡਾ ਖ਼ੁਲਾਸਾ

ਬਿਊਰੋ ਰਿਪੋਰਟ (ਰੋਹਤਕ, 14 ਅਕਤੂਬਰ 2025): ਹਰਿਆਣਾ ਦੇ ਰੋਹਤਕ ਵਿੱਚ ਸਾਇਬਰ ਸੈੱਲ ਵਿੱਚ ਤਾਇਨਾਤ ASI ਸੰਦੀਪ ਕੁਮਾਰ ਨੇ ਆਪਣੇ ਆਪ ਨੂੰ ਗੋਲ਼ੀ ਮਾਰ ਕੇ ਖੁਦਕੁਸ਼ੀ ਕਰ ਲਈ। ਉਸਦੀ ਲਾਸ਼ ਲਾਢੌਤ ਰੋਡ ’ਤੇ ਖੇਤਾਂ ਵਿੱਚ ਬਣੇ ਇੱਕ ਮਕਾਨ ਤੋਂ ਬਰਾਮਦ ਹੋਈ। ਮੌਕੇ ਤੋਂ ਇਕ ਸੁਸਾਈਡ ਨੋਟ ਅਤੇ ਮੌਤ ਤੋਂ ਪਹਿਲਾਂ ਬਣਾਇਆ ਵੀਡੀਓ ਵੀ ਮਿਲਿਆ ਹੈ।

ਵੀਡੀਓ ਵਿੱਚ ASI ਨੇ ਮਰਨ ਤੋਂ ਪਹਿਲਾਂ ਮਰਹੂਮ IPS ਅਫ਼ਸਰ ਵਾਈ. ਪੂਰਣ ਕੁਮਾਰ ਅਤੇ ਉਸਦੇ ਗਨਮੈਨ ਸੁਸ਼ੀਲ ਕੁਮਾਰ ‘ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ। ਉਸ ਨੇ ਕਿਹਾ ਕਿ ਕਰਪਸ਼ਨ ਕੇਸ ਵਿੱਚ ਬਦਨਾਮੀ ਦੇ ਡਰ ਕਾਰਨ ਪੂਰਣ ਕੁਮਾਰ ਨੇ ਖੁਦਕੁਸ਼ੀ ਕੀਤੀ ਸੀ, ਕਿਉਂਕਿ ਉਸਨੂੰ ਡਰ ਸੀ ਕਿ ਇਸ ਨਾਲ ਪਰਿਵਾਰ ਦੀ ਰਾਜਨੀਤੀ ਪ੍ਰਭਾਵਿਤ ਹੋਵੇਗੀ। ਹਾਲਾਂਕਿ ਪੁਲਿਸ ਨੇ ਨਾ ਤਾਂ ਸੁਸਾਈਡ ਨੋਟ ਦੀ ਪੁਸ਼ਟੀ ਕੀਤੀ ਹੈ ਤੇ ਨਾ ਹੀ ਵੀਡੀਓ ਦੀ।

ਗੌਰਤਲਬ ਹੈ ਕਿ 6 ਅਕਤੂਬਰ ਨੂੰ ਰੋਹਤਕ ਪੁਲਿਸ ਨੇ IPS ਪੂਰਨ ਕੁਮਾਰ ਦੇ ਗੰਨਮੈਨ ਸੁਸ਼ੀਲ ਕੁਮਾਰ ਨੂੰ ਸ਼ਰਾਬ ਵਪਾਰੀ ਤੋਂ ਰਿਸ਼ਵਤ ਮੰਗਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਸੀ। ਇਸ ਘਟਨਾ ਤੋਂ ਅਗਲੇ ਦਿਨ, 7 ਅਕਤੂਬਰ ਨੂੰ ਪੂਰਨ ਕੁਮਾਰ ਨੇ ਚੰਡੀਗੜ੍ਹ ’ਚ ਆਪਣੇ ਘਰ ’ਚ ਗੋਲ਼ੀ ਮਾਰ ਕੇ ਜੀਵਨ ਸਮਾਪਤ ਕਰ ਲਿਆ ਸੀ।

ਸੰਦੀਪ ਦੇ ਵੀਡੀਓ ਵਿੱਚ ਉਸ ਨੇ ਖ਼ੁਲਾਸਾ ਕੀਤਾ ਕਿ ਇੱਕ ਭ੍ਰਿਸ਼ਟ ਪੁਲਿਸ ਅਧਿਕਾਰੀ ਨੇ 50 ਕਰੋੜ ਰੁਪਏ ਦੀ ਡੀਲ ਰਾਓ ਇੰਦਰਜੀਤ ਨੂੰ ਬਚਾਉਣ ਲਈ ਕੀਤੀ ਸੀ। ਉਸ ਨੇ ਇਹ ਵੀ ਕਿਹਾ ਕਿ ਇਮਾਨਦਾਰ ਅਫ਼ਸਰ ਨਰਿੰਦਰ ਬਿਜਾਰਨੀਆ ਹਮੇਸ਼ਾ ਭ੍ਰਿਸ਼ਟਾਚਾਰ ਦੇ ਖ਼ਿਲਾਫ ਖੜੇ ਰਹੇ, ਪਰ ਉਨ੍ਹਾਂ ਨੂੰ ਤਬਾਦਲਿਆਂ ਰਾਹੀਂ ਹਟਾਇਆ ਗਿਆ।

ਸੰਦੀਪ ਨੇ ਆਪਣੇ ਵੀਡੀਓ ਵਿੱਚ ਕਿਹਾ ਕਿ ਗੰਨਮੈਨ ਸੁਸ਼ੀਲ ਰਿਸ਼ਵਤ ਮੰਗਣ ਦਾ ਕੰਮ ਕਰਦਾ ਸੀ ਅਤੇ ਉਸਦੇ ਨਾਲ ਡਰਾਈਵਰ ਧਰਮਿੰਦਰ ਵੀ ਇਸ ਰਿਸ਼ਵਤਖੋਰੀ ’ਚ ਸ਼ਾਮਲ ਸੀ। ਉਸਨੇ ਮੰਗ ਕੀਤੀ ਕਿ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਹੋਵੇ, ਕਿਉਂਕਿ ਇਹ ਸਿਰਫ਼ ਇੱਕ ਅਫ਼ਸਰ ਦੀ ਮੌਤ ਨਹੀਂ, ਬਲਕਿ ਸਿਸਟੇਮੈਟਿਕ ਭ੍ਰਿਸ਼ਟਾਚਾਰ ਦਾ ਮਾਮਲਾ ਹੈ।

ਇਸ ਘਟਨਾ ਨਾਲ ਹਰਿਆਣਾ ਪੁਲਿਸ ਵਿਭਾਗ ਵਿੱਚ ਹੜਕੰਪ ਮੱਚ ਗਿਆ ਹੈ ਅਤੇ ਉੱਚ ਪੱਧਰ ’ਤੇ ਮਾਮਲੇ ਦੀ ਜਾਂਚ ਜਾਰੀ ਹੈ।