ਮੁਹਾਲੀ : ਪੰਜਾਬ ਵਿੱਚ ਜਾਅਲੀ ਸਰਟੀਫਿਕੇਟ ਉੱਤੇ ਨੌਕਰੀ ਲੈਣ ਦਾ ਮਾਮਲਾ ਪਿਛਲੇ ਸਮੇਂ ਵਿੱਚ ਕਾਫ਼ੀ ਭਖਿਆ ਸੀ। ਪਰ ਹੁਣ ਇੱਕ ਮਾਮਲੇ ਵਿੱਚ ਸਰਕਾਰ ਨੇ ਨਵਾਂ ਗਾਉਂ ਦੇ ਬੀਜੇਪੀ ਕੌਂਸਲਰ ਪ੍ਰਮੋਦ ਕੁਮਾਰ ਦਾ ਅਨੁਸੂਚਿਤ ਜਾਤੀ ਸਰਟੀਫਿਕੇਟ ਰੱਦ ਕੀਤਾ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਕੀਤੀ ਜਾਂਚ ਵਿੱਚ ਇਹ ਐਸਸੀ ਸਰਟੀਫਿਕੇਟ ਜਾਅਲੀ ਪਾਇਆ ਗਿਆ।
ਨਗਰ ਕੌਂਸਲ ਦੀ ਮੈਂਬਰਸ਼ਿਪ ਖੁੱਸਣ ਦਾ ਖ਼ਤਰਾ
ਪ੍ਰਮੋਦ ਕੁਮਾਰ ਨੇ ਅਨੁਸੂਚਿਤ ਜਾਤੀ ਲਈ ਰਾਖਵੀਂ ਸੀਟ ਵਾਰਡ ਨੰਬਰ 18 ਤੋਂ 2021 ਵਿੱਚ ਚੋਣ ਲੜੀ ਸੀ ਅਤੇ ਉਹ ਇੱਥੋਂ ਚੋਣ ਜਿੱਤੇ ਸਨ। ਪਰ ਹੁਣ ਜਾਤੀ ਸਰਟੀਫਿਕੇਟ ਰੱਦ ਹੋਣ ਕਾਰਨ ਉਨ੍ਹਾਂ ਦੀ ਨਗਰ ਕੌਂਸਲ ਦੀ ਮੈਂਬਰਸ਼ਿਪ ਖੁੱਸਣ ਦਾ ਖ਼ਤਰਾ ਵੀ ਮੰਡਰਾ ਰਿਹਾ ਹੈ।
ਕੀ ਹੈ ਸਾਰਾ ਮਾਮਲਾ
ਪੰਜਾਬ ਦੀ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਦੱਸਿਆ ਕਿ ਨਵਾਂ ਗਾਉਂ ਦੇ ਵਾਰਡ 18 ਦੇ ਵਸਨੀਕ ਮਹੇਸ਼ ਕੁਮਾਰ ਨੇ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਨੂੰ ਸ਼ਿਕਾਇਤ ਦਿੱਤੀ ਸੀ ਕਿ ਪ੍ਰਮੋਦ ਕੁਮਾਰ ਦਾ ਅਨੁਸੂਚਿਤ ਜਾਤੀ ਸਰਟੀਫਿਕੇਟ ਜਾਅਲੀ ਬਣਾਇਆ ਗਿਆ ਹੈ। ਇਸ ਵਿੱਚ ਦੋਸ਼ ਸਨ ਕਿ ਪ੍ਰਮੋਦ ਕੁਮਾਰ ਨੇ ਈਸਾਈ ਧਰਮ ਅਪਣਾ ਲਿਆ ਸੀ। ਉਸ ਤੋਂ ਬਾਅਦ ਵੀ ਉਹ ਅਨੁਸੂਚਿਤ ਜਾਤੀਆਂ ਦਾ ਫ਼ਾਇਦਾ ਲੈ ਰਿਹਾ ਹੈ।
ਮੰਤਰੀ ਨੇ ਅੱਗੇ ਦੱਸਿਆ ਕਿ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਵੱਲੋਂ ਸ਼ਿਕਾਇਤ ਦੀ ਕੀਤੀ ਜਾਂਚ ਵਿੱਚ ਮੁਲਜ਼ਮ ਕੌਂਸਲਰ ਦਾ ਅਨੁਸੂਚਿਤ ਜਾਤੀ ਸਰਟੀਫਿਕੇਟ ਜਾਅਲੀ ਹੈ। ਹੁਣ ਇਸ ਦੀ ਸੂਚਨਾ ਡੀ ਸੀ ਮੁਹਾਲੀ ਨੂੰ ਦੇ ਦਿੱਤੀ ਗਈ ਹੈ।
ਰਾਜਨੀਤਕ ਬਦਲਾਖੋਰੀ ਤਹਿਤ ਹੋਈ ਕਾਰਵਾਈ
ਦੂਜੇ ਇਸ ਸਾਰੇ ਮਾਮਲੇ ਵਿੱਚ ਐਮਸੀ ਪ੍ਰਮੋਦ ਕੁਮਾਰ ਦਾ ਕਹਿਣਾ ਹੈ ਕਿ ਰਾਜਨੀਤਕ ਬਦਲਾਖੋਰੀ ਤਹਿਤ ਉਨ੍ਹਾਂ ਖ਼ਿਲਾਫ਼ ਕਾਰਵਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਕਰਨ ਵਾਲੇ ਮਹੇਸ਼ ਕੁਮਾਰ ਨੇ ਉਨ੍ਹਾਂ ਦੇ ਖ਼ਿਲਾਫ਼ ਚੋਣ ਲਈ ਲੜੀ ਸੀ, ਉਹ ਜਿੱਤ ਨਹੀਂ ਸਕਿਆ ਤਾਂ ਇਹ ਕਾਰਵਾਈ ਉੱਤੇ ਉਤਰ ਆਇਆ। ਉਨ੍ਹਾਂ ਨੇ ਕਿਹਾ ਕਿ ਮਹੇਸ਼ ਕੁਮਾਰ ਵਿੱਚ ਸ਼ਿਕਾਇਤ ਨਾਲ ਪੇਸ਼ ਕੀਤਾ ਈਸਾਈ ਧਰਮ ਦਾ ਸਰਟੀਫਿਕੇਟ ਜਾਅਲੀ ਹੈ। ਉਸ ਦਾ ਜਨਮ ਬਿਹਾਰ ਤੋਂ ਹੋਇਆ ਹੈ, ਇਸੇ ਵਜ੍ਹਾ ਕਾਰਨ ਸਰਕਾਰ ਨੇ ਪ੍ਰਵਾਸੀ ਮਜ਼ਦੂਰ ਦੱਸਦੇ ਹੋਏ ਉਸ ਦਾ ਸਰਟੀਫਿਕੇਟ ਰੱਦ ਕੀਤਾ ਹੈ।