ਬਿਊਰੋ ਰਿਪੋਰਟ (ਕਾਠਮੰਡੂ, 10 ਸਤੰਬਰ 2025): ਨੇਪਾਲ ਵਿੱਚ ਸੋਸ਼ਲ ਮੀਡੀਆ ਬੈਨ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਜਾਰੀ ਅੰਦੋਲਨ ਦਾ ਅੱਜ ਤੀਜਾ ਦਿਨ ਹੈ। ਹਿੰਸਕ ਪ੍ਰਦਰਸ਼ਨ ਰੋਕਣ ਲਈ ਫੌਜ ਨੇ ਮੰਗਲਵਾਰ ਰਾਤ 10 ਵਜੇ ਤੋਂ ਪੂਰੇ ਦੇਸ਼ ਦਾ ਕੰਟਰੋਲ ਆਪਣੇ ਹੱਥ ਵਿੱਚ ਲੈ ਲਿਆ। ਇਸ ਦੇ ਬਾਵਜੂਦ ਕਈ ਇਲਾਕਿਆਂ ਵਿੱਚ ਹਿੰਸਾ ਜਾਰੀ ਹੈ।
ਮੰਗਲਵਾਰ ਸ਼ਾਮ ਪ੍ਰਦਰਸ਼ਨਕਾਰੀਆਂ ਨੇ ਨੇਪਾਲ ਸੁਪਰੀਮ ਕੋਰਟ ਨੂੰ ਅੱਗ ਲਗਾ ਦਿੱਤੀ ਸੀ, ਜਿਸ ਕਾਰਨ 25 ਹਜ਼ਾਰ ਤੋਂ ਵੱਧ ਕੇਸ ਫਾਈਲਾਂ ਸੜ ਕੇ ਸੁਆਹ ਹੋ ਗਈਆਂ। ਅੱਜ ਫੌਜ ਨੇ 27 ਫ਼ਸਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਫੌਜ ਨੇ ਦੱਸਿਆ ਕਿ ਇਹ ਲੋਕ ਹਾਲਾਤਾਂ ਦਾ ਗ਼ਲਤ ਫਾਇਦਾ ਚੁੱਕ ਕੇ ਭੰਨ੍ਹਤੋੜ, ਲੁੱਟਪਾਟ, ਅੱਗਜ਼ਨੀ ਅਤੇ ਜਾਨ-ਮਾਲ ਦੇ ਨੁਕਸਾਨ ਦੀ ਸਾਜ਼ਿਸ਼ ਕਰ ਰਹੇ ਸਨ। ਪੁਲਿਸ ਨੇ ਇਨ੍ਹਾਂ ਕੋਲੋਂ 33.7 ਲੱਖ ਰੁਪਏ ਨਕਦ, 23 ਬੰਦੂਕਾਂ, ਮੈਗਜ਼ੀਨ ਅਤੇ ਗੋਲ਼ੀਆਂ ਸਮੇਤ 31 ਵੱਖ-ਵੱਖ ਕਿਸਮ ਦੇ ਹਥਿਆਰ ਜ਼ਬਤ ਕੀਤੇ ਹਨ।
ਇਸੇ ਦੌਰਾਨ, ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਅਸਤੀਫ਼ਾ ਦੇ ਕੇ ਕਾਠਮੰਡੂ ਛੱਡ ਗਏ ਹਨ। ਹੁਣ ਤੱਕ ਹਿੰਸਕ ਪ੍ਰਦਰਸ਼ਨਾਂ ਵਿੱਚ 23 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 400 ਤੋਂ ਵੱਧ ਜ਼ਖ਼ਮੀ ਹਨ।