The Khalas Tv Blog India Instagram – Facebook ‘ਤੇ ਨਵਾਂ ਪਾਬੰਦੀ, ਬੱਚਿਆਂ ਲਈ ਆਏ ਨਵੇਂ ਨਿਯਮ
India International Khaas Lekh Khalas Tv Special Technology

Instagram – Facebook ‘ਤੇ ਨਵਾਂ ਪਾਬੰਦੀ, ਬੱਚਿਆਂ ਲਈ ਆਏ ਨਵੇਂ ਨਿਯਮ

ਮੈਟਾ (Meta) ਨੇ ਬੱਚਿਆਂ ਅਤੇ ਟੀਨੇਜਰਜ਼ ਦੀ ਆਨਲਾਈਨ ਸੁਰੱਖਿਆ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਇਹ ਕੰਪਨੀ ਹੁਣ ਇੰਸਟਾਗ੍ਰਾਮ ਅਤੇ ਫੇਸਬੁੱਕ ’ਤੇ ਇੱਕ ਨਵੀਂ ਏਆਈ (AI) ਤਕਨੀਕ ਲਾਗੂ ਕਰਨ ਜਾ ਰਹੀ ਹੈ ਜੋ ਯੂਜ਼ਰ ਦੀ ਅਸਲ ਉਮਰ ਪਛਾਣ ਸਕਦੀ ਹੈ। ਇਸ ਤੋਂ ਪਹਿਲਾਂ ਬਹੁਤ ਸਾਰੇ ਬੱਚੇ ਆਪਣੀ ਅਸਲ ਉਮਰ ਲੁਕਾ ਕੇ ਅਕਾਊਂਟ ਬਣਾ ਲੈਂਦੇ ਸਨ ਅਤੇ ਇਤਰਾਜ਼ਯੋਗ ਜਾਂ ਉਮਰ ਤੋਂ ਵੱਡੇ ਲੋਕਾਂ ਲਈ ਬਣਾਇਆ ਗਿਆ ਕੰਟੈਂਟ ਵੇਖਦੇ ਸਨ। ਹੁਣ ਇਹ ਆਸਾਨ ਨਹੀਂ ਰਹੇਗਾ।

ਬੱਚਿਆਂ ਦੀ ਸੋਸ਼ਲ ਮੀਡੀਆ ਸੁਰੱਖਿਆ ਲਈ META ਦਾ AI ਐਕਸ਼ਨ

ਮੈਟਾ ਨੇ ਆਪਣੇ ਅਧਿਕਾਰਤ ਬਲੌਗ ਵਿੱਚ ਦੱਸਿਆ ਹੈ ਕਿ ਉਹ ਅਪ੍ਰੈਲ 2025 ਤੋਂ ਇਸ ਨਵੀਂ ਏਆਈ ਸਿਸਟਮ ਦੀ ਟੈਸਟਿੰਗ ਕਰ ਰਹੀ ਹੈ। ਇਹ ਸਿਸਟਮ ਯੂਜ਼ਰ ਦੇ ਐਪ ਵਰਤਣ ਦੇ ਤਰੀਕੇ, ਵਿਹਾਰ ਅਤੇ ਹੋਰ ਪੈਟਰਨਾਂ ਤੋਂ ਅੰਦਾਜ਼ਾ ਲਗਾ ਲਵੇਗਾ ਕਿ ਉਹ ਟੀਨੇਜਰ ਹੈ ਜਾਂ ਨਹੀਂ। ਭਾਵੇਂ ਅਕਾਊਂਟ ਬਣਾਉਂਦੇ ਸਮੇਂ ਗਲਤ ਉਮਰ ਦੱਸੀ ਹੋਵੇ, ਫਿਰ ਵੀ ਏਆਈ ਅਸਲ ਉਮਰ ਪਛਾਣ ਲਵੇਗਾ। ਉਮਰ ਦਾ ਪਤਾ ਲੱਗਦੇ ਹੀ ਅਕਾਊਂਟ ਆਪਣੇ ਆਪ ਟੀਨ ਅਕਾਊਂਟ ਵਿੱਚ ਬਦਲ ਜਾਵੇਗਾ। ਇਸ ਟੀਨ ਅਕਾਊਂਟ ਵਿੱਚ ਸਖ਼ਤ ਪ੍ਰਾਈਵੇਸੀ ਸੈਟਿੰਗਜ਼, ਸੀਮਿਤ ਕੰਟੈਂਟ ਅਤੇ ਵਧੀਆ ਸੁਰੱਖਿਆ ਫੀਚਰ ਹੋਣਗੇ।

ਮੈਟਾ ’ਤੇ ਲਗਭਗ 950 ਮਿਲੀਅਨ ਡਾਲਰ (ਲਗਭਗ 8 ਹਜ਼ਾਰ ਕਰੋੜ ਰੁਪਏ) ਦਾ ਜੁਰਮਾਨਾ

ਇਸ ਨਾਲ ਖ਼ਰਾਬ ਵੀਡੀਓ, ਇਤਰਾਜ਼ਯੋਗ ਪੋਸਟਾਂ ਅਤੇ ਅਣਉਚਿਤ ਸਮੱਗਰੀ ਘੱਟ ਵਿਖਾਈ ਦੇਵੇਗੀ। ਇਸ ਕਦਮ ਦਾ ਮੁੱਖ ਕਾਰਨ ਹਾਲੀਆ ਕਾਨੂੰਨੀ ਮਾਮਲੇ ਅਤੇ ਭਾਰੀ ਜੁਰਮਾਨੇ ਹਨ। ਨਿਊ ਮੈਕਸੀਕੋ ਦੀ ਅਦਾਲਤ ਨੇ ਬੱਚਿਆਂ ਨੂੰ ਝੂਠਾ ਸੁਰੱਖਿਆ ਭਰੋਸਾ ਦੇਣ ਦੇ ਮਾਮਲੇ ਵਿੱਚ ਮੈਟਾ ’ਤੇ ਲਗਭਗ 950 ਮਿਲੀਅਨ ਡਾਲਰ (ਲਗਭਗ 8 ਹਜ਼ਾਰ ਕਰੋੜ ਰੁਪਏ) ਦਾ ਜੁਰਮਾਨਾ ਲਗਾਇਆ ਸੀ। ਇਸ ਤੋਂ ਇਲਾਵਾ ਅਮਰੀਕਾ ਵਿੱਚ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਤਹਿਤ ਇੱਕ ਵੱਡਾ ਕੇਸ ਚੱਲ ਰਿਹਾ ਸੀ। ਅਕਤੂਬਰ 2023 ਵਿੱਚ 29 ਰਾਜਾਂ ਨੇ ਮੈਟਾ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ। ਬਾਅਦ ਵਿੱਚ ਇਹ ਗਿਣਤੀ 51 ਰਾਜਾਂ ਅਤੇ ਖੇਤਰਾਂ ਤੱਕ ਪਹੁੰਚ ਗਈ। ਅਗਸਤ 2026 ਵਿੱਚ ਕੈਲੀਫੋਰਨੀਆ ਦੀ ਓਕਲੈਂਡ ਫੈਡਰਲ ਕੋਰਟ ਵਿੱਚ ਸੁਣਵਾਈ ਸ਼ੁਰੂ ਹੋਈ। ਇੰਸਟਾਗ੍ਰਾਮ ਦੇ ਮੁਖੀ ਐਡਮ ਮੋਸੇਰੀ ਨੇ ਗਵਾਹੀ ਦਿੱਤੀ ਪਰ ਦੋਸ਼ਾਂ ਨੂੰ ਖਾਰਜ ਕੀਤਾ। ਅਖੀਰ ਵਿੱਚ ਮੈਟਾ ਅਤੇ ਰਾਜਾਂ ਵਿਚਕਾਰ ਲਗਭਗ 1.59 ਲੱਖ ਕਰੋੜ ਰੁਪਏ (15.9 ਬਿਲੀਅਨ ਡਾਲਰ) ਦਾ ਸਮਝੌਤਾ ਹੋ ਗਿਆ। ਜੱਜ ਇਵੋਨ ਗੋਂਜ਼ਾਲੇਜ਼ ਰੋਜਰਜ਼ ਨੇ ਇਸ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ।

ਇਨ੍ਹਾਂ ਕਾਨੂੰਨੀ ਦਬਾਵਾਂ ਤੋਂ ਬਾਅਦ ਮੈਟਾ ਨੇ ਕਈ ਨਵੇਂ ਸੁਰੱਖਿਆ ਫੀਚਰ ਲਿਆਉਣ ਦਾ ਫ਼ੈਸਲਾ ਕੀਤਾ ਹੈ। ਟੀਨੇਜਰਜ਼ ਲਈ ਰੋਜ਼ਾਨਾ ਐਪ ਵਰਤਣ ਦੀ ਸਮਾਂ ਸੀਮਾ ਤੈਅ ਕੀਤੀ ਜਾਵੇਗੀ। ਰਾਤ ਵੇਲੇ ਨੋਟੀਫਿਕੇਸ਼ਨ ਬੰਦ ਰੱਖਣ ਲਈ “Quiet Mode” ਉਪਲਬਧ ਹੋਵੇਗਾ। ਅਣਜਾਣ ਲੋਕਾਂ ਨਾਲ ਗੱਲਬਾਤ ਰੋਕਣ ਲਈ ਵਧੇਰੇ ਸਖ਼ਤ ਪ੍ਰਾਈਵੇਸੀ ਨਿਯਮ ਲਾਗੂ ਕੀਤੇ ਜਾਣਗੇ। ਮੈਟਾ ਨੇ ਟਿਕਟਾਕ, ਸਨੈਪਚੈਟ ਅਤੇ ਯੂਟਿਊਬ ਨੂੰ ਵੀ ਇਸੇ ਤਰ੍ਹਾਂ ਦੇ ਨਿਯਮ ਲਾਗੂ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਪੂਰੀ ਪਾਬੰਦੀ ਲਗਾ ਦਿੱਤੀ ਸੀ। ਮੈਟਾ ਅਨੁਸਾਰ ਇਹ ਸਾਰੇ ਨਵੇਂ ਫੀਚਰ ਅਤੇ ਏਆਈ ਰਾਹੀਂ ਉਮਰ ਤਸਦੀਕ ਦੀ ਪ੍ਰਕਿਰਿਆ ਜਨਵਰੀ ਤੋਂ ਅਧਿਕਾਰਤ ਤੌਰ ’ਤੇ ਦੁਨੀਆ ਭਰ ਵਿੱਚ ਲਾਗੂ ਹੋਣੀ ਸ਼ੁਰੂ ਹੋ ਜਾਵੇਗੀ। ਮਾਪਿਆਂ ਨੂੰ ਸਮਝਾਉਣ ਲਈ ਖ਼ਾਸ ਜਾਣਕਾਰੀ ਵਾਲੇ ਵੀਡੀਓ ਵੀ ਜਾਰੀ ਕੀਤੇ ਜਾਣਗੇ।

ਸੋਸ਼ਲ ਮੀਡੀਆ ਤੋਂ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਕਿੰਨਾ ਖ਼ਤਰਾ?

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਫੇਸਬੁੱਕ ਅਤੇ ਇੰਸਟਾਗ੍ਰਾਮ ਪਹਿਲਾਂ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਕਿਵੇਂ ਨੁਕਸਾਨ ਪਹੁੰਚਾ ਰਹੇ ਸਨ। ਪਹਿਲਾ ਤਰੀਕਾ ਐਲਗੋਰਿਦਮ ਅਤੇ ਲਤ ਹੈ। ਐਪਸ ਦਾ ਡਿਜ਼ਾਈਨ ਇਸ ਤਰ੍ਹਾਂ ਬਣਾਇਆ ਗਿਆ ਸੀ ਕਿ ਨੋਟੀਫਿਕੇਸ਼ਨ, ਆਟੋ-ਪਲੇਅ ਅਤੇ ਲਾਈਕ ਬਟਨ ਬੱਚਿਆਂ ਨੂੰ ਲਗਾਤਾਰ ਖਿੱਚਦੇ ਰਹਿਣ। ਇਸ ਨਾਲ ਦਿਮਾਗ ਵਿੱਚ ਡੋਪਾਮਾਈਨ ਦਾ ਪੱਧਰ ਪ੍ਰਭਾਵਿਤ ਹੁੰਦਾ ਹੈ ਅਤੇ ਸਕ੍ਰੀਨ ਟਾਈਮ ’ਤੇ ਕਾਬੂ ਖੋ ਜਾਂਦਾ ਹੈ। ਦੂਜਾ ਕਾਰਨ ਹੀਣ ਭਾਵਨਾ ਹੈ। ਇੰਸਟਾਗ੍ਰਾਮ ’ਤੇ ਫਿਲਟਰ ਅਤੇ ਪਰਫੈਕਟ ਲੱਗਣ ਵਾਲੀਆਂ ਤਸਵੀਰਾਂ ਬੱਚਿਆਂ ਵਿੱਚ ਆਪਣੇ ਸਰੀਰ ਅਤੇ ਰੂਪ ਨਾਲ ਤੁਲਨਾ ਕਰਨ ਦੀ ਆਦਤ ਪੈਦਾ ਕਰਦੀਆਂ ਹਨ।

META’s AI Action for children’s social media safety ।Social Media । PRIME BULLETIN-310 । KHALAS TV

ਮੈਟਾ ਦੀ ਆਪਣੀ ਅੰਦਰੂਨੀ ਰਿਸਰਚ ਵਿੱਚ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਇੰਸਟਾਗ੍ਰਾਮ ਟੀਨੇਜਰਜ਼ ਵਿੱਚ ਸਰੀਰ ਅਤੇ ਰੰਗ-ਰੂਪ ਨੂੰ ਲੈ ਕੇ ਅਸੰਤੁਸ਼ਟੀ ਵਧਾਉਂਦਾ ਹੈ। ਤੀਜਾ ਕਾਰਨ ਨੀਂਦ ਦੀ ਕਮੀ ਅਤੇ ਡਿਪ੍ਰੈਸ਼ਨ ਹੈ। ਦੇਰ ਰਾਤ ਤੱਕ ਸਕ੍ਰੋਲਿੰਗ ਕਰਨ ਨਾਲ ਸੌਣ-ਜਾਗਣ ਦਾ ਚੱਕਰ ਵਿਗੜ ਜਾਂਦਾ ਹੈ। ਲੰਬੇ ਸਮੇਂ ਤੱਕ ਨੀਂਦ ਦੀ ਕਮੀ ਚਿੰਤਾ, ਡਿਪ੍ਰੈਸ਼ਨ ਅਤੇ ਪੜ੍ਹਾਈ ਵਿੱਚ ਧਿਆਨ ਦੀ ਕਮੀ ਪੈਦਾ ਕਰਦੀ ਹੈ। ਚੌਥਾ ਕਾਰਨ ਸਾਈਬਰ ਬੁਲਿੰਗ ਅਤੇ ਤੁਲਨਾ ਦਾ ਦਬਾਅ ਹੈ। ਲਗਾਤਾਰ ਦੂਜਿਆਂ ਨਾਲ ਤੁਲਨਾ ਕਰਨ ਨਾਲ FOMO (ਪਿੱਛੇ ਰਹਿ ਜਾਣ ਦਾ ਡਰ) ਪੈਦਾ ਹੁੰਦਾ ਹੈ। ਸਾਈਬਰ ਬੁਲਿੰਗ ਅਤੇ ਟ੍ਰੋਲਿੰਗ ਆਤਮ-ਵਿਸ਼ਵਾਸ ਨੂੰ ਘਟਾਉਂਦੀ ਹੈ। ਪੰਜਵਾਂ ਕਾਰਨ ਇਤਰਾਜ਼ਯੋਗ ਕੰਟੈਂਟ ਤੱਕ ਆਸਾਨ ਪਹੁੰਚ ਹੈ। ਉਮਰ ਦੀ ਸਖ਼ਤ ਜਾਂਚ ਨਾ ਹੋਣ ਕਾਰਨ ਬੱਚੇ ਮਾਨਸਿਕ ਤੌਰ ’ਤੇ ਸੰਵੇਦਨਸ਼ੀਲ ਜਾਂ ਪਰੇਸ਼ਾਨ ਕਰਨ ਵਾਲੀ ਸਮੱਗਰੀ ਦੇ ਸੰਪਰਕ ਵਿੱਚ ਆ ਜਾਂਦੇ ਸਨ।

ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਮੈਟਾ ਹੁਣ ਏਆਈ ਰਾਹੀਂ ਉਮਰ ਪਛਾਣ ਅਤੇ ਟੀਨ ਅਕਾਊਂਟ ਦੀਆਂ ਸਖ਼ਤ ਸੈਟਿੰਗਜ਼ ਲਾਗੂ ਕਰ ਰਹੀ ਹੈ। ਇਸ ਨਾਲ ਸਕ੍ਰੀਨ ਟਾਈਮ ਘਟਾਉਣ, ਖ਼ਰਾਬ ਕੰਟੈਂਟ ਘਟਾਉਣ ਅਤੇ ਮਾਪਿਆਂ ਨੂੰ ਵਧੇਰੇ ਕੰਟਰੋਲ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਇਹ ਕਦਮ ਸਕਾਰਾਤਮਕ ਹਨ, ਪਰ ਅਸਲ ਅਸਰ ਤਾਂ ਉਦੋਂ ਹੀ ਪਤਾ ਲੱਗੇਗਾ ਜਦੋਂ ਇਹ ਪੂਰੀ ਤਰ੍ਹਾਂ ਲਾਗੂ ਹੋ ਜਾਣਗੇ ਅਤੇ ਬੱਚੇ ਅਤੇ ਮਾਪੇ ਇਨ੍ਹਾਂ ਦੀ ਵਰਤੋਂ ਕਰਨਗੇ। ਦੁਨੀਆ ਭਰ ਦੀਆਂ ਸਰਕਾਰਾਂ ਵੀ ਬੱਚਿਆਂ ਦੀ ਆਨਲਾਈਨ ਸੁਰੱਖਿਆ ਲਈ ਸਖ਼ਤੀ ਵਧਾ ਰਹੀਆਂ ਹਨ, ਇਸ ਲਈ ਹੋਰ ਕੰਪਨੀਆਂ ਨੂੰ ਵੀ ਇਸੇ ਰਾਹ ’ਤੇ ਚੱਲਣਾ ਪਵੇਗਾ।

 

Exit mobile version