India

ਹਿਮਾਚਲ ਸਰਕਾਰ ਨੇ ਜਾਰੀ ਕੀਤੀਆਂ ਨਵੀਂ ਹਦਾਇਤਾਂ

ਦ ਖ਼ਾਲਸ ਬਿਊਰੋ : ਹਿਮਾਚਲ ਪ੍ਰਦੇਸ਼ ਸਰਕਾਰ ਨੇ ਆਪਣੀਆਂ ਹੋਰਨਾ ਰਾਜਾਂ ਨਾਲ ਲੱਗਦੀਆਂ ਸਰਹੱਦਾਂ ਨੂੰ ਸੀਲ ਕਰਨ ਦਾ ਐਲਾਨ ਕਰ ਦਿੱਤਾ ਹੈ। ਅਜਿਹਾ ਸੁਰੱਖਿਆ ਕਾਰਨਾਂ ਨੂੰ ਸਾਹਮਣੇ ਰੱਖਦਿਆਂ ਕੀਤਾ ਗਿਆ ਹੈ। ਕੱਲ੍ਹ ਧਰਮਸ਼ਾਲਾ,ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਦੇ ਗੇਟ ਅਤੇ ਕੰਧਾਂ ਉੱਤੇ ਖਾਲਿਸਤਾਨ ਦੇ ਝੰਡੇ ਲਗਾ ਦਿੱਤੇ ਗਏ ਸੀ ਅਤੇ ਪੇਂਟ ਨਾਲ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਵੀ ਲਿਖੇ ਗਏ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ ਸੀ ਤੇ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਉੱਤੇ ਪਹੁੰਚ ਕੇ ਝੰਡਿਆਂ ਨੂੰ ਫ਼ੌਰੀ ਤੌਰ ਉੱਤੇ ਹਟਾ ਦਿੱਤਾ ਸੀ ਅਤੇ ਕੰਧਾਂ ਉੱਤੇ ਲਿਖੇ ਗਏ ਨਾਅਰਿਆਂ ਨੂੰ ਵੀ ਪੇਂਟ ਕਰਵਾ ਦਿੱਤਾ ਸੀ। ਇਸ ਤੋਂ ਮਗਰੋਂ ਇਸ ਮਾਮਲੇ ਦੀ ਜਾਂਚ ਲਈ ਐਸਆਈਟੀ ਬਣਾ ਦਿੱਤੀ ਗਈ ਸੀ ਤੇ ਹੁਣ ਸੂਬੇ ਦੀਆਂ ਅੰਤਰਰਾਜੀ ਸੀਮਾਵਾਂ ਨੂੰ ਸੀਲ ਕਰ ਦਿੱਤਾ ਗਿਆ ਹੈ ।

ਦੂਜੇ ਪਾਸੇ ਵਿਰੋਧੀ ਪਾਰਟੀਆਂ ਇਸ ਨੂੰ ਲੈ ਕੇ ਭਾਜਪਾ ਸਰਕਾਰ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਖਾਲਿਸਤਾਨੀ ਝੰਡੇ ਲਗਾਉਣ ਅਤੇ ਨਾਅਰੇ ਲਿਖਣ ਦੇ ਮਾਮਲੇ ਦੀ ਇਸ ਘਟਨਾ ਨੂੰ ਲੈ ਕੇ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਸੂਬੇ ਦੀ ਸਰਹੱਦ ਉੱਤੇ ਸੁਰੱਖਿਆ ਨੂੰ ਲੈ ਕੇ ਹਾਈਅਲਰਟ ਕੀਤਾ ਗਿਆ ਹੈ ਤੇ ਹਰ ਆਉਣ-ਜਾਣ ਵਾਲੇ ਵਾਹਨਾਂ ਦੀ ਜਾਂਚ ਹੋ ਰਹੀ ਹੈ ।ਸੂਬੇ ਭਰ ਵਿੱਚ ਸੁਰੱਖਿਆ ਵਧਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ਤੇ ਹੋਟਲਾਂ ਅਤੇ ਹੋਰ ਜਨਤਕ ਥਾਂਵਾਂ ਦੀ ਸਖਤ ਨਿਗਰਾਨੀ ਦੇ ਹੁਕਮ ਦਿੱਤੇ ਗਏ ਹਨ।