ਟੋਕੀਓ ਓਲੰਪਿਕ ‘ਚ ਜੈਵਲਿਨ ਥ੍ਰੋਅ ਸੋਨ ਤਗਮਾ ਜੇਤੂ ਨੀਰਜ ਚੋਪੜਾ ਨੇ ਫਿਨਲੈਂਡ ਦੇ ਤੁਰਕੂ ‘ਚ ਹੋਈਆਂ ਪਾਵੋ ਨੂਰਮੀ ਖੇਡਾਂ ‘ਚ ਜੈਵਲਿਨ ਥ੍ਰੋਅ ‘ਚ ਸੋਨ ਤਮਗਾ ਜਿੱਤਿਆ ਹੈ। ਉਹ 85.97 ਥਰੋਅ ਨਾਲ ਪਹਿਲੇ ਸਥਾਨ ‘ਤੇ ਰਿਹਾ। ਨੀਰਜ ਤੋਂ ਇਲਾਵਾ ਫਿਨਲੈਂਡ ਦੇ ਟੋਨੀ ਕੇਰਨੇਨ ਨੇ 84.19 ਮੀਟਰ ਦੀ ਥਰੋਅ ਨਾਲ ਦੂਜੇ ਸਥਾਨ ‘ਤੇ ਰਹਿ ਕੇ ਚਾਂਦੀ ਦਾ ਤਗਮਾ ਜਿੱਤਿਆ ਅਤੇ ਓਲੀਵੀਅਰ ਹੈਲੈਂਡਰ ਨੇ 83.96 ਮੀਟਰ ਦੀ ਆਪਣੀ ਸਰਵੋਤਮ ਥਰੋਅ ਨਾਲ ਕਾਂਸੀ ਦਾ ਤਗਮਾ ਜਿੱਤਿਆ। ਇਸ ਮੁਕਾਬਲੇ ਵਿੱਚ ਨੀਰਜ ਦੂਜੇ ਥਰੋਅ ਵਿੱਚ ਪਛੜ ਗਿਆ ਸੀ। ਪਰ ਇਸ ਤੋਂ ਬਾਅਦ ਉਸ ਨੇ ਨਾ ਸਿਰਫ ਚੰਗੀ ਵਾਪਸੀ ਕੀਤੀ ਸਗੋਂ ਆਪਣਾ ਸਰਵੋਤਮ ਥਰੋਅ ਵੀ ਕੀਤਾ।
ਪੈਰਿਸ ਓਲੰਪਿਕ ਖੇਡਾਂ ਅਗਲੇ ਮਹੀਨੇ ਤੋਂ ਹੋਣਗੀਆਂ
ਨੀਰਜ ਦਾ ਸੋਨ ਜਿੱਤਣਾ ਭਾਰਤ ਲਈ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਪੈਰਿਸ ਓਲੰਪਿਕ ਖੇਡਾਂ 26 ਜੁਲਾਈ ਤੋਂ 11 ਅਗਸਤ ਤੱਕ ਹਨ। ਨੀਰਜ ਨੂੰ ਪਿਛਲੇ ਮਹੀਨੇ ਅਭਿਆਸ ਦੌਰਾਨ ਮਾਸਪੇਸ਼ੀਆਂ ਵਿੱਚ ਖਿਚਾਅ ਆ ਗਿਆ ਸੀ। ਇਸ ਕਾਰਨ ਉਸ ਨੇ 28 ਮਈ ਨੂੰ ਚੈੱਕ ਗਣਰਾਜ ਵਿੱਚ ਆਯੋਜਿਤ ਓਸਟ੍ਰਾਵਾ ਗੋਲਡਨ ਸਪਾਈਕ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲਿਆ। ਨੀਰਜ ਨੇ ਇਸ ਗੱਲ ਦੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਦਿੱਤੀ ਹੈ।
ਨੀਰਜ ਚੋਪੜਾ ਥਰੋਅ ਕਰਨ ਲਈ ਸਭ ਤੋਂ ਪਹਿਲਾਂ ਆਏ ਅਤੇ ਉਨ੍ਹਾਂ ਨੇ ਪਹਿਲੀ ਕੋਸ਼ਿਸ਼ ਵਿੱਚ 83.62 ਮੀਟਰ ਥਰੋਅ ਕੀਤੀ। ਹਾਲਾਂਕਿ ਇਹ ਉਸਦੀ ਬੁਰੀ ਸ਼ੁਰੂਆਤ ਨਹੀਂ ਸੀ। ਉਹ ਐਂਡਰਸਨ ਪੀਟਰਸ ਤੋਂ ਅੱਗੇ ਰਿਹਾ, ਜਿਸ ਨੇ ਪਹਿਲੀ ਕੋਸ਼ਿਸ਼ ਵਿੱਚ 82.58 ਮੀਟਰ ਥਰੋਅ ਕੀਤਾ।
ਦੂਜੇ ਯਤਨ ਵਿੱਚ ਨੀਰਜ ਨੇ 83.45 ਮੀਟਰ ਦੀ ਥਰੋਅ ਕੀਤੀ ਜੋ ਉਸ ਦੀ ਸ਼ੁਰੂਆਤੀ ਕੋਸ਼ਿਸ਼ ਤੋਂ ਬਿਹਤਰ ਨਹੀਂ ਸੀ। ਦੂਜੀ ਕੋਸ਼ਿਸ਼ ਤੋਂ ਬਾਅਦ ਨੀਰਜ ਪਛੜ ਗਿਆ ਅਤੇ ਓਲੀਵੀਅਰ ਹੈਲੈਂਡਰ ਨੇ ਲੀਡ ਸੰਭਾਲੀ। ਓਲੀਵੀਅਰ ਨੇ ਦੂਜੀ ਕੋਸ਼ਿਸ਼ ਵਿੱਚ 83.96 ਮੀਟਰ ਦਾ ਥਰੋਅ ਕੀਤਾ ਸੀ। ਇਸ ਕਾਰਨ ਨੀਰਜ ਦੂਜੇ ਸਥਾਨ ‘ਤੇ ਖਿਸਕ ਗਿਆ ਸੀ।