India Punjab

ਸਾਬਕਾ DIG ਭੁੱਲਰ ਕੇਸ ’ਚ ਨਵਾਂ ਖ਼ੁਲਾਸਾ- ਸਬ-ਇੰਸਪੈਕਟਰ ਨੂੰ ਬਣਾਇਆ ਸੀ ਕੇਅਰਟੇਕਰ, CBI ਰੇਡ ਮਗਰੋਂ ਫ਼ਰਾਰ

ਬਿਊਰੋ ਰਿਪੋਰਟ (27 ਅਕਤੂਬਰ, 2025): ਪੰਜਾਬ ਪੁਲਿਸ ਦੇ ਮੁਅੱਤਲ (Suspended) DIG ਹਰਚਰਨ ਸਿੰਘ ਭੁੱਲਰ ਦੀ ਰਿਸ਼ਵਤ ਕੇਸ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਬਾਰੇ ਰੋਜ਼ ਨਵੇਂ ਖ਼ੁਲਾਸੇ ਹੋ ਰਹੇ ਹਨ। ਲੁਧਿਆਣਾ ਦੇ ਪਿੰਡ ਮੰਡ ਸ਼ੇਰੀਆਂ ਵਿੱਚ ਬਣੇ ਆਪਣੇ ਫਾਰਮ ਹਾਊਸ ਵਿੱਚ ਭੁੱਲਰ ਨੇ ਪੰਜਾਬ ਪੁਲਿਸ ਦੇ ਇੱਕ ਸਬ-ਇੰਸਪੈਕਟਰ (SI) ਨੂੰ ਬਤੌਰ ਕੇਅਰਟੇਕਰ ਰੱਖਿਆ ਹੋਇਆ ਸੀ। ਫਾਰਮ ਹਾਊਸ ਨਾਲ ਲੱਗਦੀ ਭੁੱਲਰ ਦੀ 55 ਏਕੜ ਜ਼ਮੀਨ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਇਸੇ ਸਬ-ਇੰਸਪੈਕਟਰ ਦੀ ਸੀ, ਜਿਸਦਾ ਨਾਂ ਦਿਲਬਾਗ ਸਿੰਘ ਦੱਸਿਆ ਗਿਆ ਹੈ।

16 ਅਕਤੂਬਰ ਨੂੰ, ਜਿਸ ਦਿਨ ਚੰਡੀਗੜ੍ਹ ਵਿੱਚ ਭੁੱਲਰ ਦੀ ਕੋਠੀ ਸਬ-ਇੰਸਪੈਕਟ’ਤੇ CBI ਦੀ ਪਹਿਲੀ ਰੇਡ ਪਈ, ਉਸੇ ਦਿਨ ਇਹ ਸਬ-ਇੰਸਪੈਕਟਰ ਫਾਰਮ ਹਾਊਸ ਤੋਂ ਆਪਣਾ ਬੋਰੀਆ-ਬਿਸਤਰਾ ਬੰਨ੍ਹ ਕੇ ਗਾਇਬ ਹੋ ਗਿਆ। ਸਥਾਨਕ ਲੋਕਾਂ ਅਨੁਸਾਰ, ਜਾਂਦੇ ਸਮੇਂ ਉਹ ਇੱਕ ਛੋਟੇ ਟਰੱਕ ਵਿੱਚ ਕੁਝ ਸਾਮਾਨ ਵੀ ਲੱਦ ਕੇ ਲੈ ਗਿਆ ਸੀ। ਇਹ ਸਬ-ਇੰਸਪੈਕਟਰ ਕਿੱਥੇ ਗਿਆ? ਇਸ ਬਾਰੇ ਅਜੇ ਤੱਕ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ।

ਜਦੋਂ 24 ਅਕਤੂਬਰ ਨੂੰ CBI ਦੀ ਟੀਮ ਤਲਾਸ਼ੀ ਲਈ ਫਾਰਮ ਹਾਊਸ ਪਹੁੰਚੀ ਤਾਂ ਉੱਥੇ ਕੁਝ ਨਹੀਂ ਮਿਲਿਆ। ਇੱਥੇ ਲੱਗੇ ਸੀ.ਸੀ.ਟੀ.ਵੀ. ਅਤੇ ਉਨ੍ਹਾਂ ਦਾ ਡੀ.ਵੀ.ਆਰ. ਵੀ ਗਾਇਬ ਸੀ। CBI ਟੀਮ ਨੇ ਸ਼ੱਕ ਜਤਾਇਆ ਹੈ ਕਿ ਇੱਥੋਂ ਸਬੂਤ ਨਸ਼ਟ ਕੀਤੇ ਗਏ ਹਨ।

ਇੱਕ ਸਾਲ ਤੋਂ ਸੀ ਰਖਵਾਲੀ ਕਰ ਰਿਹਾ ਸੀ ਦਿਲਬਾਗ ਸਿੰਘ

ਮੰਡ ਸ਼ੇਰੀਆਂ ਦੇ ਲੋਕ ਕੈਮਰੇ ਸਾਹਮਣੇ ਤਾਂ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ। ਪਰ, ਆਫ-ਕੈਮਰਾ ਉਨ੍ਹਾਂ ਨੇ ਦੱਸਿਆ ਕਿ ਇਸ ਫਾਰਮ ਹਾਊਸ ਵਿੱਚ ਦਿਲਬਾਗ ਨਾਮ ਦਾ ਵਿਅਕਤੀ ਰਹਿੰਦਾ ਸੀ, ਜੋ ਖੁਦ ਨੂੰ ਪੁਲਿਸ ਮਹਿਕਮੇ ਦਾ ਸਬ-ਇੰਸਪੈਕਟਰ ਦੱਸਦਾ ਸੀ। ਉਹ ਇੱਕ ਸਾਲ ਤੋਂ ਇੱਥੇ ਰਹਿ ਰਿਹਾ ਸੀ ਅਤੇ ਕਹਿੰਦਾ ਸੀ ਕਿ DIG ਨੇ ਮੈਨੂੰ ਕੇਅਰਟੇਕਰ ਬਣਾ ਕੇ ਰੱਖਿਆ ਹੈ।

ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਸਬ-ਇੰਸਪੈਕਟਰ ਭੁੱਲਰ ਦੀ 55 ਏਕੜ ਜ਼ਮੀਨ ’ਤੇ ਖੇਤੀਬਾੜੀ ਦਾ ਕੰਮ ਕਰਵਾਉਂਦਾ ਸੀ। ਫਸਲ ਬੀਜਣ ਤੋਂ ਲੈ ਕੇ ਵੇਚਣ ਤੱਕ ਦੀ ਸਾਰੀ ਜ਼ਿੰਮੇਵਾਰੀ ਉਸੇ ਦੀ ਸੀ। ਉਹ ਖੁਦ ਨੂੰ ਭੁੱਲਰ ਦਾ ਨਜ਼ਦੀਕੀ ਦੱਸਦਾ ਸੀ।

ਮਾਛੀਵਾੜਾ-ਰੋਪੜ ਰੋਡ ’ਤੇ 20 ਦੁਕਾਨਾਂ ਵੀ ਦੇਖਦਾ ਸੀ

ਪਿੰਡ ਵਾਸੀਆਂ ਅਨੁਸਾਰ, ਮਾਛੀਵਾੜਾ-ਰੋਪੜ ਰੋਡ ’ਤੇ ਜੋ ਮਾਰਕਿਟ ਹੈ, ਉਸ ਵਿੱਚ ਵੀ ਭੁੱਲਰ ਦੀਆਂ 20 ਦੇ ਕਰੀਬ ਦੁਕਾਨਾਂ ਦੱਸੀਆਂ ਜਾ ਰਹੀਆਂ ਹਨ। ਇਸ ਦੇ ਦਸਤਾਵੇਜ਼ CBI ਦੇ ਹੱਥ ਲੱਗ ਗਏ ਹਨ। ਉੱਥੇ ਵੀ ਪਤਾ ਲੱਗਾ ਹੈ ਕਿ ਉਨ੍ਹਾਂ ਨੇ ਕਿਰਾਇਆ ਵਸੂਲਣ ਦੀ ਜ਼ਿੰਮੇਵਾਰੀ ਕੇਅਰਟੇਕਰ ਦਿਲਬਾਗ ਨੂੰ ਦਿੱਤੀ ਹੋਈ ਸੀ।

ਖੇਤੀ ਲਈ ਲਗਵਾਏ ਸਨ 2 ਟ੍ਰਾਂਸਫਾਰਮਰ

ਸਾਬਕਾ DIG ਬਾਰੇ ਇਹ ਵੀ ਇਲਜ਼ਾਮ ਹੈ ਕਿ DIG ਰਹਿੰਦੇ ਹੋਏ ਭੁੱਲਰ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ। ਭੁੱਲਰ ਨੇ ਆਪਣੇ ਫਾਰਮ ਹਾਊਸ ਦੇ ਬਾਹਰ 2 ਬਿਜਲੀ ਦੇ ਟ੍ਰਾਂਸਫਾਰਮਰ ਲਗਵਾਏ ਸਨ, ਤਾਂ ਜੋ ਖੇਤਰੀ ਕੋਟੇ ਵਿੱਚ ਲਗਾਤਾਰ ਬਿਜਲੀ ਮਿਲਦੀ ਰਹੇ। ਦੋਵਾਂ ਟ੍ਰਾਂਸਫਾਰਮਰਾਂ ਨੂੰ ਵੱਖ-ਵੱਖ ਫੀਡਰਾਂ ਨਾਲ ਜੁੜਵਾਇਆ ਸੀ, ਤਾਂ ਜੋ ਦੋਵਾਂ ’ਤੇ ਬਿਜਲੀ ਦਾ ਕੱਟ ਇਕੱਠੇ ਨਾ ਲੱਗੇ। ਦਰਅਸਲ, ਪੇਂਡੂ ਖੇਤਰਾਂ ਵਿੱਚ ਸਿਰਫ 8-8 ਘੰਟੇ ਬਿਜਲੀ ਦੀ ਸਪਲਾਈ ਮਿਲਦੀ ਹੈ।