‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ (Sri Darbar Sahib) ਨੇੜੇ ਇੱਕ ਮਾਮਲੇ ਤੋਂ ਹੋਈ ਤਕਰਾਰ ਮਗਰੋਂ ਇੱਕ ਨੌਜਵਾਨ ਦੀ ਜਾਨ ਚਲੀ ਗਈ ਸੀ। ਹਾਲਾਂਕਿ, ਕੁਝ ਮੀਡੀਆ ਅਦਾਰਿਆਂ ਵੱਲੋਂ ਇਸਨੂੰ ਕ ਤਲ ਦੀ ਵਾਰਦਾਤ ਕਹਿ ਕੇ ਦਿਖਾਇਆ ਜਾ ਰਿਹਾ ਹੈ ਪਰ ਇਸ ਮਾਮਲੇ ‘ਚ ਆਈ ਇੱਕ ਨਵੀਂ ਸੀਸੀਟੀਵੀ ਫੁਟੇਜ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਫੁਟੇਜ ਵਿੱਚ ਇੱਕ ਨੌਜਵਾਨ ਵੱਲੋਂ ਪੈਦਲ ਜਾ ਰਹੀ ਇੱਕ ਲੜਕੀ ਦੇ ਨਾਲ ਕਥਿਤ ਤੌਰ ਉੱਤੇ ਛੇੜ ਛਾੜ ਕੀਤੀ ਜਾ ਰਹੀ ਦਿਸ ਰਹੀ ਹੈ। ਕਾਫ਼ੀ ਸਮਾਂ ਦੋਵੇਂ ਜਣੇ ਸੜਕ ਦੇ ਇੱਕ ਕਿਨਾਰੇ ਉੱਤੇ ਆਪਸ ਵਿੱਚ ਤਕਰਾਰਬਾਜ਼ੀ ਕਰਦੇ ਦਿਖੇ। ਥੋੜੇ ਸਮੇਂ ਬਾਅਦ ਦੋ ਨਿਹੰਗ ਸਿੰਘ ਉੱਥੋਂ ਦੀ ਗੁਜ਼ਰ ਰਹੇ ਸਨ ਤਾਂ ਲੜਕੀ ਨੇ ਇੱਕ ਨਿਹੰਗ ਸਿੰਘ ਨੂੰ ਪਿੱਛਿਓਂ ਆਵਾਜ਼ ਮਾਰੀ। ਜਦੋਂ ਨਿਹੰਗ ਸਿੰਘ ਲੜਕੀ ਦੀ ਗੱਲ ਸੁਣਨ ਲਈ ਖੜੇ ਤਾਂ ਨੌਜਵਾਨ ਮੋਟਰਸਾਈਕਲ ਉੱਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਇੱਕ ਨਿਹੰਗ ਸਿੰਘ ਨੇ ਤੁਰੰਤ ਉਸਨੂੰ ਰੋਕ ਲਿਆ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਤਕਰਾਰ ਹੋ ਗਿਆ ਅਤੇ ਗੱਲ ਹੱਥੋਪਾਈ ਤੱਕ ਪਹੁੰਚ ਗਈ। ਦੋਵਾਂ ਵਿਚਾਲੇ ਜ਼ਬਰਦਸਤ ਝੜਪ ਹੋਣ ਤੋਂ ਬਾਅਦ ਨੌਜਵਾਨ ਜ਼ਖ਼ਮੀ ਹੋ ਗਿਆ।
ਦੂਜੇ ਪਾਸੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਸੀਸੀਟੀਵੀ ਫੁਟੇਜ (CCTV Footage) ਦੇ ਆਧਾਰ ਉੱਤੇ ਦੱਸਿਆ ਕਿ ਇੱਕ ਵਾਰ ਤਾਂ ਮਰਨ ਵਾਲਾ ਹਮਲਾ ਕਰਨ ਵਾਲੇ ਦੋਵਾਂ ਵਿਅਕਤੀਆਂ ਉੱਤੇ ਭਾਰੂ ਪੈ ਜਾਂਦਾ ਹੈ। ਇਸ ਤੋਂ ਬਾਅਦ ਇੱਕ ਹੋਰ ਬੰਦਾ ਉਨ੍ਹਾਂ ਦੇ ਨਾਲ ਆ ਰਲਿਆ ਅਤੇ ਹਰਮਨਜੀਤ ਸਿੰਘ ਉੱਤੇ ਹਮਲਾ ਕਰ ਦਿੰਦਾ ਹੈ। ਇੱਕ ਵਾਰ ਤਾਂ ਮਰਨ ਵਾਲਾ ਵਿਅਕਤੀ ਉੱਠ ਕੇ ਤੁਰ ਪੈਂਦਾ ਹੈ ਪਰ ਕੁਝ ਦੂਰੀ ਉੱਤੇ ਜਾ ਕੇ ਉਹ ਡਿੱਗ ਪੈਂਦਾ ਹੈ। ਸਾਰੀ ਰਾਤ ਉਕਤ ਵਿਅਕਤੀ ਉੱਥੇ ਹੀ ਪਿਆ ਰਹਿੰਦਾ ਹੈ ਅਤੇ ਸਵੇਰੇ ਪੁਲਿਸ ਨੂੰ ਉਸਦੀ ਲਾਸ਼ ਮਿਲਦੀ ਹੈ। ਸਾਰੀ ਰਾਤ ਕਿਸੇ ਨੇ ਵੀ ਉਸ ਜ਼ਖ਼ਮੀ ਦੀ ਸਾਰ ਲਈ, ਨਾ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਨਾ ਹੀ ਐਂਬੂਲੈਂਸ ਨੂੰ ਫੋਨ ਕੀਤਾ।
ਮ੍ਰਿਤਕ ਦੀ ਪਛਾਣ ਹਰਮਨਜੀਤ ਸਿੰਘ (Harmanjit Singh) ਉਰਫ ਮਨੀ ਵਜੋਂ ਹੋਈ ਹੈ। ਪੁਲੀਸ (Police) ਨੇ ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ, ਜਿਨ੍ਹਾਂ ਵਿੱਚ ਦੋ ਨਿਹੰਗ ਬਾਣਾ ਧਾਰਕ ਵੀ ਸ਼ਾਮਲ ਹਨ। ਪੁਲੀਸ ਵੱਲੋਂ ਨਾਮਜ਼ਦ ਕੀਤੇ ਮੁਲਜ਼ਮਾਂ ਦੀ ਪਛਾਣ ਚਰਨਜੀਤ ਸਿੰਘ, ਤਰਨਦੀਪ ਸਿੰਘ ਤੇ ਰਮਨਦੀਪ ਸਿੰਘ ਵਜੋਂ ਹੋਈ ਹੈ। ਪੁਲੀਸ ਵੱਲੋਂ ਰਮਨਦੀਪ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ।
ਮ੍ਰਿਤਕ ਨੌਜਵਾਨ ਦੇ ਪਿਤਾ ਬਲਵਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਹਰਮਨਜੀਤ ਘਰੇ ਨਾ ਮੁੜਿਆ ਤਾਂ ਉਹ ਉਸ ਨੂੰ ਲੱਭਣ ਗਏ। ਇਸ ਮੌਕੇ ਉਸ ਨੂੰ ਰਾਹ ਵਿੱਚ ਹਰਮਨਜੀਤ ਦੀ ਲਾਸ਼ ਪਈ ਮਿਲੀ। ਉਥੇ ਮੌਜੂਦ ਲੋਕਾਂ ਨੇ ਉਸ ਨੂੰ ਦੱਸਿਆ ਕਿ ਬੀਤੀ ਰਾਤ ਦੋ ਨਿਹੰਗਾਂ ਸਣੇ ਤਿੰਨ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਇਸ ਨੌਜਵਾਨ ਦੀ ਹੱਤਿਆ ਕਰ ਦਿੱਤੀ ਸੀ।