India Punjab

ਸੰਨੀ ਦਿਓਲ ਦੀ Gadar 2 ਫਿਲਮ ਦੇ ਸੀਨ ਨੂੰ ਲੈ ਕੇ ਭਖਿਆ ਨਵਾਂ ਵਿਵਾਦ, SGPC ਵੱਲੋਂ ਕਾਰਵਾਈ ਦੀ ਮੰਗ

New controversy over Sunny Deol's Gadar 2 movie scene, demands action from SGPC

ਚੰਡੀਗੜ੍ਹ : ਬਾਲੀਵੁੱਡ ਅਦਾਕਾਰ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫਿਲਮ ਗਦਰ ਸਾਲ 2001 ਵਿੱਚ ਰਿਲੀਜ਼ ਹੋਈ ਸੀ ਜੋ ਇੱਕ ਬਲਾਕਬਸਟਰ ਸਾਬਤ ਹੋਈ, ਜਿਸ ਤੋਂ ਬਾਅਦ ਹੁਣ ਇਕ ਵਾਰ ਫਿਰ ਗ਼ਦਰ 2 ਫ਼ਿਲਮ ਬਣਾਈ ਜਾ ਰਹੀ ਹੈ। ਇਸ ਫਿਲਮ ਦੀ ਵੱਖ-ਵੱਖ ਥਾਵਾਂ ‘ਤੇ ਸ਼ੂਟਿੰਗ ਦੀ ਕੀਤੀ ਜਾ ਰਹੀ। ਫ਼ਿਲਮ ਦੇ ਇੱਕ ਰੋਮੈਂਟਿਕ ਸੀਨ ਦੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਸੰਨੀ ਦਿਓਲ ਫਿਲਮ ਗਦਰ-2 ਵਿਵਾਦਾਂ ‘ਚ ਘਿਰ ਗਈ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਫਿਲਮ ਦੇ ਇਕ ਸੀਨ ‘ਤੇ ਇਤਰਾਜ਼ ਜਤਾਇਆ ਹੈ। SGPC ਨੇ ਸੰਨੀ ਦੇ ਨਾਲ-ਨਾਲ ਫ਼ਿਲਮ ਨਿਰਦੇਸ਼ਕ ਖ਼ਿਲਾਫ਼ ਵੀ ਕਾਰਵਾਈ ਦੀ ਮੰਗ ਕੀਤੀ ਹੈ।

ਦਰਅਸਲ, ਗਦਰ-2 ਦੇ ਇੱਕ ਸੀਨ ‘ਤੇ ਐਸਜੀਪੀਸੀ ਨੂੰ ਇਤਰਾਜ਼ ਹੈ। ਫਿਲਮ ਦਾ ਇਹ ਸੀਨ ਇੱਕ ਗੁਰਦੁਆਰੇ ਵਿੱਚ ਸ਼ੂਟ ਕੀਤਾ ਗਿਆ ਹੈ। ਇਸ ਵਿੱਚ ਸੰਨੀ ਦਿਓਲ ਅਤੇ ਅਦਾਕਾਰਾ ਅਮੀਸ਼ਾ ਪਟੇਲ ਇੱਕ ਦੂਜੇ ਨੂੰ ਗਲੇ ਲਗਾਉਂਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਪਿੱਛੇ ਇੱਕ ਜਥਾ ਗੱਤਕਾ ਵੀ ਕਰਦਾ ਨਜ਼ਰ ਆ ਰਿਹਾ ਹੈ। ਫਿਲਹਾਲ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਅਤੇ ਸ਼ੂਟਿੰਗ ਦੌਰਾਨ ਇਹ ਸੀਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ।

ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖ ਹੋਣ ਦੇ ਨਾਤੇ ਸੰਨੀ ਦਿਓਲ ਗੁਰਦੁਆਰੇ ਦੀ ਹਦੂਦ ਅੰਦਰ ਅਜਿਹਾ ਸੀਨ ਫਿਲਮਾ ਰਿਹਾ ਹੈ। ਦੋਵੇਂ ਅਜਿਹੀ ਮੁਦਰਾ ਵਿੱਚ ਹਨ, ਜੋ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਵਿੱਚ ਨਿੰਦਣਯੋਗ ਹੈ ਅਤੇ ਉਨ੍ਹਾਂ ਉੱਤੇ ਫੁੱਲਾਂ ਦੀ ਵਰਖਾ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਗੁਰਦੁਆਰੇ ਦੀ ਮਰਿਆਦਾ ਹੈ ਅਤੇ ਇੱਥੇ ਅਜਿਹੇ ਸੀਨ ਨਹੀਂ ਸ਼ੂਟ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਦੀ ਵੀਡੀਓ ਇਸ ਤਰੀਕੇ ਵਾਇਰਲ ਹੋਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।