‘ਦ ਖ਼ਾਲਸ ਬਿਊਰੋ :- ਪੰਜਾਬ ਪੁਲਿਸ ਵਿੱਚ ਤਾਇਨਾਤ ਲੇਡੀ ਪੁਲਿਸ ਨੂੰ ਹੁਣ ਸੜਕਾਂ ‘ਤੇ ਜ਼ੁਲਫ਼ਾਂ ਸੰਭਾਲ ਕੇ ਰੱਖਣ ਅਤੇ ਵਰਦੀ ਸਲੀਕੇ ਨਾਲ ਪਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਲੇਡੀ ਪੁਲਿਸ ਨੂੰ ਕਿਹਾ ਗਿਆ ਹੈ ਕਿ ਉਹ ਡਿਊਟੀ ਵੇਲੇ ਦੂਜਿਆਂ ਲਈ ਅਨੁਸ਼ਾਸਨ ਵਿੱਚ ਰਹਿ ਕੇ ਉਦਾਹਰਣ ਬਣਨ। ਹੁਸ਼ਿਆਰਪੁਰ ਦੀ ਐੱਸਐੱਸਪੀ ਵੱਲੋਂ 28 ਅਗਸਤ ਨੂੰ ਇੱਕ ਪੱਤਰ ਜਾਰੀ ਕਰਕੇ ਮਹਿਲਾ ਪੁਲਿਸ ਕਰਮਚਾਰੀਆਂ ਦੇ ਹੇਅਰ ਸਟਾਈਲ ਉੱਤੇ ਰੋਕ ਲਗਾ ਦਿੱਤੀ ਗਈ ਹੈ। ਪੱਤਰ ਵਿੱਚ ਕਿਹਾ ਗਿਆ ਕਿ ਜੇਕਰ ਨਿਯਮਾਂ ਦੀ ਉਲੰਘਣਾ ਕੀਤੀ ਗਈ ਤਾਂ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਵੇਖਣ ਵਿੱਚ ਆਇਆ ਹੈ ਕਿ ਜ਼ਿਲ੍ਹਾ ਯੂਨਿਟ ਦੀਆਂ ਸਮੂਹ ਲੇਡੀ ਫੋਰਸ ਨੇ ਵਰਦੀ ਪੈਟਰਨ ਅਨੁਸਾਰ ਨਹੀਂ ਪਾਈ ਹੁੰਦੀ ਅਤੇ ਵਰਦੀ ਦੇ ਨਾਲ-ਨਾਲ ਜ਼ੁਲਫ਼ਾਂ ਦੇ ਵੀ ਵੱਖ-ਵੱਖ ਤਰ੍ਹਾਂ ਦੇ ਸਟਾਈਲ ਬਣਾਏ ਹੁੰਦੇ ਹਨ, ਜੋ ਵੇਖਣ ਵਿੱਚ ਭੈੜਾ ਹੀ ਨਹੀਂ ਲੱਗਦਾ ਸਗੋਂ ਪੁਲਿਸ ਅਨੁਸ਼ਾਸਨ ਦੀ ਵੀ ਉਲੰਘਣਾ ਹੈ। ਇਸ ਲਈ ਸਭ ਨੂੰ ਵਰਦੀ ਤੈਅ ਕੀਤੇ ਪੈਟਰਨ ਅਨੁਸਾਰ ਪਾਉਣ ਅਤੇ ਵੱਖ-ਵੱਖ ਤਰ੍ਹਾਂ ਦੇ ਹੇਅਰ ਸਟਾਈਲ ਨਾ ਕੀਤੇ ਜਾਣ ਦੀ ਹਦਾਇਤ ਕੀਤੀ ਗਈ ਹੈ। ਲੇਡੀ ਪੁਲਿਸ ਨੂੰ ਸਧਾਰਨ ਜੂੜਾ ਬਣਾ ਕੇ ਉੱਪਰ ਜਾਲੀ ਪਾਉਣ ਲਈ ਕਿਹਾ ਗਿਆ ਹੈ। ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ।