‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ MCD ਚੋਣਾਂ ਮੁਲਤਵੀ ਕਰਨ ‘ਤੇ ਕੇਂਦਰ ਸਰਕਾਰ ‘ਤੇ ਖੂਬ ਭੜਕੇ। ਕੇਜਰੀਵਾਲ ਨੇ ਕਿਹਾ ਕਿ ਆਖ਼ਰੀ ਵਕਤ ‘ਚ MCD ਦੀਆਂ ਚੋਣਾਂ ਮੁਲਤਵੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ MCD ਚੋਣਾਂ ਨੂੰ ਲੈ ਕੇ ਭਾਜਪਾ ਡਰ ਗਈ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ MCD ਚੋਣਾਂ ਮੁਲਤਵੀ ਨਾ ਕਰਨ ਦੀ ਅਪੀਲ ਕੀਤੀ।
ਕੇਜਰੀਵਾਲ ਨੇ ਕਿਹਾ ਕਿ ਦਿੱਲੀ ਨਗਰ ਨਿਗਮ ਦੀਆਂ ਹੁਣ ਚੋਣਾਂ ਹੋਣ ਵਾਲੀਆਂ ਸਨ। ਪਰ ਕੇਂਦਰ ਸਰਕਾਰ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਦਿੱਲੀ ਦੇ ਤਿੰਨਾਂ ਨਗਰਾਂ ਨਿਗਮਾਂ ਨੂੰ ਇੱਕ ਨਗਰ ਨਿਗਮ ਬਣਾਉਣ ਜਾ ਰਹੇ ਹਨ। ਇਸ ਲਈ ਇਹ ਚੋਣ ਮੁਲਤਵੀ ਕੀਤੀ ਜਾਵੇ ਅਤੇ ਚੋਣ ਕਮਿਸ਼ਨ ਨੇ ਕੇਂਦਰ ਸਰਕਾਰ ਦੇ ਕਹਿਣ ‘ਤੇ ਚੋਣਾਂ ਟਾਲਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜੇ ਇਨ੍ਹਾਂ ਨੇ ਤਿੰਨਾਂ MCD ਨੂੰ ਇਕੱਠਾ ਕਰਨਾ ਸੀ ਤਾਂ ਅੱਠ ਸਾਲਾਂ ਵਿੱਚ ਕਿਉਂ ਨਹੀਂ ਕੀਤਾ। ਹੁਣ ਇਨ੍ਹਾਂ ਨੂੰ ਅਚਾਨਕ ਯਾਦ ਕਿਉਂ ਆਈ। ਤਿੰਨਾਂ MCD ਨੂੰ ਇੱਕ ਕਰਨਾ ਤਾਂ ਬਹਾਨਾ ਹੈ, ਇਨ੍ਹਾਂ ਦਾ ਮਕਸਦ ਚੋਣ ਟਾਲਣਾ ਸੀ ਕਿਉਂਕਿ ਬੀਜੇਪੀ ਨੂੰ ਲੱਗਾ ਕਿ ਜੇ ਚੋਣਾਂ ਹੋਈਆਂ ਤਾਂ ਆਪ ਦੀ ਜ਼ਬਰਦਸਤ ਲਹਿਰ ਹੈ ਅਤੇ ਇਹ ਉਸ ਲਹਿਰ ਵਿੱਚ ਵਹਿ ਜਾਵੇਗੀ ਅਤੇ ਬੀਜੇਪੀ ਹਾਰ ਜਾਵੇਗੀ।
ਕੇਜਰੀਵਾਲ ਨੇ ਚੋਣ ਕਮਿਸ਼ਨ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਜੇ ਤੁਸੀਂ ਇਸ ਤਰ੍ਹਾਂ ਹੀ ਚੋਣ ਟਾਲ ਦਿਉਗੇ ਤਾਂ ਦੇਸ਼ ਵਿੱਚ ਜਨਤੰਤਰ ਹੀ ਨਹੀਂ ਬਚੇਗਾ, ਅਸੀਂ ਆਜ਼ਾਦੀ ਕਿਸ ਲਈ ਪਾਈ ਹੈ। ਮੈਨੂੰ ਨਹੀਂ ਪਤਾ ਕਿ ਤੁਹਾਡੇ ਉੱਤੇ ਕੀ ਦਬਾਅ, ਧਮਕੀ ਜਾਂ ਲਾਲਚ ਦਿੱਤਾ ਜਾ ਰਿਹਾ ਹੈ। ਜੇ ਅਜਿਹਾ ਕੁੱਝ ਹੈ ਤਾਂ ਤੁਸੀਂ ਬਾਹਰ ਆ ਕੇ ਦੇਸ਼ ਨੂੰ ਦੱਸ ਦਿਉ, ਪੂਰਾ ਦੇਸ਼ ਤੁਹਾਡਾ ਸਾਥ ਦੇਵੇਗਾ ਪਰ ਕਿਸੇ ਅੱਗੇ ਝੁਕੋ ਨਾ।