ਪੰਜਾਬ ਦੇ ਜ਼ਿਲਾ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚੋਂ ਇੱਕ ਔਰਤ ਤਿੰਨ ਦਿਨਾਂ ਨਵਜੰਮੇ ਬੱਚਾ ਚੋਰੀ ਕਰਕੇ ਫਰਾਰ ਹੋ ਗਈ। ਇਸ ਤੋਂ ਬਾਅਦ ਹਸਪਤਾਲ ਵਿੱਚ ਹਫੜਾ-ਦਫੜੀ ਮੱਚ ਗਈ। ਮਿਲੀ ਜਾਣਕਾਰੀ ਅਨੁਸਾਰ ਇਕ ਔਰਤ ਨਵਜੰਮੇ ਬੱਚੇ ਨੂੰ ਲੈ ਕੇ ਫਰਾਰ ਹੋ ਗਈ ਹੈ। ਇਹ ਘਟਨਾ ਹਸਪਤਾਲ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਪ੍ਰਵਾਰ ਵਿਚ 14 ਸਾਲਾਂ ਬਾਅਦ ਬੱਚੇ ਨੇ ਜਨਮ ਲਿਆ ਸੀ।
ਇਹ ਘਟਨਾ ਗੁਰੂ ਨਾਨਕ ਦੇਵ ਹਸਪਤਾਲ ਦੇ ਬੇਬੇ ਨਾਨਕੀ ਵਾਰਡ ਦੀ ਦੱਸੀ ਜਾ ਰਹੀ ਹੈ। ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਸੀਸੀਟੀਵੀ ਕੈਮਰਿਆਂ ਜ਼ਰੀਏ ਉਕਤ ਮਹਿਲਾ ਦੀ ਪਛਾਣ ਕੀਤੀ ਜਾ ਰਹੀ ਹੈ। ਨਵਜੰਮੇ ਬੱਚੇ ਦੇ ਮਾਤਾ-ਪਿਤਾ ਨੇ ਦਸਿਆ ਕਿ ਉਹ ਮੱਜੁਪੁਰ ਪਿੰਡ ਤੋਂ ਕਰੀਬ 15 ਦਿਨ ਪਹਿਲਾਂ ਬੇਬੇ ਨਾਨਕੀ ਵਾਰਡ ਵਿਚ ਦਾਖਲ ਹੋਏ ਸਨ।
ਬੀਤੀ ਸ਼ਾਮ 6 ਵਜੇ ਇਕ ਔਰਤ ਉਨ੍ਹਾਂ ਕੋਲ ਆਈ ਅਤੇ ਕਹਿਣ ਲੱਗੀ ਕਿ ਉਸ ਦੇ ਘਰ ਵੀ ਭਤੀਜਾ ਹੋਇਆ। ਅਜਿਹਾ ਕਰਕੇ ਉਸ ਨੇ ਉਨ੍ਹਾਂ ਦੇ ਨਾਲ ਜਾਣ ਪਛਾਣ ਵਧਾ ਲਈ। ਪ੍ਰਵਾਰ ਮੁਤਾਬਕ ਸਵੇਰੇ 3 ਵਜੇ ਉਨ੍ਹਾਂ ਨੂੰ ਕੁੱਝ ਸੁੰਘਾ ਕੇ ਔਰਤ ਉਨ੍ਹਾਂ ਦਾ ਬੱਚਾ ਲੈ ਕੇ ਫਰਾਰ ਹੋ ਗਈ। ਹਸਪਤਾਲ ਪ੍ਰਸ਼ਾਸਨ ਨੇ ਕੁਝ ਵੀ ਬੋਲਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ਅਤੇ ਪੁਲਿਸ ਉਤੇ ਕਾਰਵਾਈ ਨਾ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਸੀਸੀਟੀਵੀ ਕੈਮਰੇ ਦੇ ਵਿੱਚ ਇੱਕ ਔਰਤ ਅਤੇ ਇਕ ਨੌਜਵਾਨ ਨਜ਼ਰ ਆ ਰਹੇ ਹਨ ਅਤੇ ਜੋ ਔਰਤ ਬੱਚਾ ਚੁੱਕ ਕੇ ਜਾ ਰਹੀ ਹੈ ਉਸ ਦੀ ਫੋਟੋ ਪੂਰੀ ਤਰ੍ਹਾਂ ਕਲੀਅਰ ਨਹੀਂ ਆ ਰਹੀ ਅਤੇ ਪੁਲਿਸ ਦਾ ਕਹਿਣਾ ਹੈ ਹੋਰ ਵੀ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਜਲਦ ਹੀ ਇਸ ਔਰਤ ਤੇ ਇਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।