The Khalas Tv Blog India ਗੱਡੀ ‘ਚ ਵੱਡੀ ਰਕਮ ਲੈ ਕੇ ਜਾਣ ਤੋਂ ਪਹਿਲਾਂ ਜਾਣ ਲਉ ਚੋਣ ਕਮਿਸ਼ਨ ਦੀਆਂ ਹਦਾਇਤਾਂ
India Punjab

ਗੱਡੀ ‘ਚ ਵੱਡੀ ਰਕਮ ਲੈ ਕੇ ਜਾਣ ਤੋਂ ਪਹਿਲਾਂ ਜਾਣ ਲਉ ਚੋਣ ਕਮਿਸ਼ਨ ਦੀਆਂ ਹਦਾਇਤਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤੀ ਚੋਣ ਕਮਿਸ਼ਨ ਨੇ ਚੋਣ ਜ਼ਾਬਤਾ ਲਾਗੂ ਰਹਿਣ ਦੌਰਾਨ ਨਕਦੀ ਦੀ ਢੋਆ-ਢੁਆਈ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਕਮਿਸ਼ਨ ਨੇ ਨਗਦੀ ਦੀ ਢੋਆ-ਢੁਆਈ ਬਾਰੇ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ ਅਨੁਸਾਰ ਬੈਂਕਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਉਨ੍ਹਾਂ ਦੀਆਂ ਆਊਟ-ਸੋਰਸ ਏਜੰਸੀਆਂ/ਕੰਪਨੀਆਂ ਦੀ ਨਕਦੀ ਦੀ ਢੋਆ- ਢੁਆਈ ਕਰਨ ਵਾਲੀਆਂ ਗੱਡੀਆਂ ਕਿਸੇ ਵੀ ਹਾਲਾਤ ਵਿੱਚ ਕਿਸੇ ਤੀਜੀ ਧਿਰ ਜਾਂ ਵਿਅਕਤੀ ਦੇ ਪੈਸੇ ਦੀ ਢੋਆ- ਢੁਆਈ ਨਾ ਕਰ ਰਹੀਆਂ ਹੋਣ। ਆਉਟ-ਸੋਰਸ ਏਜੰਸੀਆਂ/ਕੰਪਨੀਆਂ ਦੀਆਂ ਨਕਦੀ ਦੀ ਢੋਆ- ਢੁਆਈ ਕਰਨ ਵਾਲੀਆਂ ਗੱਡੀਆਂ ਕੋਲ ਢੋਆ-ਢੁਆਈ ਕੀਤੀ ਜਾ ਰਹੀ ਨਕਦੀ ਸਬੰਧੀ ਬੈਂਕ ਵੱਲੋਂ ਜਾਰੀ ਪੱਤਰ/ਦਸਤਾਵੇਜ਼ ਜ਼ਰੂਰ ਹੋਵੇ ਕਿ ਉਹ ਜੋ ਨਕਦੀ ਲੈ ਕੇ ਜਾ ਰਹੇ ਹਨ, ਉਸ ਨੂੰ ਕਿਸੇ ਏ.ਟੀ.ਐਮ. ਵਿੱਚ ਪਾਉਣਾ ਹੈ ਜਾਂ ਕਿਸੇ ਹੋਰ ਬਰਾਂਚ ਵਿੱਚ ਦੇਣਾ ਹੈ ਜਾਂ ਫਿਰ ਕਿਸੇ ਬੈਂਕ ਦੀ ਕਰੰਸੀ ਚੈਸਟ ਵਿੱਚ ਜਮ੍ਹਾਂ ਕਰਵਾਉਣਾ ਹੈ।

ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ. ਕਰੁਣਾ ਰਾਜੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਇਸ ਲਈ ਜ਼ਰੂਰੀ ਹੈ ਕਿਉਂਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਨਾਮਜ਼ਦ ਅਧਿਕਾਰੀ (ਜ਼ਿਲਾ ਚੋਣ ਜਾਂ ਕੋਈ ਵੀ ਹੋਰ ਨਾਮਜ਼ਦ ਅਧਿਕਾਰੀ) ਜੇਕਰ ਕਿਤੇ ਨਕਦੀ ਦੀ ਢੋਆ- ਢੁਆਈ ਕਰ ਰਹੀ ਕਿਸੇ ਗੱਡੀ ਨੂੰ ਰੋਕ ਕੇ ਜਾਂਚ ਕਰਦਾ ਹੈ ਤਾਂ ਏਜੰਸੀ/ਕੰਪਨੀ ਦੇ ਮੁਲਾਜ਼ਮ ਕੈਸ਼ ਸਬੰਧੀ ਪੂਰੇ ਦਸਤਾਵੇਜ਼ ਦਿਖਾ ਸਕਣ ਅਤੇ ਇਹ ਸਾਬਿਤ ਕਰ ਸਕਣ ਕਿ ਉਨ੍ਹਾਂ ਨੇ ਕਿਸ ਬੈਂਕ ਤੋਂ ਕਿਸ ਮਕਸਦ ਨਾਲ ਇਹ ਨਕਦੀ ਲਈ ਹੈ, ਕਿਸੇ ਏ.ਟੀ.ਐਮ. ਵਿੱਚ ਪਾਉਣਾ ਹੈ ਜਾਂ ਕਿਸੇ ਹੋਰ ਬਰਾਂਚ ਵਿੱਚ ਦੇਣਾ ਹੈ ਜਾਂ ਫਿਰ ਕਿਸੇ ਬੈਂਕ ਦੀ ਕਰੰਸੀ ਚੈਸਟ ਵਿੱਚ ਜਮ੍ਹਾਂ ਕਰਵਾਉਣਾ ਹੈ ਕਿਉਂਕਿ ਜਾਂਚ ਟੀਮ ਕੈਸ਼ ਦੀ ਗਿਣਤੀ ਕਰਕੇ ਵੀ ਜਾਂਚ ਕਰ ਸਕਦੇ ਹਨ।

ਡਾ. ਰਾਜੂ ਨੇ ਦੱਸਿਆ ਕਿ ਇਹ ਨਿਯਮਾਵਲੀ ਬੈਂਕਾਂ ਲਈ ਤੈਅ ਕੀਤੀ ਗਈ ਹੈ ਕਿ ਜੇ ਕਿਤੇ ਗੈਰ-ਕਾਨੂੰਨੀ ਨਕਦੀ, ਵਿਦੇਸ਼ੀ ਕਰੰਸੀ ਜਾਂ ਨਕਲੀ ਭਾਰਤੀ ਕਰੰਸੀ ਦੀ ਸੂਚਨਾ ਮਿਲਦੀ ਹੈ ਤਾਂ ਇਸਦੀ ਸੂਚਨਾ ਜ਼ਿਲ੍ਹੇ ਦੇ ਸਬੰਧਿਤ ਵਿਭਾਗ ਨੂੰ ਤੁਰੰਤ ਦਿੱਤੀ ਜਾਵੇ। ਉਨਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਇਸ ਨਿਯਮਾਵਲੀ ਦੀ ਚੋਣ ਪ੍ਰਕਿਰਿਆ ਦੌਰਾਨ ਜੇਕਰ ਪਾਲਣਾ ਨਹੀਂ ਕੀਤੀ ਗਈ ਤਾਂ ਆਦਰਸ਼ ਚੋਣ ਜ਼ਾਬਤੇ ਅਧੀਨ ਅਤੇ ਮੌਜੂਦਾ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨੀਂ ਰਾਜਸਥਾਨ ਵੱਲੋਂ ਆ ਰਹੀ ਇੱਕ ਕਾਰ ਵਿੱਚੋਂ 10 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਹਲਕਾ ਬੱਲੂਆਣਾ ਹੇਠ ਪੈਂਦੇ ਥਾਣਾ ਬਹਾਵਵਾਲਾ ਦੀ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਨੇ ਰਾਜਸਥਾਨ ਦੇ ਨਾਲ ਲੱਗਦੀ ਹੱਦ ‘ਤੇ ਕੀਤੀ ਗਈ ਸਾਂਝੀ ਨਾਕੇਬੰਦੀ ਦੌਰਾਨ ਇੱਕ ਕਾਰ ਦੀ ਤਲਾਸ਼ੀ ਲੈਣ ਵੇਲੇ 10 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਸੀ। ਮੁੱਢਲੀ ਪੁੱਛ ਪੜਤਾਲ ਦੌਰਾਨ ਕਾਰ ਚਾਲਕ ਅਮਰ ਸਿੰਘ ਫੜੀ ਗਈ ਰਕਮ ਬਾਰੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ। ਪੁਲਿਸ ਨੇ ਇਸ ਮਾਮਲੇ ਦੀ ਸੂਚਨਾ ਇਨਕਮ ਟੈਕਸ ਵਿਭਾਗ ਨੂੰ ਦਿੱਤੀ ਅਤੇ ਵਿਭਾਗ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਫੜੀ ਗਈ ਰਕਮ ਨੂੰ ਪੰਜਾਬ ਦੇ ਖ਼ਜ਼ਾਨਾ ਵਿਭਾਗ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਦਿੱਤੀ। ਆਮਦਨ ਕਰ ਵਿਭਾਗ ਨੇ ਮੌਕੇ ‘ਤੇ ਹੀ ਕਾਰ ਚਾਲਕ ਅਮਰ ਸਿੰਘ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਡੀਐੱਸਪੀ ਅਵਤਾਰ ਸਿੰਘ ਨੇ ਦੱਸਿਆ ਕਿ ਰਾਜਸਥਾਨ ਦੇ ਨਾਲ ਲੱਗਦੀ ਸਰਹੱਦ ‘ਤੇ ਪੁਲਿਸ ਵੱਲੋਂ ਨਾਕਾਬੰਦੀ ਜਾਰੀ ਹੈ।

Exit mobile version