Punjab

ਜ਼ਹਿਰ ਵੰਡਣ ਵਾਲੀ ਫੈਕਟਰੀ ਖਿਲਾਫ਼ ਨਵੇਂ ਖੁਲਾਸੇ…

New revelations against the poison distribution factory...

ਫਿਰੋਜ਼ਪੁਰ : ਜ਼ੀਰਾ ਸ਼ਰਾਬ ਫੈਕਟਰੀ ਨੂੰ ਲੈ ਕੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ ਸਾਹਮਣੇ ਆਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ 19 ਮਈ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਵਿੱਚ ਆਪਣੀ ਰਿਪੋਰਟ ਪੇਸ਼ ਕੀਤੀ। ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਫੈਕਟਰੀ ਦੇ ਆਲੇ-ਦੁਆਲੇ ਦਾ ਪਾਣੀ ਪੀਣ ਲਾਇਕ ਨਹੀਂ ਹੈ ਅਤੇ ਫੈਕਟਰੀ ਦੇ ਅੰਦਰ ਦਾ ਪਾਣੀ ਵੀ ਪੀਣ ਲਾਇਕ ਨਹੀਂ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ 45 ਦਿਨਾਂ ਦੇ ਅੰਦਰ ਬਣਦੀ ਕਾਰਵਾਈ ਕਰਨ ਲਈ ਲਿਖਿਆ ਹੈ।

ਰਿਪੋਰਟ ਮੁਤਾਬਕ “ਕੇਂਦਰੀ ਪ੍ਰਦੂਸ਼ਣ ਬੋਰਡ ਦੀ ਟੀਮ ਵਲੋਂ ਨਿਗਰਾਨੀ ਅਧੀਨ 29 ਬੋਰਵੈਲਾਂ ਵਿੱਚੋਂ 12 ਬੋਰਵੈਲਾਂ ਵਿੱਚ ਬਦਬੂ ਵਾਲਾ ਪਾਣੀ ਆ ਰਿਹਾ ਹੈ ਜਦਕਿ 5 ਬੋਰਵੈੱਲ ਵਿੱਚੋਂ ਬਦਬੂ ਦੇ ਨਾਲ ਅਤੇ ਹਲਕੇ ਗਹਿਰੇ ਜਾਂ ਕਾਲੇ ਰੰਗ ਦਾ ਪਾਣੀ ਆ ਰਿਹਾ ਸੀ। ਇਨ੍ਹਾਂ 29 ਵਿੱਚੋਂ ਕਿਸੇ ਵੀ ਬੋਰਵੈਲ ਦਾ ਪਾਣੀ ਪੀਣ ਯੋਗ ਹੋਣ ਲਈ ਲੋੜੀਂਦੇ ਮਾਪਦੰਡਾ ’ਤੇ ਖਰਾ ਨਹੀਂ ਉਤਰਦਾ, ਨਤੀਜੇ ਵਜੋਂ ਇਸ ਪਾਣੀ ਦੀ ਪੀਣ ਲਈ ਜਾਂ ਫ਼ਿਰ ਸਿੰਚਾਈ ਲਈ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ।”

ਰਿਪੋਰਟ ਵਿੱਚ ਪਾਇਆ ਗਿਆ ਕਿ ਜ਼ੀਰਾ ਇਲਾਕੇ ਦੇ ਤਿੰਨ ਪਿੰਡਾਂ ਮਨਸੂਰਵਾਲ, ਮਹੀਆਂਵਾਲਾ ਕਲਾਂ ਅਤੇ ਰਟੋਲ ਰੋਹੀ ਵਿੱਚ ਜ਼ਮੀਨੀ ਪਾਣੀ ਜ਼ਹਿਰੀਲੇ ਤੱਤਾਂ ਤੇ ਧਾਤੂਆਂ ਤੋਂ ਪ੍ਰਭਾਵਿਤ ਹੈ। ਪਾਣੀ ਵਿੱਚ ਸੇਲੇਨੀਅਮ, ਮੈਂਗਨੀਜ਼ ਅਤੇ ਆਇਰਨ ਦਾ ਗਾੜ੍ਹਾਪਣ ਵਰਗੇ ਤੱਤ ਸਹਿਣਯੋਗ ਮਾਤਰਾਂ ਤੋਂ ਵੱਧ ਪਾਏ ਗਏ ਹਨ।

ਸਥਾਨਕ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜਿਹੜੇ ਜਿਹੜੇ ਇਲਾਕੇ ਵਿੱਚ ਇਹ ਜ਼ਹਿਰੀਲਾ ਪਾਣੀ ਹੈ, ਪੀਣ ਲਾਈਕ ਪਾਣੀ ਨਹੀਂ ਹੈ, ਉੱਥੇ ਯਕੀਨੀ ਬਣਾਇਆ ਜਾਵੇ ਕਿ ਉਹ ਪਾਣੀ ਕਿਸੇ ਘਰ ਵਿੱਚ ਵਰਤਿਆ ਨਾ ਜਾਵੇ। ਇਸ ਪਾਣੀ ਨਾਲ ਲੋਕਾਂ, ਫਸਲਾਂ ਉੱਤੇ ਕੀ ਪ੍ਰਭਾਵ ਪਿਆ ਹੈ, ਉਸਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।

ਪਿੰਡ ਰਟੋਲ ਰੋਹੀ ਵਿਖੇ ਸਥਿਤ ਬੋਰਵੈੱਲ ਵਿੱਚ ਸਾਇਨਾਈਡ ਦੇ ਗਾੜ੍ਹੇਪਣ ਦੀ ਮੌਜੂਦਗੀ 0.2 ਮਿਲੀਗ੍ਰਾਮ ਮਿਲੀ ਹੈ ਜੋ ਕਿ ਨਿਰਧਾਰਿਤ ਸੀਮਾ ਤੋਂ ਚਾਰ ਗੁਣਾ ਵੱਧ ਹੈ ਅਤੇ ਚਿੰਤਾ ਦਾ ਵਿਸ਼ਾ ਹੈ। ਇਸ ਸਬੰਧ ਵਿੱਚ, ਕੇਂਦਰੀ ਪ੍ਰਦੂਸ਼ਣ ਬੋਰਡ ਦੀ ਟੀਮ ਨੇ ਉਦਯੋਗ ਵਿੱਚ ਲਗਾਏ ਗਏ 10 ਬੋਰਵੈੱਲਾਂ ਅਤੇ 06 ਪੀਜ਼ੋਮੀਟਰਾਂ ਦੀ ਮੌਕੇ ‘ਤੇ ਜਾਂਚ ਕੀਤੀ ਸੀ।
ਇਹ ਰਿਪੋਰਟ ਚੰਡੀਗੜ੍ਹ ਸਥਿਤ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਧੀਕ ਨਿਰਦੇਸ਼ਕ ਵਿਗਿਆਨੀ ਡਾਕਟਰ ਨਰਿੰਦਰ ਸ਼ਰਮਾ ਵੱਲੋਂ ਤਿਆਰ ਕੀਤੀ ਗਈ ਸੀ।

ਮਾਲਬਰੋਸ ਫੈਕਟਰੀ ਜਿਸ ਨੂੰ ਪ੍ਰਦੂਸ਼ਣ ਕਰਨ ਦੇ ਇਲਜ਼ਾਮਾਂ ਕਾਰਨ ਬੰਦ ਕੀਤਾ ਗਿਆ ਹੈ ਅਤੇ ਜਿਸ ਦਾ ਮੁੜ ਤੋਂ ਪੱਖ਼ ਸੁਣਨ ਲਈ ਪੰਜਾਬ ਸਰਕਾਰ ਨੂੰ ਅਦਾਲਤ ਵਲੋਂ ਹੁਕਮ ਦਿੱਤੇ ਗਏ , ਨੇ ਨਵੀਂ ਰਿਪੋਰਟ ਬਾਰੇ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਫੈਕਰਟਰੀ ਨੇ ਪ੍ਰਦੂਸ਼ਣ ਕਰਨ ਸਬੰਧੀ ਸਾਰੇ ਇਲਜ਼ਾਮਾਂ ਨੂੰ ਰੱਦ ਕੀਤਾ ਸੀ, ਪਰ ਹੁਣ ਨਵੀਂ ਰਿਪੋਰਟ ਆਉਣ ਤੋਂ ਬਾਅਦ ਹਾਲੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਜ਼ਿਲ੍ਹਾ ਫ਼ਿਰੋਜ਼ਪੁਰ ਅਧੀਨ ਪੈਂਦੇ ਪਿੰਡ ਮਨਸੂਰਵਾਲ ਕਲਾਂ ‘ਚ ਲੱਗੀ ਇਸ ਸ਼ਰਾਬ ਫ਼ੈਕਟਰੀ ਖ਼ਿਲਾਫ਼ ਇਲਾਕੇ ਦੇ 40 ਪਿੰਡਾਂ ਦੇ ਲੋਕਾਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ ਸਾਲ ਤੋਂ ਵਿਰੋਧ-ਪ੍ਰਦਰਸ਼ਨ ਕੀਤਾ ਗਿਆ ਸੀ। ਇਲਾਕੇ ਦੇ ਲੋਕਾਂ ਦਾ ਇਲਜ਼ਾਮ ਹੈ ਕਿ ਫ਼ੈਕਟਰੀ ਦੇ ਪ੍ਰਦੂਸ਼ਣ ਕਾਰਨ ਜ਼ਮੀਨਦੋਜ਼ ਪਾਣੀ ਦੂਸ਼ਿਤ ਹੋ ਰਿਹਾ ਹੈ ਅਤੇ ਇਸ ਦਾ ਅਸਰ ਉਨ੍ਹਾਂ ਦੀ ਸਿਹਤ ਉੱਤੇ ਪੈ ਰਿਹਾ ਹੈ। ਜਿਸ ਤੋਂ ਬਾਅਦ 17 ਜਨਵਰੀ 2023 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ੀਰਾ ਸ਼ਰਾਬ ਫ਼ੈਕਟਰੀ ਬੰਦ ਕਰਨ ਦਾ ਐਲਾਨ ਕੀਤਾ ਸੀ। ਜ਼ੀਰਾ ਸ਼ਰਾਬ ਫੈਕਟਰੀ ਦੇ ਮਾਮਲੇ ਨਾਲ ਸਬੰਧਿਤ ਵੱਖ ਵੱਖ ਪਟੀਸ਼ਨਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿਚਾਰ ਅਧੀਨ ਹੈ।