Lok Sabha Election 2024 Punjab

ਮਜੀਠੀਆ ਵੱਲੋਂ ਜਾਰੀ ਆਡੀਓ ਕਲਿੱਪ ਨੇ ਵਧਾਇਆ ਪੰਜਾਬ ਦਾ ਸਿਆਸੀ ਪਾਰਾ! ਲੁਧਿਆਣਾ ਤੋਂ ‘ਆਪ’ ਉਮੀਦਵਾਰ ਪੱਪੀ ਦੀ ਉਮੀਦਵਾਰੀ ’ਤੇ ਸਵਾਲ

Bikram Singh Majithia

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਕੇ ਇੱਕ ਕਥਿਤ ਆਡੀਓ ਰਿਕਾਰਡਿੰਗ ਲੀਕ ਕੀਤੀ ਹੈ ਜਿਸ ਤੋਂ ਬਾਅਦ ਸੂਬੇ ਦੀ ਸਿਆਸਤ ਹੋਰ ਮਘ ਗਈ ਹੈ। ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਉਨ੍ਹਾਂ ਵੱਲੋਂ ਜਾਰੀ ਇਹ ਰਿਕਾਰਡਿੰਗ ਨੇ ਸਿਆਸੀ ਹਲਚਲ ਤੇਜ਼ ਕਰ ਦਿੱਤੀ ਹੈ। ਇਸ ਆਡੀਓ ਵਿੱਚ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਨੂੰ ਇਹ ਚਰਚਾ ਕਰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ (ਆਪ) ਦੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੀ ਉਮੀਦਵਾਰੀ, ਸੰਸਦ ਮੈਂਬਰ ਰਵਨੀਤ ਬਿੱਟੂ (ਭਾਰਤੀ ਜਨਤਾ ਪਾਰਟੀ) ਦੀ ਕਥਿਤ ਤੌਰ ’ਤੇ ‘ਮੁੱਖ ਮੰਤਰੀ ਭਗਵੰਤ ਮਾਨ ਨਾਲ ਦੋਸਤੀ’ ਕਾਰਨ ਇੱਕ “ਫਿਕਸਡ ਮੈਚ” ਸੀ।

ਉੱਧਰ ਵਿਧਾਇਕ ਛੀਨਾ ਨੇ ਮਜੀਠੀਆ ਦੇ ਇਨ੍ਹਾਂ ਇਲਜ਼ਾਮਾਂ ਦਾ ਖੰਡਨ ਕਰਦਿਆਂ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਝੂਠੀਆਂ ਆਡੀਓ ਕਲਿੱਪਾਂ ਬਣਾਉਣ ਵਿੱਚ ਮਾਹਰ ਹੈ। ਇਹ ਝੂਠੇ ਇਲਜ਼ਾਮ ਹਨ। ਉਨ੍ਹਾਂ ਕਿਹਾ ਹੈ ਕਿ ਸੀਐਮ ਮਾਨ ਪੰਜਾਬ ਦੇ ਵਿਕਾਸ ਤੇ ਨਵੀਆਂ ਪਹਿਲਕਦਮੀਆਂ ਨੂੰ ਲੈ ਕੇ ਹਮੇਸ਼ਾ ਅੱਗੇ ਰਹਿੰਦੇ ਹਨ। ਇਹ ਆਗੂ ਨਕਾਰਾਤਮਕ ਰਾਜਨੀਤੀ ਵਿੱਚ ਰੁੱਝੇ ਹੋਏ ਹਨ ਜਦੋਂ ਕਿ ਅਸੀਂ ਆਪਣੇ ਹਲਕੇ ਦੀ ਸੇਵਾ ਕਰਨ ’ਤੇ ਧਿਆਨ ਦਿੰਦੇ ਹਾਂ।

ਮਜੀਠੀਆ ਨੇ ਆਪਣੇ ਐਕਸ ਹੈਂਡਲ ’ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ, “AAP ਦਾ MLA ਆਪਣੇ MP candidate ਪੱਪੀ ਪਰਾਸ਼ਰ ਨੂੰ REJECT ਕਰਦਾ ਹੋਇਆ, ਫੇਲ੍ਹ ਕਰਦਾ ਹੋਇਆ ਕਹਿ ਰਿਹਾ ਕਿ ਪੱਕਾ ਹਾਰੂ!! ਲੋਕਾਂ ਦੇ ਮੁੱਦੇ ਛੱਡ ਸੌਦੇਬਾਜ਼ੀ ਕਰਦੇ ਹੋਏ AAP MLA, ਇਹ ਆਡੀਓ AAP MLA ਰਾਜਇੰਦਰ ਪਾਲ ਕੌਰ ਛੀਨਾ ਦੀ ਹੈ ਜਿਸ ’ਚ ਸਾਫ਼ ਪਤਾ ਲੱਗ ਰਿਹਾ ਹੈ ਕਿ ਭਗਵੰਤ ਮਾਨ ਦੀ ਮਿਲੀਭੁਗਤ। FIXED MATCH! FIXED MATCH ਕਿਸ ਨਾਲ BJP ਨਾਲ!! BJP ਨੂੰ ਜਿਤਾਉਣ ਲਈ ਹੀ ਪੱਪੀ ਪਰਾਸ਼ਰ ਨੂੰ ਆਪ ਦਾ ਲੁਧਿਆਣਾ ਤੋਂ ਉਮੀਦਵਾਰ ਬਣਾਇਆ। ਆਪਣੇ ਹੀ ਉਮੀਦਵਾਰ ਨੂੰ ਹਰਾਉਣ ਲਈ MLA ਨੂੰ ਵਜ਼ੀਰੀ ਨਾਲ ਨਿਵਾਜਿਆ ਜਾਵੇਗਾ। ਕੀ ਲੋਕਤੰਤਰ ਵਿੱਚ ਅਜਿਹੇ ਕੰਮਾਂ ਦੀ ਕੋਈ ਜਗਾ ਹੈ?”

ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਨਿਸ਼ਾਨਾ ਸਾਧਦੇ ਹੋਏ ਮਜੀਠੀਆ ਨੇ ਦਾਅਵਾ ਕੀਤਾ ਕਿ ਪਾਰਟੀ ਦੇ ਪੁਰਾਣੇ ਨੇਤਾ ਨੇ ਟਰਾਂਸਪੋਰਟ ਮੰਤਰੀ ਵਜੋਂ ‘ਜ਼ੀਰੋ ਯੋਗਦਾਨ’ ਦਿੱਤਾ ਅਤੇ ਲੁਧਿਆਣਾ ਦੀ ਭਲਾਈ ਵਿੱਚ ‘ਕੋਈ ਦਿਲਚਸਪੀ ਨਹੀਂ’ ਰੱਖੀ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਸਿਆਸੀ ਤੌਰ ’ਤੇ ਪ੍ਰੇਰਿਤ ਸਨ। ਉਨ੍ਹਾਂ ਕਿਹਾ ਕਿ ਬਿੱਟੂ, ਜਿਨ੍ਹਾਂ ਪਹਿਲਾਂ ਭਾਜਪਾ ਸਰਕਾਰ ਦੀ ਆਲੋਚਨਾ ਕੀਤੀ ਸੀ, ਹੁਣ ਆਪਣੀ ਸਿਆਸੀ ਮੌਕਾਪ੍ਰਸਤੀ ਨੂੰ ਦਰਸਾਉਂਦੇ ਹੋਏ ਇਸ ਦੀ ਤਾਰੀਫ਼ ਕਰ ਰਹੇ ਹਨ।

ਦੱਸ ਦੇਈਏ ਇਸ ਤੋਂ ਕੁਝ ਦਿਨ ਪਹਿਲਾਂ ਸਾਬਕਾ ਵਿਧਾਇਕ ਤੇ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਨੇ ਵੀ ਉਨ੍ਹਾਂ ਅਤੇ ਸੰਸਦ ਮੈਂਬਰ ਬਿੱਟੂ ਵਿਚਕਾਰ ਹੋਈ ਕਥਿਤ ਟੈਲੀਫੋਨ ਗੱਲਬਾਤ ਲੀਕ ਕੀਤੀ ਸੀ ਜਿਸ ਤੋਂ ਬਾਅਦ ਕਾਫੀ ਵਿਵਾਦ ਖੜ੍ਹਾ ਹੋ ਗਿਆ ਸੀ। ਉਸ ਆਡੀਓ ਕਲਿੱਪ ’ਚ ਬਿੱਟੂ ਕਥਿਤ ਤੌਰ ’ਤੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਸਮੇਤ ਪਾਰਟੀ ਦੇ ਕਈ ਆਗੂਆਂ ਬਾਰੇ ਟਿੱਪਣੀਆਂ ਕਰ ਰਹੇ ਸਨ।