‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸਪੱਸ਼ਟ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਜਥੇਬੰਦੀ ਸਿਰਫ ਬੀਜੇਪੀ ਦੀ ਸਿਆਸੀ ਸਰਗਰਮੀ ਦਾ ਵਿਰੋਧ ਕਰਦੀ ਹੈ ਅਤੇ ਕਰੇਗੀ ਪਰ ਬਾਕੀ ਸਿਆਸੀ ਪਾਰਟੀਆਂ ਦੀ ਸਰਗਰਮੀ ਦਾ ਵਿਰੋਧ ਨਹੀਂ ਕਰੇਗੀ। ਉਗਰਾਹਾਂ ਨੇ ਕਿਹਾ ਕਿ ਮੁੱਖ ਤੌਰ ’ਤੇ ਫੈਸਲਾ ਭਾਜਪਾ ਦੇ ਪ੍ਰੋਗਰਾਮਾਂ ਦਾ ਵਿਰੋਧ ਕਰਨ ਦਾ ਹੈ। ਉਹਨਾਂ ਕਿਹਾ ਕਿ ਬਾਕੀ ਜਥੇਬੰਦੀਆਂ ਨੇ ਦੋ ਦਿਨ ਪਹਿਲਾਂ ਸਿਆਸੀ ਪਾਰਟੀਆਂ ਨਾਲ ਮੀਟਿੰਗ ਕਰਕੇ ਪ੍ਰੋਗਰਾਮਾਂ ’ਤੇ ਰੋਕ ਲਾਉਣ ਦਾ ਫੈਸਲਾ ਕੀਤਾ ਹੈ, ਉਹ ਉਹਨਾਂ ਦੀ ਆਪਣੀ ਰਾਇ ਹੋ ਸਕਦੀ ਹੈ। ਜਦੋਂ ਪੁੱਛਿਆ ਗਿਆ ਕਿ ਕੀ ਇਸ ਬਾਰੇ ਸੰਯੁਕਤ ਕਿਸਾਨ ਮੋਰਚੇ ਵਿੱਚ ਚਰਚਾ ਹੋਈ ਹੈ ਤਾਂ ਉਗਰਾਹਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਿੱਚ ਸਿਰਫ ਕੌਮੀ ਪੱਧਰ ਦੇ ਮਸਲੇ ਵਿਚਾਰੇ ਜਾਂਦੇ ਹਨ। ਉਹਨਾਂ ਕਿਹਾ ਕਿ ਡਾ. ਦਰਸ਼ਨ ਪਾਲ ਤੇ ਹੋਰ ਆਗੂ ਵੀ ਇਸ ਗੱਲ ਨਾਲ ਸਹਿਮਤ ਹਨ ਕਿ ਸਿਰਫ ਭਾਜਪਾ ਲੀਡਰਾਂ ਦਾ ਹੀ ਵਿਰੋਧ ਹੋਣਾ ਚਾਹੀਦਾ ਹੈ।