Punjab

ਪੰਜਾਬ ਪੁਲਿਸ ਲਈ ਨਵੇਂ ਹੁਕਮ, ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ SHO ਤੋਂ ਲੈ ਕੇ ਸੀਨੀਅਰ ਅਧਿਕਾਰੀ ਦਫ਼ਤਰਾਂ ਵਿੱਚ ਬੈਠਣਗੇ

ਪੰਜਾਬ ਦੇ ਲੋਕਾਂ ਦੀ ਸਹੂਲਤ ਲਈ ਪੁਲਿਸ ਨੇ ਲਿਆ ਵੱਡਾ ਫੈਸਲਾ ਐਸਐਚਓ ਤੋਂ ਲੈ ਕੇ ਸੀਨੀਅਰ ਅਧਿਕਾਰੀ ਹੁਣ ਰੋਜ਼ਾਨਾ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਆਪਣੇ ਦਫ਼ਤਰਾਂ ਵਿੱਚ ਬੈਠਣਗੇ। ਇਸ ਉਪਰਾਲੇ ਦੇ ਆਧਾਰ ‘ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ। ਇਸ ਸਬੰਧੀ ਹੁਕਮ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਦਿੱਤੇ ਗਏ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਲੋਕਾਂ ਵੱਲੋਂ ਆ ਰਹੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਲਈ ਡੀਜੀਪੀ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਇਹ ਹੁਕਮ ਏਡੀਜੀਪੀ/ਆਈਜੀਪੀ/ਡੀਆਈਜੀ, ਪੁਲਿਸ ਕਮਿਸ਼ਨਰਾਂ, ਜ਼ਿਲ੍ਹੇ ਦੇ ਐਸਐਸਪੀ, ਸਬ-ਡਵੀਜ਼ਨਲ ਡੀਐਸਪੀ ਅਤੇ ਸਾਰੀਆਂ ਰੇਂਜਾਂ ਦੇ ਐਸਐਚਓ ਉੱਤੇ ਲਾਗੂ ਹੋਣਗੇ। ਹੁਕਮ ਸਾਰੇ ਕੰਮਕਾਜੀ ਦਿਨਾਂ ‘ਤੇ ਲਾਗੂ ਹੋਣਗੇ। ਉਸਦਾ ਕਹਿਣਾ ਹੈ ਕਿ ਇਹ ਪੁਲਿਸ ਦਾ ਵੀ ਫਰਜ਼ ਹੈ। ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ।

DGP ਦੌਰਵ ਯਾਦਵ ਨੇ ਟਵੀਟ ਕਰਦਿਆਂ ਕਿਹਾ ਕਿ ਸਾਰੇ ਰੇਂਜ ਦੇ ਏਡੀਜੀਪੀਜ਼/ਆਈਜੀਪੀਜ਼/ਡੀਆਈਜੀਜ਼, ਪੁਲਿਸ ਕਮਿਸ਼ਨਰਾਂ, ਜ਼ਿਲ੍ਹੇ ਦੇ ਐਸਐਸਪੀਜ਼, ਸਬ ਡਵੀਜ਼ਨਲ ਡੀਐਸਪੀਜ਼ ਅਤੇ ਐਸਐਚਓਜ਼ ਨੂੰ ਜਨਤਕ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਾਰੇ ਕੰਮਕਾਜੀ ਦਿਨਾਂ ਵਿੱਚ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਆਪਣੇ ਦਫ਼ਤਰਾਂ ਵਿੱਚ ਮੌਜੂਦ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਨਾਗਰਿਕਾਂ ਲਈ ਉਪਲਬਧ ਹੋਣਾ ਪੁਲਿਸ ਦਾ ਸਭ ਤੋਂ ਵੱਡਾ ਫਰਜ਼ ਹੈ।

ਪੁਲਿਸ ਹੁਕਮ ਚੰਡੀਗੜ੍ਹ ਸਥਿਤ ਪੰਜਾਬ ਪੁਲਿਸ ਦੇ ਹੈੱਡਕੁਆਰਟਰ ‘ਤੇ ਵੀ ਲਾਗੂ ਹੋਣਗੇ। ਸਪੈਸ਼ਲ ਡੀਜੀਪੀ/ਐਡੀਸ਼ਨਲ ਡੀਜੀਪੀ ਰੈਂਕ ਦੇ ਸੀਨੀਅਰ ਅਧਿਕਾਰੀਆਂ ਨੂੰ ਪੁਲਿਸ ਹੈੱਡਕੁਆਰਟਰ ਵਿਖੇ ਨਿਰਧਾਰਤ ਸਮੇਂ ਅੰਦਰ ਲੋਕਾਂ ਨੂੰ ਮਿਲਣਾ ਹੋਵੇਗਾ। ਡੀਜੀਪੀ ਨੇ ਸਪੱਸ਼ਟ ਕੀਤਾ ਹੈ ਕਿ ਸਾਰਿਆਂ ਨੂੰ ਉਪਰੋਕਤ ਹੁਕਮਾਂ ਦੀ ਪਾਲਣਾ ਕਰਨੀ ਪਵੇਗੀ। ਪੁਲਿਸ ਵੱਲੋਂ ਨਾਗਰਿਕਾਂ ਤੱਕ ਪਹੁੰਚ ਕਰਨ ਲਈ ਇਹ ਇੱਕ ਵੱਡਾ ਕਦਮ ਹੈ। ਸੂਬੇ ਵਿੱਚ ਅਮਨ-ਕਾਨੂੰਨ ਨੂੰ ਕਾਇਮ ਰੱਖਣ ਲਈ ਇਹ ਯਤਨ ਜਾਰੀ ਰਹਿਣਗੇ।