’ਦ ਖ਼ਾਲਸ ਬਿਊਰੋ: ਅੱਜ 31 ਅਕਤੂਬਰ ਵਾਲੇ ਦਿਨ ਦੇਸ਼ ਭਰ ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਬਰਸੀ ਮਨਾਈ ਜਾਂਦੀ ਹੈ। ਪਰ ਸਿੱਖ ਕੌਮ ਵਿੱਚ ਇਸ ਦਿਨ ਨੂੰ ਕਿਸੇ ਹੌਰ ਮਕਸਦ ਨਾਲ ਯਾਦ ਕੀਤਾ ਜਾਂਦਾ ਹੈ। ਅੱਜ ਦੇ ਦਿਨ ਸਿੱਖ ਕੌਮ ਦੇ ਅਣਮੁਲੇ ਹੀਰੇ ਕਹੇ ਜਾਣ ਵਾਲੇ ਭਾਈ ਬੇਅੰਤ ਸਿੰਘ ਅਤੇ ਭਾਈ ਸਤਵੰਤ ਸਿੰਘ ਨੇ ਜੂਨ 1984 ਵੇਲੇ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰਨ, ਸ੍ਰੀ ਦਰਬਾਰ ਸਾਹਿਬ ‘ਤੇ ਗੋਲੀਆਂ ਦਾਗ਼ਣ, ਸੈਂਕੜੇ ਸੰਗਤਾਂ ਨੂੰ ਗੁਰਪੁਰਬ ਮੌਕੇ ਤੋਪਾਂ ਟੈਂਕਾਂ ਤੇ ਗੋਲੀਆਂ ਨਾਲ ਮਾਰਨ ਲਈ ਇੰਦਰਾ ਗਾਂਧੀ ਨੂੰ ਗੋਲੀਆਂ ਮਾਰੀਆਂ ਸਨ।
ਸਿੱਖ ਕੌਮ ਵਿੱਚ ਇਨ੍ਹਾਂ ਤਿੰਨਾਂ ਸਿੰਘਾਂ ਨੂੰ ‘ਸ਼ਹੀਦ’ ਦਾ ਦਰਜਾ ਦਿੱਤਾ ਗਿਆ ਹੈ। ਹਰ ਸਾਲ ਇਨ੍ਹਾਂ ਦੇ ਸ਼ਹੀਦੀ ਦਿਹਾੜੇ ਵੀ ਮਨਾਏ ਜਾਂਦੇ ਹਨ ਅਤੇ ਇਸ ਮੌਕੇ ਇਨ੍ਹਾਂ ਦੇ ਪਰਿਵਾਰਾਂ ਨੂੰ ਸਿੱਖਾਂ ਦੇ ਸਿਰਮੌਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਨਮਾਨ ਵੀ ਦਿੱਤਾ ਜਾਂਦਾ ਹੈ। ਬੇਅੰਤ ਸਿੰਘ ਭਾਵੇਂ 31 ਅਕਤੂਬਰ 1984 ਨੂੰ ਹੀ ਗ੍ਰਿਫ਼ਤਾਰੀ ਮੌਕੇ ਸ਼ਹੀਦ ਕਰ ਦਿੱਤੇ ਗਏ ਸਨ, ਪਰ ਭਾਈ ਸਤੰਵਤ ਸਿੰਘ ਅਤੇ ਭਾਈ ਕੇਹਰ ਸਿੰਘ ਨੂੰ 6 ਜਨਵਰੀ 1989 ਨੂੰ ਫਾਂਸੀ ਦੇ ਤਖ਼ਤੇ ਉਤੇ ਲਟਕਾ ਦਿੱਤਾ ਗਿਆ ਸੀ।
ਦੱਸਿਆ ਜਾਂਦਾ ਹੈ ਕਿ ਇੰਦਰਾ ਦੇ ਕਤਲ ਪਿੱਛੋਂ ਭਾਈ ਬੇਅੰਤ ਸਿੰਘ ਅਤੇ ਭਾਈ ਸਤਵੰਤ ਸਿੰਘ ਨੂੰ ਇੱਕ ਕਮਰੇ ਅੰਦਰ ਲਿਜਾ ਕੇ, ਕਿਸੇ ਖ਼ਾਸ ਹੁਕਮ ਤਹਿਤ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਬੇਅੰਤ ਸਿੰਘ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਸਤਵੰਤ ਸਿੰਘ ਨੂੰ ਡਾਕਟਰਾਂ ਨੇ ਕਾਫ਼ੀ ਜੱਦੋਜਹਿਦ ਤੋਂ ਬਾਅਦ ਬਚਾ ਲਿਆ। ਇੱਕ ਗੋਲੀ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਵਿੱਚ ਅਖੀਰ ਤੱਕ ਰਹੀ, ਜਿਸ ਨੂੰ ਜਾਣ ਬੁੱਝ ਕੇ ਨਹੀਂ ਕੱਢਿਆ ਗਿਆ ਤਾਂ ਕਿ ਉਸ ਗੋਲ਼ੀ ਦੀ ਪੀੜ ਲਗਾਤਾਰ ਬਣੀ ਰਹੇ। ਮਗਰੋਂ ਉਨ੍ਹਾਂ ’ਤੇ ਲੰਮਾ ਮੁਕੱਦਮਾ ਚਲਾਇਆ ਗਿਆ।
ਕੇਹਰ ਸਿੰਘ ਤੇ ਦਿੱਲੀ ਪੁਲਿਸ ਦੇ ਇੰਸਪੈਕਟਰ ਬਲਬੀਰ ਸਿੰਘ ਨੂੰ ਫਾਂਸੀ
ਤਤਕਾਲੀ ਸਰਕਾਰ ਨੇ ਪੀਐਮ ਇੰਦਰਾ ਗਾਂਧੀ ਦੇ ਕਤਲ ਨੂੰ ਡੂੰਘੀ ਸਾਜ਼ਿਸ਼ ਕਰਾਰ ਦਿੱਤਾ। ਅਮਰੀਕਨ ਖੂਫ਼ੀਆ ਏਜੰਸੀ ਸੀਆਈਏ ਨੂੰ ਇੰਦਰਾ ਗਾਂਧੀ ਦੇ ਕਤਲ ਲਈ ਜ਼ਿੰਮੇਵਾਰ ਠਹਿਰਾਇਆ ਗਿਆ। ਭਾਈ ਬੇਅੰਤ ਸਿੰਘ ਹੋਰਾਂ ਦੇ ਬਜ਼ੁਰਗ ਰਿਸ਼ਤੇਦਾਰ ਕੇਹਰ ਸਿੰਘ ਤੇ ਦਿੱਲੀ ਪੁਲਿਸ ਦੇ ਇੰਸਪੈਕਟਰ ਬਲਬੀਰ ਸਿੰਘ ਨੂੰ ਵੀ ਸਾਜ਼ਿਸ਼ ’ਚ ਸ਼ਾਮਲ ਕਰਕੇ ਦਿੱਲੀ ਹਾਈਕੋਰਟ ਨੇ ਉਨ੍ਹਾਂ ਨੂੰ ਵੀ ਸਜ਼ਾ-ਏ-ਮੌਤ ਸੁਣਾ ਦਿੱਤੀ।
ਕੇਹਰ ਸਿੰਘ ’ਤੇ ਦੋਸ਼ ਸੀ ਕਿ ਉਨ੍ਹਾਂ ਬੇਅੰਤ ਸਿੰਘ ਨੂੰ ਅੰਮ੍ਰਿਤ ਛਕਣ ਦੀ ਪ੍ਰੇਰਨਾ ਦਿੱਤੀ ਤੇ ਜਿਸ ਕਰਕੇ ਉਹ ‘ਦਹਿਸ਼ਤਗਰਦ’ ਬਣ ਗਏ। ਸੁਪਰੀਮ ਕੋਰਟ ਨੇ ਇੰਸਪੈਕਟਰ ਬਲਬੀਰ ਸਿੰਘ ਨੂੰ ਬਰੀ ਕਰ ਦਿੱਤਾ ਪਰ ਉਨ੍ਹਾਂ ਨੂੰ ਮੁੜ ਨੌਕਰੀ ’ਤੇ ਬਹਾਲ ਨਹੀਂ ਕੀਤਾ ਗਿਆ ਅਤੇ ਨਾ ਹੀ ਉਨ੍ਹਾਂ ਦੀ ਪਿਛਲੀ ਬਣਦੀ ਤਨਖ਼ਾਹ ਦਿੱਤੀ ਗਈ।
ਦੁਨੀਆਂ ਦੇ ਪ੍ਰਮੁੱਖ ਕਾਨੂੰਨਦਾਨਾਂ ਦੀ ਰਾਇ ਸੀ ਕਿ ਬੇਅੰਤ ਸਿੰਘ ਦੇ ਰਿਸ਼ਤੇਦਾਰ ਕੇਹਰ ਸਿੰਘ ਨੂੰ ਫਾਂਸੀ ਦੀ ਸਜ਼ਾ ਨਜਾਇਜ਼ ਸੀ। ਉਨ੍ਹਾਂ ਦਾ ਇੰਦਰਾ ਗਾਂਧੀ ਦੇ ਕਤਲ ਵਿੱਚ ਕੋਈ ਹੱਥ ਸਾਬਤ ਨਹੀਂ ਹੁੰਦਾ। ਫਿਰ ਵੀ ਕੇਹਰ ਸਿੰਘ ਨੇ ਹੱਸ ਕੇ ਫਾਂਸੀ ਦੀ ਸਜ਼ਾ ਕਬੂਲ ਕੀਤੀ। ਸਤਵੰਤ ਸਿੰਘ ਤੇ ਕੇਹਰ ਸਿੰਘ, ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਹਰਿਆਂ ਨਾਲ 6 ਜਨਵਰੀ, 1989 ਦੀ ਸਵੇਰ ਨੂੰ ਤਿਹਾੜ ਜੇਲ੍ਹ ਵਿੱਚ ਫਾਂਸੀ ਘਰ ਵੱਲ ਵਧੇ।
ਕਿਵੇਂ ਹੋਇਆ ਸੀ ਇੰਦਰਾ ਗਾਂਧੀ ਦਾ ਕਤਲ
1984 ਵਿੱਚ 30 ਅਕਤੂਬਰ ਨੂੰ ਉੜੀਸਾ ਵਿੱਚ ਚੋਣਾਂ ਦੇ ਪ੍ਰਚਾਰ ਵਿੱਚੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਾਪਿਸ ਆਏ ਸੀ। ਉਨ੍ਹਾਂ ’ਤੇ ਇੱਕ ਡਾਕੂਮੈਂਟਰੀ ਬਣਾਉਣ ਲਈ ਪੀਟਰ ਉਸਤੀਨੋਵ ਆਏ ਹੋਏ ਸਨ। 31 ਅਕਤੂਬਰ ਨੂੰ ਮੁਲਾਕਾਤ ਦਾ ਸਮਾਂ ਤੈਅ ਸੀ। ਸਵੇਰੇ 9 ਵਜ ਕੇ 5 ਮਿੰਟ ਤੇ ਇੰਟਰਵਿਊ ਦੀ ਤਿਆਰੀ ਹੋ ਚੁੱਕੀ ਸੀ। ਜਦੋਂ ਇੰਦਰਾ ਗਾਂਧੀ ਬਾਹਰ ਨਿਕਲੇ ਤਾਂ ਸਬ-ਇੰਸਪੈਕਟਰ ਬੇਅੰਤ ਸਿੰਘ ਅਤੇ ਸੰਤਰੀ ਬੂਥ ‘ਤੇ ਕਾਂਸਟੇਬਲ ਸਤਵੰਤ ਸਿੰਘ ਸਟੇਨਗੰਨ ਲੈ ਕੇ ਖੜੇ ਸਨ।
ਪ੍ਰਧਾਨ ਮੰਤਰੀ ਨੂੰ ਦੋਵਾਂ ਸਰੁੱਖਿਆ ਗਾਰਡਾਂ ਨੇ ਸਲਿਊਟ ਮਾਰਿਆ ਹੀ ਸੀ ਅਤੇ ਅਚਾਨਕ ਬੇਅੰਤ ਸਿੰਘ ਨੇ .38 ਬੋਰ ਦੀ ਸਰਕਾਰੀ ਰਿਵਾਲਵਰ ਕੱਢੀ ਅਤੇ ਇੰਦਰਾ ਗਾਂਧੀ ‘ਤੇ ਫਾਇਰ ਕੀਤਾ। ਬੀਬੀਸੀ ਪੰਜਾਬੀ ਦੀ ਰਿਪੋਰਟ ਮੁਤਾਬਕ ਪਹਿਲੀ ਗੋਲ਼ੀ ਗੋਲੀ ਇੰਦਰਾ ਦੇ ਢਿੱਡ ’ਚ ਵੱਜੀ। ਇੰਦਰਾ ਨੇ ਚਿਹਰਾ ਬਚਾਉਣ ਦੇ ਲਈ ਆਪਣਾ ਸੱਜਾ ਹੱਥ ਚੁੱਕਿਆ ਪਰ ਉਸੇ ਵੇਲੇ ਬੇਅੰਤ ਨੇ ਬਿਲਕੁਲ ਪੁਆਇੰਟ ਬਲੈਂਕ ਰੇਜ ਤੋਂ ਦੋ ਫਾਇਰ ਹੋਰ ਕੀਤੇ। ਇਹ ਗੋਲੀਆਂ ਉਨ੍ਹਾਂ ਦੇ ਸੀਨੇ ਅਤੇ ਕਮਰ ਵਿੱਚ ਲੱਗੀਆਂ।
ਉੱਥੋਂ ਪੰਜ ਫੁੱਟ ਦੀ ਦੂਰੀ ‘ਤੇ ਸਤਵੰਤ ਸਿੰਘ ਆਪਣੀ ਆਟੋਮੈਟਿਕ ਕਾਰਬਾਈਨ ਦੇ ਨਾਲ ਖੜ੍ਹੇ ਸਨ। ਇੰਦਰਾ ਗਾਂਧੀ ਨੂੰ ਡਿੱਗਦੇ ਦੇਖ ਉਹ ਦਹਿਸ਼ਤ ਵਿੱਚ ਆ ਗਏ, ਆਪਣੀ ਥਾਂ ਤੋਂ ਹਿੱਲੇ ਤੱਕ ਨਹੀਂ। ਬੇਅੰਤ ਸਿੰਘ ਨੇ ਉਨ੍ਹਾਂ ਨੂੰ ਜ਼ੋਰ ਦੀ ਆਵਾਜ਼ ਵਿੱਚ ਕਿਹਾ, ਗੋਲੀ ਚਲਾਓ। ਸਤਵੰਤ ਸਿੰਘ ਨੇ ਫੌਰਨ ਆਪਣੀ ਆਟੋਮੈਟਿਕ ਕਾਰਬਾਈਨ ਦੀਆਂ 25 ਗੋਲੀਆਂ ਇੰਦਰਾ ਗਾਂਧੀ ‘ਤੇ ਚਲਾ ਦਿੱਤੀਆਂ। ਬੇਅੰਤ ਦਾ ਪਹਿਲਾ ਫਾਇਰ ਹੋਏ 25 ਸਕਿੰਟ ਬੀਤ ਚੁੱਕੇ ਸਨ ਅਤੇ ਹੇਰ ਮੁਲਾਜ਼ਮਾਂ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਸੀ।
ਉਸ ਸਮੇਂ ਬੇਅੰਤ ਤੇ ਸਤਵੰਤ ਨੇ ਆਪਣੇ ਹਥਿਆਰ ਸੁੱਟ ਦਿੱਤੇ। ਬੇਅੰਤ ਨੇ ਕਿਹਾ, ‘ਅਸੀਂ ਜੋ ਕੁਝ ਕਰਨਾ ਸੀ, ਅਸੀਂ ਕਰ ਦਿੱਤਾ। ਹੁਣ ਤੁਸੀਂ ਜੋ ਕਰਨਾ ਹੈ, ਕਰੋ।’ ਉਸੇ ਵੇਲੇ ਸਿਪਾਹੀ ਨਾਰਾਇਣ ਸਿੰਘ ਨੇ ਬੇਅੰਤ ਨੂੰ ਜ਼ਮੀਨ ’ਤੇ ਸੁੱਟ ਲਿਆ। ਨੇੜੇ ਗਾਰਡ ਰੂਮ ਤੋਂ ਆਈਟੀਬੀਪੀ ਦੇ ਜਵਾਨ ਦੌੜਦੇ ਹੋਏ ਆਏ ਅਤੇ ਉਨ੍ਹਾਂ ਨੇ ਸਤਵੰਤ ਸਿੰਘ ਨੂੰ ਵੀ ਘੇਰੇ ਵਿੱਚ ਲੈ ਲਿਆ। ਉੱਥੇ ਹਰ ਸਮੇਂ ਐਂਬੂਲੈਂਸ ਖੜ੍ਹੀ ਰਹਿੰਦੀ ਸੀ ਪਰ ਉਸ ਦਿਨ ਉਸ ਦਾ ਡਰਾਈਵਰ ਨਦਾਰਦ ਸੀ। ਫਿਰ ਇੰਦਰਾ ਗਾਂਧੀ ਨੂੰ ਕਾਰ ਵਿੱਚ ਵੀ ਹਸਪਤਾਲ ਲਿਜਾਇਆ ਗਿਆ।
ਕਾਰ 9 ਵੱਜ ਕੇ 32 ਮਿੰਟ ‘ਤੇ ਏਮਸ ਪਹੁੰਚੀ। ਪਰ ਉੱਥੇ ਵੀ ਇੱਕ ਸਟ੍ਰੈਚਰ ਤਕ ਮੌਜੂਦ ਨਹੀਂ ਸੀ। ਉਸ ਸਮੇਂ ਇੰਦਰਾ ਗਾਂਧੀ ਦੇ ਟੈਸਟ ਵਿੱਚ ਇੰਦਰਾ ਦੇ ਦਿਲ ਦੀ ਮਾਮੂਲੀ ਹਰਕਤ ਦਿਖਾਈ ਦੇ ਰਹੀ ਸੀ ਪਰ ਨਾੜੀ ਵਿੱਚ ਕੋਈ ਧੜਕਨ ਨਹੀਂ ਮਿਲ ਰਹੀ ਸੀ। ਡਾਕਟਰਾਂ ਨੇ ਉਨ੍ਹਾਂ ਦੇ ਮੂੰਹ ਜ਼ਰੀਏ ਉਨ੍ਹਾਂ ਦੀ ਸਾਹ ਦੀ ਨਲੀ ਵਿੱਚ ਇੱਕ ਟਿਊਬ ਵਾੜੀ, ਤਾਂ ਜੋ ਫੇਫੜਿਆਂ ਤੱਕ ਆਕਸੀਜਨ ਪਹੁੰਚ ਸਕੇ ਅਤੇ ਦਿਮਾਗ਼ ਨੂੰ ਜ਼ਿੰਦਾ ਰੱਖਿਆ ਜਾ ਸਕੇ। ਉਨ੍ਹਾਂ ਨੂੰ 80 ਬੋਤਲ ਖ਼ੂਨ ਦਿੱਤਾ ਗਿਆ ਜੋ ਉਨ੍ਹਾਂ ਦੇ ਸਰੀਰ ਦੇ ਖ਼ੂਨ ਤੋਂ ਪੰਜ ਗੁਣਾ ਸੀ।
ਡਾਕਟਰਾਂ ਨੇ ਉਨ੍ਹਾਂ ਦੇ ਸਰੀਰ ਨੂੰ ਹਾਰਟ ਐਂਡ ਲੰਗ ਮਸ਼ੀਨ ਨਾਲ ਜੋੜ ਦਿੱਤਾ, ਜੋ ਕਿ ਉਨ੍ਹਾਂ ਦੇ ਖ਼ੂਨ ਨੂੰ ਸਾਫ਼ ਕਰਨ ਦਾ ਕੰਮ ਕਰਨ ਲੱਗੀ, ਜਿਸ ਦੇ ਕਾਰਨ ਉਨ੍ਹਾਂ ਦੇ ਖ਼ੂਨ ਦਾ ਤਾਪਮਾਨ 37 ਡਿਗਰੀ ਦੇ ਆਮ ਤਾਪਮਾਨ ਤੋਂ ਘੱਟ ਕੇ 31 ਹੋ ਗਿਆ। ਇਹ ਸਾਫ਼ ਸੀ ਕਿ ਇੰਦਰਾ ਇਸ ਦੁਨੀਆਂ ਤੋਂ ਜਾ ਚੁੱਕੇ ਸਨ ਪਰ ਫਿਰ ਵੀ ਉਨ੍ਹਾਂ ਨੂੰ ਏਮਸ ਦੀ ਅੱਠਵੀਂ ਮੰਜ਼ਿਲ ਦੇ ਆਪਰੇਸ਼ਨ ਥਿਏਟਰ ਵਿੱਚ ਲਿਜਾਇਆ ਗਿਆ। ਡਾਕਟਰਾਂ ਨੇ ਦੇਖਿਆ ਕਿ ਗੋਲੀਆਂ ਨੇ ਉਨ੍ਹਾਂ ਦੇ ਲੀਵਰ ਦੇ ਸੱਜੇ ਹਿੱਸੇ ਨੂੰ ਛੱਲਣੀ ਕਰ ਦਿੱਤਾ ਸੀ। ਉਨ੍ਹਾਂ ਦੀ ਅੰਤੜੀ ਵਿੱਚ ਘੱਟੋ-ਘੱਟ 12 ਸੁਰਾਖ਼ ਹੋ ਗਏ ਸਨ। ਉਨ੍ਹਾਂ ਦੇ ਇੱਕ ਫੇਫੜੇ ਵਿੱਚ ਵੀ ਗੋਲੀ ਲੱਗੀ ਸੀ ਅਤੇ ਰੀੜ੍ਹ ਦੀ ਹੱਡੀ ਵੀ ਗੋਲੀਆਂ ਕਰਕੇ ਟੁੱਟ ਚੁੱਕੀ ਸੀ। ਸਿਰਫ਼ ਉਨ੍ਹਾਂ ਦਾ ਦਿਲ ਸਲਾਮਤ ਸੀ।
ਆਪਣੇ ਅੰਗ ਰੱਖਿਅਕਾਂ ਵੱਲੋਂ ਗੋਲੀ ਮਾਰੇ ਜਾਣ ਦੇ ਤਕਰੀਬਨ ਚਾਰ ਘੰਟਿਆਂ ਬਾਅਦ 2 ਵੱਜ ਕੇ 23 ਮਿੰਟ ‘ਤੇ ਇੰਦਰਾ ਗਾਂਧੀ ਨੂੰ ਮ੍ਰਿਤਕ ਐਲਾਨਿਆ ਗਿਆ। ਸਰਕਾਰੀ ਏਜੰਸੀਆਂ ਨੇ ਐਲਾਨ ਸ਼ਾਮ 6 ਵਜੇ ਤੱਕ ਨਹੀਂ ਕੀਤਾ। ਇੰਦਰਾ ਗਾਂਧੀ ਦੀ ਜੀਵਨੀ ਲਿਖਣ ਵਾਲੇ ਇੰਦਰ ਮਲਹੌਤਰਾ ਨੇ ਦੱਸਿਆ ਸੀ ਕਿ ਖ਼ੁਫੀਆ ਏਜੰਸੀਆਂ ਨੂੰ ਖਦਸ਼ਾ ਸੀ ਕਿ ਇੰਦਰਾ ਗਾਂਧੀ ‘ਤੇ ਇਸ ਤਰੀਕੇ ਦਾ ਹਮਲਾ ਹੋ ਸਕਦਾ ਹੈ। ਉਨ੍ਹਾਂ ਨੇ ਸਿਫ਼ਾਰਿਸ਼ ਕੀਤੀ ਸੀ ਸਾਰੇ ਸਿੱਖ ਮੁਲਾਜ਼ਮਾਂ ਨੂੰ ਇੰਦਰਾ ਦੇ ਨਿਵਾਸ ਸਥਾਨ ਤੋਂ ਹਟਾ ਲਿਆ ਜਾਏ ਪਰ ਇੰਦਰਾ ਗਾਂਧੀ ਨੇ ਇਨਕਾਰ ਕਰ ਦਿੱਤਾ ਸੀ।
ਏਮਸ ਵਿੱਚ ਸੈਂਕੜੇ ਲੋਕ ਇਕੱਤਰ ਹੋਏ ਸਨ। ਹੌਲੀ –ਹੌਲੀ ਇਹ ਖ਼ਬਰ ਫੈਲ ਗਈ ਕਿ ਇੰਦਰਾ ਗਾਂਧੀ ਨੰ ਦੋ ਸਿੱਖਾਂ ਨੇ ਗੋਲੀ ਮਾਰੀ ਹੈ। ਇਸ ਨਾਲ ਮਾਹੌਲ ਖਰਾਬ ਹੋ ਲੱਗਾ। ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੀ ਕਾਰ ‘ਤੇ ਪਥਰਾਅ ਹੋਇਆ। ਸ਼ਾਮ ਨੂੰ ਹਸਪਤਾਲ ਤੋਂ ਵਾਪਸ ਆਉਂਦੇ ਲੋਕਾਂ ਨੇ ਕੁਝ ਇਲਾਕਿਆਂ ਵਿੱਚ ਭੰਨ–ਤੋੜ ਸੁਰੂ ਕਰ ਦਿੱਤੀ ਸੀ। ਹੌਲੀ–ਹੌਲੀ ਦਿੱਲੀ ਸਿੱਖ ਕਤਲੇਆਮ ਦੀ ਅੱਗ ਵਿੱਚ ਝੁਲਸ ਗਈ ਸੀ। ਰਾਤ ਹੋਣ ਤੱਕ ਦੇਸ਼ ਦੇ ਕਈ ਹਿੱਸਿਆ ਵਿੱਚ ਸਿੱਖ ਵਿਰੋਧੀ ਦੰਗੇ ਭੜਕ ਗਏ।
ਕੀ ਇੰਦਰਾ ਦਾ ਕਤਲ ਅਮਰੀਕੀ ਏਜੰਸੀ ਨੇ ਕਰਾਇਆ
ਕੁਝ ਇਤਿਹਾਸਕਾਰ ਮੰਨਦੇ ਹਨ ਕਿ ਇੰਦਰਾ ਗਾਂਧੀ ਦਾ ਕਤਲ ਅਮਰੀਕੀ ਏਜੰਸੀ ਦੇ ਕਹੇ ਤੇ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਗਏ ਇਕ ਪੱਤਰ ਵਿਚ ਸਿੱਖ ਇਤਿਹਾਸਕਾਰ ਡਾ. ਸੰਗਤ ਸਿੰਘ ਨੇ ਕਿਹਾ ਹੈ ਕਿ ਇੰਦਰਾ ਗਾਂਧੀ ਦਾ ਕਤਲ 31 ਅਕਤੂਬਰ 1984 ਨੂੰ ਅਮਰੀਕਾ ਦੀ ਏਜੰਸੀ ਸੀਆਈਏ ਨੇ ਕਰਵਾਇਆ ਸੀ ਕਿਉਂਕਿ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਰੌਨਲਡ ਰੀਗਨ ਨੂੰ ਇੰਦਰਾ ਗਾਂਧੀ ਦਾ ਜਿਊਂਦੇ ਰਹਿਣਾ ਮਨਜ਼ੂਰ ਨਹੀਂ ਸੀ। ਉਨ੍ਹਾਂ ਮੁਤਾਬਕ ਸ਼ਾਇਦ ਪਾਕਿਸਤਾਨ ਦੇ ਤਤਕਾਲੀ ਰਾਸ਼ਟਰਪਤੀ ਵੀ ਇਸ ਕਾਰਵਾਈ ਵਿੱਚ ਸ਼ਾਮਲ ਸਨ।
ਇਕਨੋਮਿਕ ਟਾਈਮਜ਼ ਵਿੱਚ ਛਪੀ ਖ਼ਬਰ ਦਾ ਹਵਾਲਾ ਦਿੰਦੇ ਹੋਏ ਡਾ. ਸੰਗਤ ਸਿੰਘ ਨੇ ਕਿਹਾ ਕਿ ਇਸ ਅਖ਼ਬਾਰ ਨੇ ਇਹ ਖ਼ਬਰ 30 ਜਨਵਰੀ 2017 ਨੂੰ ਛਾਪੀ ਹੈ। ਪ੍ਰਧਾਨ ਮੰਤਰੀ ਨੂੰ ਇਸ ਖ਼ਬਰ ਦੀ ਕਾਪੀ ਵੀ ਭੇਜੀ ਗਈ ਹੈ। ਡਾ. ਸੰਗਤ ਸਿੰਘ ਨੇ ਕਿਹਾ ਹੈ ਕਿ ਪਿਛਲੇ ਦਿਨੀਂ ਸੀਆਈਏ ਨਾਲ ਸਬੰਧ ਰੱਖਦੇ 30 ਸਾਲ ਪੁਰਾਣੇ ਕਾਗ਼ਜ਼ ਜਨਤਕ ਕੀਤੇ ਗਏ ਹਨ।
ਇੰਦਰਾ ਗਾਂਧੀ ਦੇ ਕਤਲ ਦੀ ਯੋਜਨਾ ਦੇ ਨਵੇਂ ਤੱਥ
ਦੂਜੇ ਪਾਸੇ ਸਿੱਖ ਮਾਮਲਿਆਂ ਦੇ ਮਾਹਰ ਅਤੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਆਪਣੀ ਕਿਤਾਬ ‘ਰਿਵਰਸ ਆਨ ਫਾਇਰ’ ਵਿੱਚ ਇੰਦਰਾ ਗਾਂਧੀ ਦੇ ਕਤਲ ਦੇ ਨਵੇਂ ਤੱਥ ਸਾਹਮਣੇ ਲਿਆਂਦੇ ਹਨ। ਉਨ੍ਹਾਂ ਮੁਤਾਬਕ ਕੇਹਰ ਸਿੰਘ ਤੇ ਬੇਅੰਤ ਸਿੰਘ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਗਏ ਸਨ ਜਿੱਥੇ ਵੈਰਾਗਮਈ ਕੀਰਤਨ ਸੁਣ ਕੇ ਬੇਅੰਤ ਸਿੰਘ ਭਾਵੁਕ ਹੋ ਗਏ। ਇਸ ਮੌਕੇ ਕੇਹਰ ਸਿੰਘ ਨੇ ਬੇਅੰਤ ਸਿੰਘ ਨੂੰ ਕਿਹਾ ਕਿ ਸਾਨੂੰ ਵੈਰਾਗ ਦੀ ਥਾਂ ਕੁਝ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਇੱਥੋਂ ਹੀ ਇੰਦਰਾ ਗਾਂਧੀ ਦੇ ਕਤਲ ਦੀ ਯੋਜਨਾ ਦੀ ਸ਼ੁਰੂਆਤ ਹੋਈ। ਸ਼ੁਰੂ ਵਿੱਚ ਮਹਿਜ਼ ਬੇਅੰਤ ਸਿੰਘ ਅਤੇ ਕੇਹਰ ਸਿੰਘ ਨੇ ਹੀ ਇਸ ਤਰ੍ਹਾਂ ਦੀ ਯੋਜਨਾ ਬਾਰੇ ਸੋਚਿਆ ਸੀ।
ਇਸ ਦੌਰਾਨ ਇਸ ਗੱਲ ਦਾ ਵੀ ਧਿਆਨ ਰੱਖਿਆ ਗਿਆ ਕਿ ਜੇ ਕੋਈ ਕਾਰਵਾਈ ਕੀਤੀ ਤਾਂ ਨਤੀਜਾ ਪਤਾ ਹੈ, ਕਾਰਵਾਈ ਮਗਰੋਂ ਪਰਿਵਾਰ ਦੀ ਸੁਰੱਖਿਆ ਦਾ ਵੀ ਖ਼ਿਆਲ ਕੀਤਾ ਗਿਆ। ਇਸ ਦੇ ਲਈ ਸਿੰਘਾਂ ਨੇ ਮਨਬੀਰ ਸਿੰਘ ਚਹੇੜੂ ਅਤੇ ਭਾਈ ਪ੍ਰੇਮ ਸਿੰਘ ਦਮਦਮੀ ਟਕਸਾਲ ਵਾਲਿਆਂ ਨਾਲ ਮੁਲਾਕਾਤ ਕੀਤੀ। ਇੱਥੇ ਜਗਤਾਰ ਸਿੰਘ ਨੇ ਨਾਲ ਹੀ ਇਹ ਵੀ ਯਕੀਨੀ ਕੀਤਾ ਹੈ ਕਿ ਟਕਸਾਲ ਦਾ ਇੰਦਰਾ ਗਾਂਧੀ ਦੇ ਕਤਲ ਦੀ ਯੋਜਨਾ ਵਿੱਚ ਕੋਈ ਹੱਥ ਨਹੀਂ ਸੀ। ਉਨ੍ਹਾਂ ਮੁਤਾਬਕ ਸਤਵੰਤ ਸਿੰਘ ਨੂੰ ਬਾਅਦ ਵਿੱਚ ਯੋਜਨਾ ’ਚ ਸ਼ਾਮਲ ਕੀਤਾ ਗਿਆ ਸੀ। ਸਿਰਫ਼ ਪਰਿਵਾਰ ਦੀ ਸੁਰੱਖਿਆ ਯਕੀਨੀ ਕਰਨ ਵਾਸਤੇ ਟਕਸਾਲ ਦੇ ਦੋ ਸਿੰਘਾਂ (ਮਨਬੀਰ ਸਿੰਘ ਚਹੇੜੂ ਅਤੇ ਭਾਈ ਪ੍ਰੇਮ ਸਿੰਘ) ਨਾਲ ਰਾਬਤਾ ਕੀਤਾ ਗਿਆ ਸੀ, ਪਰ ਟਕਸਾਲ ਦਾ ਕਿਸੋ ਤਰ੍ਹਾਂ ਦੀ ਯੋਜਨਾ ਵਿੱਚ ਕੋਈ ਰੋਲ ਨਹੀਂ ਸੀ। ਪਰ ਟਕਸਾਲ ਨੇ ਬਾਅਦ ਵਿੱਚ ਬੇਅੰਤ ਸਿੰਘ ਦੇ ਪਰਿਵਾਰ ਦੀ ਲਗਾਤਾਰ ਮਦਦ ਕੀਤੀ।