Punjab

CM ਮਾਨ ਨੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਦਾ ਅਸਤੀਫਾ ਕੀਤਾ ਮਨਜ਼ੂਰ ! 31 ਮਈ ਨੂੰ 2 ਇਹ ਮੰਤਰੀ ਚੁੱਕਣਗੇ ਸਹੁੰ

ਬਿਊਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਥਾਨਕ ਸਰਕਾਰਾ ਬਾਰੇ ਮੰਤਰੀ ਇੰਦਰਬੀਰ ਸਿੰਘ ਨਿੱਜਰ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ । ਉਨ੍ਹਾਂ ਨੇ ਨਿੱਜੀ ਕਾਰਨਾਂ ਦੀ ਵਜ੍ਹਾ ਕਰਕੇ ਅਸਤੀਫਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਿਆ ਗਿਆ ਸੀ, ਮਨਜ਼ੂਰੀ ਦੇ ਲਈ ਇਹ ਹੁਣ ਰਾਜਪਾਲ ਨੂੰ ਭੇਜ ਦਿੱਤਾ ਗਿਆ ਹੈ। 31 ਮਈ ਨੂੰ ਦੁਪਹਿਰ 11 ਵਜੇ 2 ਕੈਬਨਿਟ ਮੰਤਰੀ ਸਹੁੰ ਚੁੱਕਣ ਜਾ ਰਹੇ ਹਨ, ਉਨ੍ਹਾਂ ਵਿੱਚ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਅਤੇ ਗੁਰਮੀਤ ਸਿੰਘ ਖੁੰਡਿਆ ਦਾ ਨਾਂ ਸਾਹਮਣੇ ਆਇਆ ਹੈ, ਜਲੰਧਰ ਲੋਕਸਭਾ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਦੋਆਬੇ ਹਲਕੇ ਨੂੰ ਬਲਕਾਰ ਸਿੰਘ ਨੂੰ ਮੰਤਰੀ ਬਣਾ ਕੇ ਇਨਾਮ ਦਿੱਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੰਡਿਆ ਨੂੰ ਵੀ ਮੰਤਰੀ ਬਣਾਇਆ ਜਾ ਰਿਹਾ ਹੈ, ਸਰਕਾਰ ਬਣਨ ਤੋਂ ਬਾਅਦ ਹੁਣ ਤੱਕ 3 ਕੈਬਨਿਟ ਵਿਸਤਾਰ ਵਿੱਚ ਉਨ੍ਹਾਂ ਦਾ ਹਰ ਵਾਰ ਨਾਂ ਸਾਹਮਣੇ ਆਉਂਦਾ ਸੀ ਪਰ ਉਹ ਅਖੀਰਲੇ ਸਮੇਂ ਵਿੱਚ ਰੇਸ ਤੋਂ ਬਾਹਰ ਹੋ ਜਾਂਦੇ ਸਨ। ਇਸ ਵਾਰ ਉਨ੍ਹਾਂ ਦੇ ਨਾਂ ‘ਤੇ ਪੱਕੀ ਮੋਹਰ ਲਾ ਦਿੱਤੀ ਗਈ ਹੈ।

10 ਮਹੀਨੇ ਹੀ ਮੰਤਰੀ ਰਹੇ ਇੰਦਰਬੀਰ ਸਿੰਘ ਨਿੱਜਰ

ਅਸਤੀਫਾ ਦੇਣ ਵਾਲੇ ਮੰਤਰੀ ਇੰਦਰਬੀਰ ਸਿੰਘ ਨਿੱਜਰ 2022 ਦੀਆਂ ਵਿਧਾਨਸਭਾ ਚੋਣਾਂ ਵਿੱਚ ਪਹਿਲੀ ਵਾਰ ਅੰਮ੍ਰਿਤਸਰ ਦੱਖਣੀ ਤੋਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਵਿਧਾਇਕ ਬਣੇ ਸਨ । ਉਨ੍ਹਾਂ ਨੂੰ ਮਾਨ ਕੈਬਨਿਟ ਦੇ ਪਹਿਲੇ ਵਿਸਤਾਰ ਵਿੱਚ 4 ਜੁਲਾਈ ਨੂੰ 5 ਵਿਧਾਇਕਾਂ ਦੇ ਨਾਲ ਕੈਬਨਿਟ ਵਿੱਚ ਥਾਂ ਮਿਲੀ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਸਥਾਨਕ ਸਰਕਾਰਾ ਬਾਰੇ ਮੰਤਰਾਲੇ ਦਾ ਅਹਿਮ ਮਹਿਕਮਾ ਸੌਂਪਿਆ ਸੀ । ਜਲੰਧਰ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਮਾਨ ਸਰਕਾਰ ਨਗਰ ਨਿਗਮ ਚੋਣਾਂ ਦੀ ਵੀ ਤਿਆਰੀ ਕਰ ਰਹੀ ਸੀ,ਸਥਾਨਕ ਸਰਕਾਰਾ ਬਾਰੇ ਮੰਤਰੀ ਦਾ ਇਸ ਵਿੱਚ ਅਹਿਮ ਯੋਗਦਾਨ ਹੁੰਦਾ ਹੈ। ਅਜਿਹੇ ਵਿੱਚ ਨਿੱਜਨ ਨੇ ਅਸਤੀਫਾ ਕਿਉਂ ਦਿੱਤਾ ਇਸ ਦੇ ਪਿੱਛੇ ਹਾਲਾਂਕਿ ਨਿੱਜੀ ਕਾਰਨ ਦੱਸਿਆ ਜਾ ਰਿਹਾ ਹੈ। ਪਰ ਇਸ ਦੇ ਪਿੱਛੇ ਇੱਕ ਹੋਰ ਵੱਡਾ ਕਾਰਨ ਵੀ ਹੋ ਸਕਦਾ ਹੈ ਉਹ ਹੈ SGPC ਦੀਆਂ ਚੋਣਾਂ ।

SGPC ਚੋਣਾਂ ਦੀ ਤਿਆਰੀ

ਇੰਦਰਬੀਰ ਸਿੰਘ ਨਿੱਜਰ ਵਿਧਾਇਕ ਬਣਨ ਤੋਂ ਬਾਅਦ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਵੀ ਬਣੇ ਸਨ। ਉਨ੍ਹਾਂ ਨੂੰ ਪਹਿਲਾਂ 14 ਮਾਰਚ ਨੂੰ ਤਤਕਾਲੀ ਪ੍ਰਧਾਨ ਨਿਰਮਲ ਸਿੰਘ ਦੇ ਦੇਹਾਂਤ ਤੋਂ ਬਾਅਦ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ ਪਰ ਬਾਅਦ ਵਿੱਚੋਂ ਉਨ੍ਹਾਂ ਨੂੰ ਚੀਫ ਖਾਲਸਾ ਦੀਵਾਨ ਦਾ ਪ੍ਰਧਾਨ ਚੁਣਿਆ ਗਿਆ ਸੀ । ਜਿਸ ਤਰ੍ਹਾਂ ਗੁਰਦੁਆਰਾ ਚੋਣ ਕਮਿਸ਼ਨ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੋਟਾਂ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ, ਕਿਸੇ ਵੇਲੇ ਵੀ ਹੁਣ SGPC ਦੀਆਂ ਜਨਰਲ ਚੋਣਾਂ ਦਾ ਐਲਾਨ ਹੋ ਸਕਦਾ ਹੈ ਅਜਿਹੇ ਵਿੱਚ ਹੋ ਸਕਦਾ ਹੈ ਕਿ ਭਗਵੰਤ ਸਿੰਘ ਮਾਨ ਉਨ੍ਹਾਂ ਨੂੰ ਅਸਿੱਧੇ ਤੌਰ ‘ਤੇ SGPC ਦੇ ਪ੍ਰਧਾਨ ਦੇ ਅਹੁਦੇ ਦੇ ਲਈ ਅੱਗੇ ਕਰ ਰਹੇ ਹੋਣ। ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਐੱਸਜੀਪੀਸੀ ਨੂੰ ਟਾਰਗੇਟ ਕਰ ਰਹੇ ਸਨ,ਇਸ ਤੋਂ ਕਾਫੀ ਕੁਝ ਇਸ਼ਾਰਾ ਮਿਲ ਰਿਹਾ ਸੀ ।ਹਾਲਾਂਕਿ ਇਹ ਸਾਰੇ ਕਿਆਸ ਹਨ ਪਰ ਨਿੱਜਰ ਦੇ ਅਸਤੀਫੇ ਨੇ ਸੂਬੇ ਦੀ ਸਿਆਸਤ ਦੇ ਨਾਲ ਸਿੱਖ ਸਿਆਸਤ ਵਿੱਚ ਵੀ ਹਲਚਲ ਵੱਧਾ ਦਿੱਤੀ ਹੈ ।