‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਵਿੱਚ ਵਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਗੰਭੀਰਤਾਂ ਨਾਲ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਬੰਦੀਆਂ ਦੇ ਨਵੇਂ ਹੁਕਮ ਜਾਰੀ ਕੀਤੇ ਹਨ। ਪੰਜਾਬ ਸਰਕਾਰ ਨੇ ਸੂਬੇ ਵਿੱਚ ਸਕੂਲ ਤੇ ਕਾਲਜਾਂ ਨੂੰ 30 ਅਪ੍ਰੈਲ ਤੱਕ ਬੰਦ ਕਰਨ ਦਾ ਹੁਕਮ ਦਿੱਤਾ ਹੈ। ਇਸ ਤੋਂ ਇਲਾਵਾ ਲੋਕਾਂ ਦੇ ਇਕੱਠ ‘ਤੇ ਵੀ ਪਾਬੰਦੀ ਲਾਈ ਗਈ ਹੈ। ਇਨ੍ਹਾਂ ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਮੁਕੱਦਮੇ ਦਰਜ ਕੀਤੇ ਜਾਣਗੇ।
ਸਿਆਸੀ ਰੈਲੀਆਂ ਕਰਨ ‘ਤੇ ਵੀ ਰੋਕ ਲਾਈ ਗਈ ਹੈ ਤੇ ਰੈਲੀ ਕਰਨ ਵਾਲੇ ਲੀਡਰਾਂ ‘ਤੇ ਪਰਚੇ ਦਰਜ ਕੀਤੇ ਜਾਣਗੇ। ਇਸ ਤੋਂ ਇਲਾਵਾ ਰੈਲੀ ਵਾਲੀ ਥਾਂ ਤਿੰਨ ਮਹੀਨਿਆਂ ਲਈ ਸੀਲ ਕਰ ਦਿੱਤੀ ਜਾਵੇਗੀ ਤੇ ਇਨ੍ਹਾਂ ਰੈਲੀਆਂ ਲਈ ਟੈਂਟ ਦੇਣ ਵਾਲਿਆਂ ‘ਤੇ ਵੀ ਪਰਚਾ ਦਰਜ ਕੀਤਾ ਜਾਵੇਗਾ।
ਪੰਜਾਬ ਸਰਕਾਰ ਨੇ ਰਾਤ ਦੇ ਕਰਫਿਊ ਨੂੰ ਵੀ ਸਾਰੇ ਪੰਜਾਬ ਵਿੱਚ ਲਾਗੂ ਕਰ ਦਿੱਤਾ ਹੈ। ਪਹਿਲਾਂ ਇਹ ਸਿਰਫ 12 ਜਿਲ੍ਹਿਆਂ ਵਿੱਚ ਲਾਗੂ ਸੀ। ਨਵੇਂ ਹੁਕਮਾਂ ਅਨੁਸਾਰ ਹੁਣ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਜਾਰੀ ਰਹੇਗਾ।
ਕੈਪਟਨ ਨੇ ਡੀਜੀਪੀ ਨੂੰ ਸਖਤੀ ਕਰਨ ਦੇ ਹੁਕਮ ਜਾਰੀ ਕੀਤੇ ਹਨ ਤੇ ਸਾਰੇ ਸਰਕਾਰੀ ਦਫਤਰਾਂ ਵਿਚ ਮਾਸਕ ਪਾਉਣਾ ਲਾਜ਼ਿਮੀ ਕਰ ਦਿੱਤਾ ਗਿਆ ਹੈ। ਇੱਕ ਹੋਰ ਹੁਕਮ ਅਨੁਸਾਰ ਖੁਲ੍ਹੀ ਥਾਂ ਕੀਤੇ ਇਕੱਠ ਵਿੱਚ 100 ਲੋਕਾਂ ਤੇ ਅੰਦਰੂਨੀ ਥਾਂ ਲਈ 50 ਲੋਕਾਂ ਦੇ ਇਕੱਠੇ ਹੋਣ ਦੀ ਇਜਾਜ਼ਤ ਹੋਵੇਗੀ।
ਇਹ ਪਾਬੰਦੀਆਂ ਜਾਰੀ ਕਰਦਿਆਂ ਸੂਬੇ ਦੇ ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਕੱਸਿਆ ਨਿਸ਼ਾਨਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਬਿਨਾਂ ਪ੍ਰੋਟੋਕਾਲ ਫਾਲੋ ਕੀਤੇ ਹੀ ਇਹ ਰੈਲੀਆਂ ਕੀਤੀਆਂ ਹਨ।