Punjab

ਜਿਨ੍ਹਾਂ NHM ਕਰਮਚਾਰੀਆਂ ਦੀ ਨੌਕਰੀ ਗਈ ਹੈ, ਉਹ ਘਬਰਾਉਣ ਦੀ ਥਾਂ ਪੜ੍ਹਣ ਪੰਜਾਬ ਸਰਕਾਰ ਦਾ ਇਹ ਨਵਾਂ ਪ੍ਰਸਤਾਵ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ NHM ਕਰਮਚਾਰੀਆਂ ਦੀ ਮੁੜ ਨੌਕਰੀ ਵਿੱਚ ਬਹਾਲੀ ਹੋ ਸਕਦੀ ਹੈ। ਸਿੱਧੂ ਨੇ ਕਿਹਾ ਕਿ ਜੇਕਰ ਕਰਮਚਾਰੀ ਆਪਣੀ ਹੜਤਾਲ ਖਤਮ ਕਰ ਦਿੰਦੇ ਹਨ ਤਾਂ ਫੈਸਲੇ ‘ਤੇ ਫਿਰ ਤੋਂ ਵਿਚਾਰ ਕੀਤਾ ਜਾਵੇਗਾ। ਦਰਅਸਲ, ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) ਦੇ ਮਿਸ਼ਨ ਡਾਇਰੈਕਟਰ ਨੇ ਐੱਨਐੱਚਐੱਮ ਦੇ ਮੁਲਾਜ਼ਮਾਂ ਨੂੰ ਨੌਕਰੀਆਂ ਤੋਂ ਕੱਢਣ ਦੇ ਹੁਕਮ ਦੇ ਦਿੱਤੇ ਸਨ। ਉਨ੍ਹਾਂ ਨੇ ਪੰਜਾਬ ਦੇ ਸਾਰੇ ਸਿਵਲ ਸਰਜਨਾਂ ਨੂੰ ਇਹ ਹੁਕਮ ਭੇਜਦਿਆਂ ਕਿਹਾ ਹੈ ਕਿ ਇਨ੍ਹਾਂ ਦੀ ਥਾਂ ਇੱਕ ਹਜ਼ਾਰ ਰੁਪਏ ਰੋਜ਼ਾਨਾ ਦੇ ਖ਼ਰਚੇ ’ਤੇ ਨਵੇਂ ਵਾਲੰਟੀਅਰ ਰੱਖੇ ਜਾਣ।

ਜਾਣਕਾਰੀ ਮੁਤਾਬਕ ਵਿਭਾਗ ਨੇ ਹੜਤਾਲ ’ਤੇ ਗਏ ਮੁਲਾਜ਼ਮਾਂ ਨੂੰ 4 ਮਈ ਅਤੇ 8 ਮਈ ਨੂੰ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ ਸੀ। ਵਿਭਾਗ ਨੇ 9 ਮਈ ਨੂੰ ਆਖ਼ਰੀ ਚਿਤਾਵਨੀ ਦਿੱਤੀ ਸੀ ਕਿ ਕਰੋਨਾ ਦੇ ਹਾਲਾਤ ਨੂੰ ਦੇਖਦਿਆਂ ਮੁਲਾਜ਼ਮ 10 ਮਈ ਨੂੰ ਸਵੇਰੇ 10 ਵਜੇ ਤੱਕ ਡਿਊਟੀ ਜੁਆਇਨ ਕਰ ਲੈਣ, ਪਰ ਫਿਰ ਵੀ ਬਹੁਤ ਸਾਰੇ ਮੁਲਾਜ਼ਮ ਹੜਤਾਲ ’ਤੇ ਹੀ ਬੈਠੇ ਰਹੇ। ਇਸ ਤੋਂ ਬਾਅਦ ਦੇਰ ਸ਼ਾਮ ਮਿਸ਼ਨ ਦੇ ਡਾਇਰੈਕਟਰ ਨੇ ਹੜਤਾਲ ’ਤੇ ਚੱਲ ਰਹੇ ਸਾਰੇ ਹੀ ਮੁਲਾਜ਼ਮਾਂ ਦੀਆਂ ਸੇਵਾਵਾਂ ਖਤਮ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਐੱਨਐੱਚਐੱਮ ਯੂਨੀਅਨ ਦੀ ਸੂਬਾ ਮੀਤ ਪ੍ਰਧਾਨ ਕਿਰਨਜੀਤ ਕੌਰ ਨੇ ਕਿਹਾ ਕਿ ਸਰਕਾਰ ਸਿੱਧੇ ਤੌਰ ’ਤੇ ਧੱਕਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੁਲਾਜ਼ਮ ਕਰੋਨਾ ਦੌਰ ਵਿੱਚ ਅੱਗੇ ਵੱਧ ਕੇ ਕੰਮ ਕਰ ਰਹੇ ਹਨ। ਸਰਕਾਰ ਕੋਈ ਵੀ ਹੁਕਮ ਜਾਰੀ ਕਰੇ, ਪਰ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ।