India Punjab

ਲਓ ਜੀ, ਇਨ੍ਹਾਂ ਨੂੰ ਚੰਗਾ ਲੱਗਦਾ ਹੈ, ਜਦੋਂ ਘਰਵਾਲਾ ਕੁੱਟਦਾ ਹੈ…

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- 21ਵੀਂ ਸਦੀ ‘ਚ ਇਹ ਸੁਣ ਕੇ ਤੁਹਾਨੂੰ ਅਜੀਬ ਲੱਗ ਸਕਦਾ ਹੈ, ਪਰ ਇਹ ਸੱਚ ਹੈ ਕਿ 30 ਫ਼ੀਸਦੀ ਔਰਤਾਂ ਪਤੀਆਂ ਹੱਥੋਂ ਕੁੱਟੇ ਜਾਣ ਨੂੰ ਸਹੀ ਮੰਨਦੀਆਂ ਹਨ। ਇਸ ਤੋਂ ਸਪਸ਼ਟ ਹੈ ਕਿ ਨਾਰੀ ਮਜ਼ਬੂਤੀਕਰਨ ਬਾਰੇ ਸਮਾਜ ‘ਚ ਵਧਦੀ ਜਾਗਰੂਕਤਾ ਦੇ ਬਾਵਜੂਦ ਅਜੇ ਤਕ ਇਸ ਦਿਸ਼ਾ ‘ਚ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਇਕ ਸਰਵੇਖਣ ਮੁਤਾਬਕ, 14 ਸੂਬਿਆਂ ਤੇ ਕੇਂਦਰ ਸ਼ਾਸਿਤ ਰਾਜਾਂ ‘ਚ 30 ਫ਼ੀਸਦੀ ਤੋਂ ਵੱਧ ਮਹਿਲਾਵਾਂ ਨੇ ਪਤੀਆਂ ਵੱਲੋਂ ਕੁਝ ਹਾਲਾਤ ‘ਚ ਆਪਣੀ ਪਤਨੀਆਂ ਦੀ ਪਿਟਾਈ ਕੀਤੇ ਜਾਣ ਨੂੰ ਸਹੀ ਠਹਿਰਾਇਆ, ਜਦਕਿ ਘੱਟ ਫ਼ੀਸਦੀ ਮਰਦਾਂ ਨੇ ਇਸ ਤਰ੍ਹਾਂ ਦੇ ਵਿਹਾਰ ਨੂੰ ਤਰਕਸੰਗਤ ਦੱਸਿਆ। ਇਹ ਗੱਲ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (ਐੱਨਐੱਫਐੱਚਐੱਸ) ਦੇ ਇਕ ਸਰਵੇਖਣ ‘ਚ ਸਾਹਮਣੇ ਆਈ ਹੈ।

ਐੱਨਐੱਫਐੱਛਐੱਸ-5 ਮੁਤਾਬਕ, ਤਿੰਨ ਸੂਬਿਆਂ-ਤੇਲੰਗਾਨਾ ‘ਚ 84 ਫ਼ੀਸਦੀ, ਆਂਧਰ ਪ੍ਰਦੇਸ਼ ‘ਚ 84 ਫ਼ੀਸਦੀ ਤੇ ਕਰਨਾਟਕ ‘ਚ 77 ਫ਼ੀਸਦੀ ਮਹਿਲਾਵਾਂ ਨੇ ਮਰਦਾਂ ਵੱਲੋਂ ਆਪਣੀਆਂ ਪਤਨੀਆਂ ਦੀ ਕੁੱਟ ਨੂੰ ਸਹੀ ਦੱਸਿਆ।

ਉੱਥੇ ਹੀ ਮਣੀਪੁਰ (66 ਫ਼ੀਸਦੀ), ਕੇਰਲ (52 ਫ਼ੀਸਦੀ), ਜੰਮੂ-ਕਸ਼ਮੀਰ (49 ਫ਼ੀਸਦੀ), ਮਹਾਰਾਸ਼ਟਰ (44 ਫ਼ੀਸਦੀ) ਤੇ ਬੰਗਾਲ (42 ਫ਼ੀਸਦੀ) ਅਜਿਹੇ ਹੋਰ ਸੂਬੇ ਤੇ ਕੇਂਦਰ ਸ਼ਾਸਿਤ ਸੂਬੇ ਹਨ, ਜਿੱਥੇ ਵੱਡੀ ਗਿਣਤੀ ‘ਚ ਔਰਰਤਾਂ ਨੇ ਮਰਦਾਂ ਵੱਲੋਂ ਆਪਣੀਆਂ ਪਤਨੀਆਂ ਦੀ ਪਿਟਾਈ ਨੂੰ ਜਾਇਜ਼ ਠਹਿਰਾਇਆ। ਪਤੀਆਂ ਵੱਲੋਂ ਪਿਟਾਈ ਨੂੰ ਜਾਇਜ਼ ਠਹਿਰਾਉਣ ਵਾਲੀਆਂ ਮਹਿਲਾਵਾਂ ਦੀ ਸਭ ਤੋਂ ਘੱਟ ਗਿਣਤੀ ਹਿਮਾਚਲ ਪ੍ਰਦੇਸ਼ (14.8 ਫ਼ੀਸਦੀ) ‘ਚ ਸੀ।

ਐੱਨਐੱਫਐੱਚਐੱਸ ਵੱਲੋਂ ਪੁੱਛੇ ਗਏ ਇਸ ਸਵਾਲ ‘ਤੇ ਕਿ ਕੀ ਤੁਹਾਡੀ ਰਾਇ ‘ਚ ਇਕ ਪਤੀ ਦਾ ਆਪਣੀ ਪਤਨੀ ਨੂੰ ਕੁੱਟਣਾ ਜਾਂ ਮਾਰਨਾ ਸਹੀ ਹੈ, 14 ਸੂਬਿਆਂ ਤੇ ਕੇਂਦਰ ਸ਼ਾਸਿਤ ਰਾਜਾਂ ਦੀਆਂ 30 ਫ਼ੀਸਦੀ ਤੋਂ ਵੱਧ ਮਹਿਲਾਵਾਂ ਨੇ ਕਿਹਾ-ਹਾਂ।

ਹਿਮਾਚਲ ਪ੍ਰਦੇਸ਼, ਕੇਰਲ, ਮਣੀਪੁਰ, ਗੁਜਰਾਤ, ਨਗਾਲੈਂਡ, ਗੋਆ, ਬਿਹਾਰ, ਕਰਨਾਟਕ, ਅਸਾਮ, ਮਹਾਰਾਸ਼ਟਰ, ਤੇਲੰਗਾਨਾ ਤੇ ਬੰਗਾਲ ‘ਚ ਮਹਿਲਾ ਉੱਤਰਦਾਤਿਆਂ ਨੇ ਸਹੁਰੇ ਵਾਲਿਆਂ ਪ੍ਰਤੀ ਨਿਰਾਦਰ ਦਾ ਜ਼ਿਕਰ ਪਿਟਾਈ ਨੂੰ ਸਹੀ ਠਹਿਰਾਉਣ ਦੇ ਮੁੱਖ ਕਾਰਨ ਦੇ ਤੌਰ ‘ਤੇ ਕੀਤਾ। ਇਹ ਸਰਵੇਖਣ 18 ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ‘ਚ ਕੀਤਾ ਗਿਆ।

ਹੈਦਰਾਬਾਦ ਸਥਿਤ ਐੱਨਜੀਓ ਰੋਸ਼ਨੀ ਦੀ ਡਾਇਰੈਕਟਰ ਊਸ਼ਾਸ਼੍ਰੀ ਨੇ ਕਿਹਾ ਕਿ ਉਨ੍ਹਾਂ ਦੇ ਸੰਗਠਨ ਨੇ ਕੋਰੋਨਾ ਮਹਾਮਾਰੀ ਦੌਰਾਨ ਜਿਨਸੀ ਸ਼ੋਸ਼ਣ ਤੇ ਘਰੇਲੂ ਹਿੰਸਾ ‘ਚ ਵਾਧਾ ਦੇਖਿਆ ਹੈ। ਰੋਸ਼ਨੀ ਭਾਵਨਾਤਕਮ ਸੰਕਟ ‘ਚ ਲੋਕਾਂ ਨੂੰ ਸਲਾਹ ਤੇ ਹੋਰ ਸਹੂਲਤਾਂ ਦਿੰਦੀ ਹੈ।

ਇਨ੍ਹਾਂ ਕਾਰਨਾਂ ‘ਤੇ ਮਾਰ-ਕੁੱਟ ਨੂੰ ਸਹੀ ਦੱਸਿਆ
ਸਰਵੇਖਣ ਨੇ ਉਨ੍ਹਾਂ ਸੰਭਾਵਿਤ ਹਾਲਾਤ ਨੂੰ ਸਾਹਮਣੇ ਰੱਖਿਆ, ਜਿਨ੍ਹਾਂ ‘ਚ ਇਕ ਪਤੀ ਆਪਣੀ ਪਤਨੀ ਨੂੰ ਕੁੱਟਦਾ ਹੈ-ਜੇਕਰ ਉਸ ਦੇ ਆਤਮਘਾਤੀ ਹੋਣ ਦਾ ਸ਼ੱਕ ਹੈ, ਜੇਕਰ ਉਹ ਸਹੁਰੇ ਵਾਲਿਆਂ ਦਾ ਨਿਰਾਦਰ ਕਰਦੀ ਹੈ, ਜੇਕਰ ਉਹ ਉਸ ਨਾਲ ਬਹਿਸ ਕਰਦੀ ਹੈ, ਜੇਕਰ ਉਹ ਉਸ ਨਾਲ ਜਿਨਸੀ ਸਬੰਧ ਬਣਾਉਣ ਤੋਂ ਇਨਕਾਰ ਕਰਦੀ ਹੈ, ਜੇਕਰ ਉਹ ਉਸ ਨੂੰ ਦੱਸੇ ਬਗ਼ੈਰ ਬਾਹਰ ਜਾਂਦੀ ਹੈ, ਜੇਕਰ ਉਹ ਘਰ ਜਾਂ ਬੱਚਿਆਂ ਦੀ ਅਣਦੇਖੀ ਕਰਦੀ ਹੈ, ਜੇਕਰ ਉਹ ਚੰਗਾ ਖਾਣਾ ਨਹੀਂ ਬਣਾਉਂਦੀ। ਉੱਤਰਦਾਕਿਆਂ ਵੱਲੋਂ ਪਿਟਾਈ ਨੂੰ ਸਹੀ ਠਹਿਰਾਉਣ ਲਈ ਸਭ ਤੋਂ ਆਮ ਕਾਰਨ ਘਰ ਜਾਂ ਬੱਚਿਆਂ ਦੀ ਅਣਦੇਖੀ ਕਰਨਾ ਤੇ ਸਹੁਰਿਆਂ ਵਾਲਿਆਂ ਪ੍ਰਤੀ ਨਿਰਾਦਰ ਦਿਖਾਉਣਾ ਸੀ।