Punjab

ਬਿਊਰੋ ਰਿਪੋਰਟ : ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਮੰਗ ‘ਤੇ ਨੈਸ਼ਨਲ ਕਾਉਂਸਿਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (NCERT) ਨੇ 12ਵੀਂ ਦੀ ਨਵੀਂ ਕਿਤਾਬ ਤੋਂ ਖਾਲਿਸਤਾਨ ਦਾ ਜ਼ਿਕਰ ਹਟਾਉਣ ਦਾ ਫੈਸਲਾ ਲਿਆ ਹੈ । ਅਪ੍ਰੈਲ ਮਹੀਨੇ ਵਿੱਚ SGPC ਨੇ NCERT ਨੂੰ ਪੱਤਰ ਲਿੱਖ ਕੇ ਇਸ ਨੂੰ ਹਟਾਉਣ ਦੀ ਮੰਗ ਕੀਤੀ ਸੀ । ਸਕੂਲ ਐਜੂਕੇਸ਼ਨ ਸਕੱਤਰ ਸੰਜੇ ਕੁਮਾਰ ਨੇ ਇਸ ਦਾ ਐਲਾਨ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ।

ਸਿੱਖਿਆ ਸਕੱਤਰ ਨੇ ਕਿਹਾ – 12 ਵੀਂ ਦੀ ਪਾਲੀਟਿਕਸ ਸਾਇੰਸ ਦੀ ਕਿਤਾਬ ਵਿੱਚ ਸ੍ਰੀ ਆਨੰਦਪੁਰ ਮਤੇ ਨੂੰ ਖਾਲਿਸਤਾਨ ਨਾਲ ਜੋੜਿਆ ਗਿਆ ਸੀ । SGPC ਨੇ ਇਸ ਨੂੰ ਹਟਾਉਣ ਦੀ ਮੰਗ ਕੀਤੀ ਸੀ। ਜਿਸ ਨੂੰ ਹੁਣ ਮਨਜ਼ੂਰ ਕਰ ਲਿਆ ਗਿਆ ਹੈ,ਦਰਅਸਲ SGPC ਨੇ NCERT ਨੂੰ ਚਿੱਠੀ ਲਿੱਖੀ ਸੀ । ਇਸ ਵਿੱਚ ਮੰਗ ਕੀਤੀ ਗਈ ਸੀ ਕਿ 12ਵੀਂ ਕਲਾਸ ਦੀ ਕਿਤਾਬ ਵਿੱਚ ਖਾਲਿਸਤਾਨ ਦੇ ਜ਼ਿਕਰ ਨੂੰ ਹਟਾਇਆ ਜਾਵੇ। ਇਸ ਦੇ ਨਾਲ NCRT ਦੀ ਕਿਤਾਬ ਵਿੱਚ ਉਸ ਗੱਲ ਦਾ ਵੀ ਜ਼ਿਕਰ ਹਟਾਇਆ ਜਾਵੇ ਜਿਸ ਵਿੱਚ ਸਿੱਖਾਂ ਨੂੰ ਵੱਖਵਾਦੀਆਂ ਦੇ ਤੌਰ ‘ਤੇ ਪੇਸ਼ ਕੀਤਾ ਗਿਆ ਸੀ ।

ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਬਾਰੇ ਗਲਤ ਜਾਣਕਾਰੀ ਦਿੱਤੀ ਸੀ

SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ 2 ਮਹੀਨੇ ਪਹਿਲਾਂ ਅਪ੍ਰੈਲ ਵਿੱਚ 12ਵੀਂ ਕਲਾਸ ਦੀ ਕਿਤਾਬ ‘ਸਵਤੰਤਰ ਭਾਰਤ ਵਿੱਚ ਰਾਜਨੀਤੀ’ ਦੇ ਅੰਦਰ ਸ੍ਰੀ ਆਨੰਦਪੁਰ ਸਾਹਿਬ ਮਤੇ ਦੇ ਬਾਰੇ ਗਲਤ ਜਾਣਕਾਰੀ ਦੇਣ ਦੀ ਗੱਲ ਕਹੀ ਸੀ,ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ, ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਦੀ ਵਿਆਖਿਆ ਕਰਦੇ ਹੋਏ ਉਨ੍ਹਾਂ ਨੂੰ ਵੱਖਵਾਦੀ ਕਿਹਾ ਗਿਆ ਸੀ ਜੋ ਕਿ ਗਲਤ ਸੀ,ਇਸ ਲਈ NCERT ਨੂੰ ਇਸ ਨੂੰ ਹਟਾ ਲੈਣਾ ਚਾਹੀਦਾ ਹੈ।

ਸੂਬਿਆਂ ਦੇ ਅਧਿਕਾਰਾਂ ਨੂੰ ਲੈਕੇ ਅਣਦੇਖੀ ਹੁੰਦੀ ਹੈ

ਪ੍ਰਧਾਨ ਧਾਮੀ ਨੇ ਇਤਰਾਜ ਜ਼ਾਹਿਰ ਕਰਦੇ ਹੋਏ ਕਿਹਾ ਸੀ ਕਿ ਸ੍ਰੀ ਆਨੰਦਪੁਰ ਸਾਹਿਬ ਦਾ ਮਤਾ ਇਤਿਹਾਸਕ ਦਸਤਾਵੇਜ਼ ਹੈ। ਇਸ ਵਿੱਚ ਕੁਝ ਵੀ ਗਲਤ ਨਹੀਂ ਹੈ, ਇਸ ਵਿੱਚ ਸੂਬਿਆਂ ਨੂੰ ਵੱਧ ਅਧਿਕਾਰੀ ਦੇਣ ਦੀ ਮੰਗ ਕੀਤੀ ਗਈ ਸੀ,ਦੁਖ ਦੀ ਗੱਲ ਇਹ ਹੈ ਕਿ ਹਾਲਾਤ ਹੁਣ ਵੀ ਉਹ ਹੀ ਹਨ,ਸੂਬਿਆਂ ਦੇ ਅਧਿਕਾਰਾਂ ਦੀ ਅਣਦੇਖੀ ਹੁੰਦੀ ਹੈ । ਸ੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੇਂਦਰ ‘ਤੇ ਇਲਜ਼ਾਮ ਲਗਾਏ ਸਨ ਕਿ ਹਿੰਦੂ ਰਾਸ਼ਟਰ ਦੀ ਭਾਸ਼ਾ ਬੋਲਣ ਵਾਲਿਆਂ ਨੂੰ ਜਾਣ ਬੁੱਝ ਕੇ ਫਾਇਦਾ ਪਹੁੰਚਾਇਆ ਜਾ ਰਿਹਾ ਹੈ। ਜਦਕਿ ਘੱਟ ਗਿਣਤੀ ਦੇ ਮਸਲਿਆਂ ਨੂੰ ਸੁਲਝਾਉਣ ਦੀ ਥਾਂ ਉਨ੍ਹਾਂ ਦੇ ਬਾਰੇ ਗਲਤ ਭਾਵਨਾਵਾਂ ਪੈਦਾ ਕੀਤੀਆਂ ਜਾ ਰਹੀਆਂ ਹਨ।

Exit mobile version