ਬਿਊਰੋ ਰਿਪੋਰਟ (ਨਵੀਂ ਦਿੱਲੀ, 26 ਦਸੰਬਰ 2025): ਭਾਰਤੀ ਸੈਨਾ ਦੇ ਜਵਾਨਾਂ ਅਤੇ ਅਧਿਕਾਰੀਆਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜ ਸਾਲਾਂ ਦੀ ਲੰਬੀ ਪਾਬੰਦੀ ਤੋਂ ਬਾਅਦ, ਸੈਨਾ ਨੇ ਆਪਣੇ ਜਵਾਨਾਂ ਨੂੰ ਸੋਸ਼ਲ ਮੀਡੀਆ ਐਪਸ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ, ਇਹ ਛੋਟ ਕੁਝ ਸਖ਼ਤ ਦਿਸ਼ਾ-ਨਿਰਦੇਸ਼ਾਂ ਅਤੇ ਸ਼ਰਤਾਂ ਦੇ ਨਾਲ ਦਿੱਤੀ ਗਈ ਹੈ।
ਨਿਊਜ਼ ਏਜੰਸੀ ANI ਮੁਤਾਬਕ, ਨਵੀਂ ਗਾਈਡਲਾਈਨ ਦੇ ਤਹਿਤ ਜਵਾਨ ਹੁਣ ਇੰਸਟਾਗ੍ਰਾਮ (Instagram) ’ਤੇ ਰੀਲਾਂ, ਫੋਟੋਆਂ ਅਤੇ ਵੀਡੀਓ ਦੇਖ ਸਕਣਗੇ, ਪਰ ਉਨ੍ਹਾਂ ਨੂੰ ਕਿਸੇ ਵੀ ਪੋਸਟ ਨੂੰ ਲਾਈਕ ਜਾਂ ਕਮੈਂਟ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।
ਨਵੀਆਂ ਗਾਈਡਲਾਈਨਾਂ ਦੇ ਮੁੱਖ ਨੁਕਤੇ:
- ਵ੍ਹਟਸਐਪ ਅਤੇ ਟੈਲੀਗ੍ਰਾਮ: ਇਨ੍ਹਾਂ ਐਪਸ ਰਾਹੀਂ ਜਵਾਨ ਗੈਰ-ਗੁਪਤ ਜਾਣਕਾਰੀ ਸਾਂਝੀ ਕਰ ਸਕਣਗੇ ਅਤੇ ਸੁਨੇਹੇ ਭੇਜ ਸਕਣਗੇ।
- ਯੂਟਿਊਬ ਅਤੇ X (ਪੁਰਾਣਾ ਟਵਿੱਟਰ): ਇਨ੍ਹਾਂ ਪਲੇਟਫਾਰਮਾਂ ਦੀ ਵਰਤੋਂ ਸਿਰਫ਼ ਜਾਣਕਾਰੀ ਪ੍ਰਾਪਤ ਕਰਨ ਲਈ ਕੀਤੀ ਜਾ ਸਕੇਗੀ।
- ਹੋਰ ਐਪਸ: ਲਿੰਕਡਇਨ (LinkedIn), ਸਕਾਈਪ (Skype) ਅਤੇ ਸਿਗਨਲ (Signal) ਲਈ ਵੀ ਨਵੇਂ ਨਿਯਮ ਜਾਰੀ ਕੀਤੇ ਗਏ ਹਨ।
- ਰੈਂਕ: ਇਹ ਬਦਲਾਅ ਭਾਰਤੀ ਸੈਨਾ ਦੇ ਸਾਰੇ ਰੈਂਕਾਂ ਦੇ ਅਧਿਕਾਰੀਆਂ ਅਤੇ ਜਵਾਨਾਂ ‘ਤੇ ਬਰਾਬਰ ਲਾਗੂ ਹੁੰਦਾ ਹੈ।
2020 ਵਿੱਚ ਕਿਉਂ ਲਗਾਈ ਗਈ ਸੀ ਪਾਬੰਦੀ?
ਸਾਲ 2020 ਵਿੱਚ ਸੁਰੱਖਿਆ ਕਾਰਨਾਂ ਅਤੇ ਸੰਵੇਦਨਸ਼ੀਲ ਜਾਣਕਾਰੀ ਲੀਕ ਹੋਣ ਦੇ ਡਰੋਂ ਸਰਕਾਰ ਨੇ ਸੈਨਾ ਦੇ ਜਵਾਨਾਂ ਨੂੰ ਫੇਸਬੁੱਕ, ਇੰਸਟਾਗ੍ਰਾਮ, ਟਿਕਟਾਕ, ਜ਼ੂਮ ਅਤੇ ਪਬਜੀ ਸਮੇਤ 89 ਐਪਸ ਹਟਾਉਣ ਦੇ ਹੁਕਮ ਦਿੱਤੇ ਸਨ। ਉਸ ਸਮੇਂ ਸੋਸ਼ਲ ਮੀਡੀਆ ਰਾਹੀਂ ‘ਹਨੀਟ੍ਰੈਪ’ (Honeytrap) ਦੇ ਕਈ ਮਾਮਲੇ ਸਾਹਮਣੇ ਆਏ ਸਨ, ਜਿਸ ਵਿੱਚ ਪਾਕਿਸਤਾਨੀ ਖੁਫ਼ੀਆ ਏਜੰਸੀ ISI ਵੱਲੋਂ ਜਵਾਨਾਂ ਨੂੰ ਜਾਲ ਵਿੱਚ ਫਸਾ ਕੇ ਗੁਪਤ ਜਾਣਕਾਰੀਆਂ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਹੁਣ ਕਿਉਂ ਦਿੱਤੀ ਗਈ ਇਜਾਜ਼ਤ?
ਸੈਨਾ ਨਾਲ ਜੁੜੇ ਸੂਤਰਾਂ ਅਨੁਸਾਰ, ਅੱਜ ਦੀ ਸੂਚਨਾ ਤਕਨਾਲੋਜੀ ਦੇ ਦੌਰ ਵਿੱਚ ਸੈਨਾ ਖੁਦ ਨੂੰ ਦੁਨੀਆ ਤੋਂ ਅਲੱਗ ਨਹੀਂ ਰੱਖ ਸਕਦੀ। ਇਸ ਬਦਲਾਅ ਦਾ ਮੁੱਖ ਮਕਸਦ ਇਹ ਹੈ ਕਿ ਜਵਾਨ ਸੋਸ਼ਲ ਮੀਡੀਆ ਰਾਹੀਂ ਦੇਸ਼-ਵਿਦੇਸ਼ ਦੀਆਂ ਘਟਨਾਵਾਂ ਤੋਂ ਜਾਣੂ ਰਹਿ ਸਕਣ ਅਤੇ ਖੁਦ ਨੂੰ ਅਪਡੇਟ ਰੱਖ ਸਕਣ।
ਸੈਨਾ ਨੇ ਪਹਿਲਾਂ ਸਲਾਹ ਦਿੱਤੀ ਸੀ ਕਿ ਅਧਿਕਾਰਤ ਕੰਮਾਂ ਲਈ ਵ੍ਹਟਸਐਪ ਦੀ ਵਰਤੋਂ ਨਾ ਕੀਤੀ ਜਾਵੇ, ਪਰ ਹੁਣ ਨਿੱਜੀ ਵਰਤੋਂ ਲਈ ਨਿਯਮਾਂ ਵਿੱਚ ਢਿੱਲ ਦਿੱਤੀ ਗਈ ਹੈ ਤਾਂ ਜੋ ਜਵਾਨ ਆਪਣੇ ਪਰਿਵਾਰਾਂ ਨਾਲ ਜੁੜੇ ਰਹਿ ਸਕਣ ਅਤੇ ਜਾਣਕਾਰੀ ਭਰਪੂਰ ਸਮੱਗਰੀ ਦੇਖ ਸਕਣ।

