‘ਦ ਖ਼ਾਲਸ ਬਿਊਰੋ:- ਭਾਰਤ ਦੇ 74 ਵੇਂ ਆਜ਼ਾਦੀ ਦਿਹਾੜੇ ਮੌਕੇ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ‘ਤੇ ਗੱਲਬਾਤ ਕਰਕੇ ਵਧਾਈ ਦਿੱਤੀ। ਉਨ੍ਹਾਂ ਸੰਯੁਕਤ ਰਾਸ਼ਟਰ ਸੁੱਰਖਿਆ ਪਰਿਸ਼ਦ ਦੇ ਇੱਕ ਅਸਥਾਈ ਮੈਂਬਰ ਵਜੋਂ ਭਾਰਤ ਦੀ ਤਾਜ਼ਾ ਚੋਣ ਨੂੰ ਵੀ ਵਧਾਈ ਦਿੱਤੀ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਦੌਰਾਨ ਦੋਵਾਂ ਦੇਸ਼ਾਂ ਨੇ ਕੋਰੋਨਾਵਾਇਰਸ ਮਹਾਂਮਾਰੀ ਦੇ ਪ੍ਰਭਾਵ ਨੂੰ ਘਟਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਸੰਦਰਭ ਵਿੱਚ ਆਪਸੀ ਏਕਤਾ ਦਾ ਪ੍ਰਗਟਾਵਾ ਕੀਤਾ। ਮੋਦੀ ਨੇ ਇਸ ਸੰਬੰਧ ‘ਚ ਨੇਪਾਲ ਨੂੰ ਭਾਰਤ ਦੀ ਨਿਰੰਤਰ ਸਹਾਇਤਾ ਦੀ ਪੇਸ਼ਕਸ਼ ਕੀਤੀ।
ਪਿਛਲੇ ਦਿਨੀਂ ਭਾਰਤ ਅਤੇ ਨੇਪਾਲ ਵਿਚਾਲੇ ਤਣਾਅ ਚੱਲ ਰਿਹਾ ਹੈ। ਨੇਪਾਲ ਨੇ ਮਈ ‘ਚ ਇੱਕ ਨਵਾਂ ਰਾਜਨੀਤਿਕ ਨਕਸ਼ਾ ਜਾਰੀ ਕੀਤਾ ਸੀ। ਇਸ ਨਕਸ਼ੇ ਵਿੱਚ ਨੇਪਾਲ ਨੇ ਭਾਰਤ ਦੀਆਂ ਥਾਵਾਂ ‘ਤੇ ਆਪਣਾ ਦਾਅਵਾ ਕੀਤਾ। ਨੇਪਾਲ ਦੇ ਇਸ ਫੈਸਲੇ ਨਾਲ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ‘ਚ ਹੋਰ ਖਟਾਸ ਵੱਧ ਗਈ ਹੈ।
ਭਾਰਤੀ ਰਾਜਦੂਤ ਵਿਜੇ ਮੋਹਨ ਕਵਾਤਰਾ ਅਤੇ ਨੇਪਾਲ ਦੇ ਵਿਦੇਸ਼ ਸਕੱਤਰ ਸ਼ੰਕਰ ਦਾਸ ਬੈਰਾਗੀ 17 ਅਗਸਤ ਨੂੰ ਦੁਵੱਲੀ ਗੱਲਬਾਤ ਕਰਨਗੇ। ਮਈ ਵਿੱਚ ਨੇਪਾਲ ਦੇ ਨਵੇਂ ਰਾਜਨੀਤਿਕ ਨਕਸ਼ੇ ਦੇ ਜਾਰੀ ਹੋਣ ਕਰਕੇ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਤਣਾਅ ਪੈਦਾ ਹੋਣ ਤੋਂ ਬਾਅਦ ਇਹ ਪਹਿਲਾ ਮੁਖ ਸੰਵਾਦ ਹੋਵੇਗਾ।