‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੇਂਦਰੀ ਵਿੱਤ ਮੰਤਰਾਲੇ ਨੇ ਪੀਐੱਫ ਖਾਤਿਆਂ ਵਿੱਚ ਜਮਾਂ ਰਕਮ ਦੇ ਬਿਆਜ ਉੱਤੇ ਟੈਕਸ ਲਗਾਉਣ ਲਈ ਨਵੇਂ ਨਿਯਮ ਜਾਰੀ ਕੀਤੇ ਹਨ। ਆਮਦਨ ਕਰ ਕਾਨੂੰਨ ਵਿੱਚ 25ਵੀਂ ਸੋਧ ਤਹਿਤ ਜੋੜੀ ਗਈ ਧਾਰਾ 9ਡੀ ਮੁਤਾਬਿਕ ਪੀਐੱਫ ਖਾਤਿਆਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਸਰਕਾਰ ਨੇ ਫਾਈਨੈਂਸ ਐਕਟ-2021 ਵਿੱਚ ਹੀ ਇਹ ਪ੍ਰਬੰਧ ਜੋੜਿਆ ਸੀ ਕਿ ਢਾਈ ਲੱਖ ਤੋਂ ਉੱਪਰ ਦੇ ਪੀਐੱਫ ਕੰਟ੍ਰੀਬਿਊਸ਼ਨ ਉੱਤੇ ਟੈਕਸ ਲੱਗੇਗਾ। ਇਹ ਨਿਯਮ ਇਸ ਸਾਲ ਇਕ ਅਪ੍ਰੈਲ ਤੋਂ ਲਾਗੂ ਹੋ ਚੁੱਕਿਆ ਹੈ।
ਹੁਣ ਸਰਕਾਰ ਨੇ ਇਹ ਦੱਸਿਆ ਹੈ ਕਿ ਟੈਸਕ ਕਿਸ ਤਰ੍ਹਾਂ ਵਸੂਲ ਕੀਤਾ ਜਾਵੇਗਾ।ਜੇਕਰ ਤੁਸੀਂ ਪੀਐੱਫ ਵਿੱਚ ਸਾਲਾਨਾ ਢਾਈ ਲੱਖ ਤੋਂ ਵੱਧ ਯੋਗਦਾਨ ਦਿੰਦੇ ਹੋ ਤਾਂ ਤੁਹਾਡੇ ਦੋ ਖਾਤੇ ਬਣਨਗੇ।ਇਸ ਵਿੱਚੋਂ ਪਹਿਲੇ ਹਿੱਸੇ ਵਿੱਚ ਸਾਲਾਨਾ ਜਮਾ ਹੋਣ ਵਾਲੀ ਵੱਧ ਤੋਂ ਵੱਧ ਰਕਮ 2 ਲੱਖ 5 ਹਜਾਰ ਰੁਪਏ ਹੋਵੇਗੀ ਜੋ ਕਿ ਟੈਕਸ ਫ੍ਰੀ ਯਾਨੀ ਕਿ ਟੈਕਸ ਰਹਿਤ ਹੋਵੇਗੀ।
ਦੂਜੇ ਹਿੱਸੇ ਵਿੱਚ 2.5 ਲੱਖ ਰੁਪਏ ਤੋਂ ਉਪਰਲੀ ਰਕਮ ਜਮਾਂ ਹੋਵੇਗੀ, ਜਿਸ ਵਿਚ ਮਿਲਣ ਵਾਲਾ ਵਿਆਜ ਟੈਕਸ ਮੁਕਤ ਜਾਂ ਟੈਕਸ ਫ੍ਰੀ ਨਹੀਂ ਹੋਵੇਗੀ। ਇਹ ਰਿਟਰਨ ਭਰਦਿਆਂ ਦੱਸਣਾ ਪਵੇਗਾ। ਇਹ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਦਾ ਇਹ ਕਦਮ ਪੀਐੱਫ ਵਿਭਾਗ ਲਈ ਵੱਡੀ ਮੁਸ਼ਕਿਲ ਸਾਬਿਤ ਹੋਣ ਜਾ ਰਿਹਾ ਹੈ।ਭਾਰਤ ਵਿੱਚ ਇਸ ਸਮੇਂ 24 ਕਰੋੜ ਤੋਂ ਵੀ ਜਿਆਦਾ ਲੋਕਾਂ ਕੋਲ ਪੀਐੱਫ ਦੇ ਖਾਤੇ ਹਨ ਤੇ ਇਸ ਵਿੱਚ 14 ਕਰੋੜ ਲੋਕਾਂ ਦਾ ਯੂਏਐੱਨ ਨੰਬਰ ਹੈ।ਪੀਐੱਫ ਵਿਭਾਗ ਨੂੰ ਇਨ੍ਹਾਂ ਖਾਤਿਆਂ ਨੂੰ ਦੋ ਹਿੱਸਿਆਂ ਵਿੱਚ ਵੰਡ ਤੇ ਵਿਆਜ ਦੇਖਣਾ ਪਵੇਗਾ।