India Sports

ਨੀਰਜ ਚੋਪੜਾ ਨੇ ਜਿੱਤਿਆ ਚਾਂਦੀ ਦਾ ਤਗਮਾ! ਮਾਂ ਨੇ ਕਿਹਾ- PAK ਦਾ ਗੋਲਡ ਜੇਤੂ ਨਦੀਮ ਵੀ ਮੇਰਾ ਬੇਟਾ

ਬਿਉਰੋ ਰਿਪੋਰਟ: ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਪੈਰਿਸ ਓਲੰਪਿਕ ’ਚ ਚਾਂਦੀ ਦਾ ਤਗਮਾ ਜਿੱਤਿਆ ਹੈ। ਨੀਰਜ ਨੇ 89.45 ਮੀਟਰ ਜੈਵਲਿਨ ਸੁੱਟਿਆ। ਪਾਕਿਸਤਾਨ ਦੇ ਅਰਸ਼ਦ ਨਦੀਮ 92.97 ਮੀਟਰ ਦੇ ਸਕੋਰ ਨਾਲ ਪਹਿਲੇ ਸਥਾਨ ’ਤੇ ਰਹੇ ਅਤੇ ਓਲੰਪਿਕ ਰਿਕਾਰਡ ਦੇ ਨਾਲ ਸੋਨ ਤਗਮਾ ਜਿੱਤਿਆ। ਗ੍ਰੇਨਾਡਾ ਦੇ ਐਂਡਰਸਨ ਪੀਟਰਸ (88.54 ਮੀਟਰ) ਨੂੰ ਕਾਂਸੀ ਦਾ ਤਮਗਾ ਮਿਲਿਆ।

26 ਸਾਲਾ ਨੀਰਜ ਲਗਾਤਾਰ ਦੋ ਓਲੰਪਿਕ ’ਚ ਤਗਮਾ ਜਿੱਤਣ ਵਾਲਾ ਤੀਜਾ ਭਾਰਤੀ ਬਣਿਆ। ਉਸ ਨੇ ਟੋਕੀਓ ਓਲੰਪਿਕ ਵਿੱਚ ਸੋਨ ਤਮਗਾ ਜਿੱਤਿਆ ਸੀ। ਈਵੈਂਟ ਤੋਂ ਬਾਅਦ ਨੀਰਜ ਨੇ ਕਿਹਾ- ਜਦੋਂ ਅਸੀਂ ਦੇਸ਼ ਲਈ ਮੈਡਲ ਜਿੱਤਦੇ ਹਾਂ ਤਾਂ ਹਰ ਕੋਈ ਖੁਸ਼ ਹੁੰਦਾ ਹੈ। ਹੁਣ ਖੇਡ ਨੂੰ ਸੁਧਾਰਨ ਦਾ ਸਮਾਂ ਹੈ। ਅਸੀਂ ਪ੍ਰਦਰਸ਼ਨ ‘ਤੇ ਚਰਚਾ ਕਰਾਂਗੇ ਅਤੇ ਸੁਧਾਰ ਕਰਾਂਗੇ।

ਨੀਰਜ ਦੇ ਪਿਤਾ ਸਤੀਸ਼ ਚੋਪੜਾ ਨੇ ਆਪਣਾ ਮੈਡਲ ਵਿਨੇਸ਼ ਫੋਗਾਟ ਨੂੰ ਸਮਰਪਿਤ ਕੀਤਾ। ਇਸ ਦੇ ਨਾਲ ਹੀ ਮਾਂ ਸਰੋਜ ਦੇਵੀ ਨੇ ਕਿਹਾ ਕਿ ਇਹ ਚਾਂਦੀ ਵੀ ਸੋਨੇ ਵਰਗੀ ਹੈ। ਨੀਰਜ ਦੇ ਮੈਡਲ ਜਿੱਤਣ ‘ਤੇ ਕਈ ਭਾਰਤੀ ਹਸਤੀਆਂ ਨੇ ਆਪਣੇ-ਆਪਣੇ ਤਰੀਕੇ ਨਾਲ ਉਸ ਨੂੰ ਵਧਾਈ ਦਿੱਤੀ।

ਮਾਂ ਨੇ ਕਿਹਾ- ਚਾਂਦੀ ਸੋਨੇ ਵਰਗੀ ਹੈ, ਜਿਸ ਨੇ ਸੋਨਾ ਜਿੱਤਿਆ ਉਹ ਵੀ ਮੇਰਾ ਪੁੱਤਰ ਹੈ

ਨੀਰਜ ਦੀ ਮਾਂ ਸਰੋਜ ਦੇਵੀ ਨੇ ਕਿਹਾ, ਅਸੀਂ ਬਹੁਤ ਖੁਸ਼ ਹਾਂ। ਸਾਡੇ ਲਈ ਇਹ ਚਾਂਦੀ ਵੀ ਸੋਨੇ ਵਰਗੀ ਹੈ। ਜਿਸ ਨੇ ਸੋਨਾ ਜਿੱਤਿਆ ਉਹ ਵੀ ਮੇਰਾ ਪੁੱਤਰ ਹੈ, ਉਸ ਨੇ ਵੀ ਮਿਹਨਤ ਕੀਤੀ ਹੈ। ਜਦੋਂ ਨੀਰਜ ਘਰ ਆਵੇਗਾ, ਮੈਂ ਉਸ ਦੀ ਪਸੰਦ ਦਾ ਖਾਣਾ ਤਿਆਰ ਕਰਕੇ ਉਸ ਨੂੰ ਖੁਆਵਾਂਗੀ।