‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਮੁੜ ਗੰਨਾ ਕਾਸ਼ਤਕਾਰਾਂ ਲਈ ਟਵੀਟ ਕੀਤਾ। ਸਿੱਧੂ ਨੇ ਟਵੀਟ ਕਰਕੇ ਲਿਖਿਆ ਕਿ ‘ਗੰਨਾ ਕਾਸ਼ਤਕਾਰਾਂ ਲਈ ਸੂਬੇ ਵੱਲੋਂ ਸੁਝਾਇਆ ਜਾਂਦਾ ਭਾਅ (SAP) 2018 ਤੋਂ ਨਹੀਂ ਵਧਿਆ ਜਦਕਿ ਲਾਗਤ 30 % ਤੱਕ ਵੱਧ ਗਈ ਹੈ। ‘ਪੰਜਾਬ ਮਾਡਲ’ ਦਾ ਮਤਲਬ ਵਾਜਿਬ ਕੀਮਤਾਂ, ਮੁਨਾਫ਼ੇ ਦੀ ਬਰਾਬਰ ਵੰਡ, ਫ਼ਸਲੀ ਵਿਭਿੰਨਤਾ, ਉਤਪਾਦਨ ਅਤੇ ਉਤਪਾਦਨ ਪ੍ਰਕਿਰਿਆ ਲਈ ਲਾਹੇਵੰਦ ਨੀਤੀਆਂ ਬਣਾ ਕੇ ਕਾਸ਼ਤਕਾਰਾਂ ਅਤੇ ਮਿੱਲਾਂ ਨੂੰ ਹੋਰ ਮੁਨਾਫ਼ਾ ਪਹੁੰਚਾਉਣ ਦਾ ਪ੍ਰਬੰਧ ਕਰਨਾ ਹੈ।’
ਇੱਕ ਹੋਰ ਟਵੀਟ ਵਿੱਚ ਉਨ੍ਹਾਂ ਨੇ ਕਿਹਾ ਕਿ ‘ਸੂਬੇ ਵੱਲੋਂ ਸੁਝਾਇਆ ਜਾਂਦਾ ਭਾਅ (SAP) ਕਾਸ਼ਤਕਾਰਾਂ ਦੀ ਮੰਗ ਮੁਤਾਬਕ ਤੁਰੰਤ ਵਧਾਉਣਾ ਚਾਹੀਦਾ ਹੈ ਅਤੇ ਬਕਾਇਆ ਰਕਮ ਵੀ ਜਲਦ ਅਦਾ ਹੋਣੀ ਚਾਹੀਦੀ ਹੈ। ਨਾਲ ਹੀ ਸ਼ੂਗਰ ਮਿੱਲਾਂ ਅਤੇ ਕਾਸ਼ਤਕਾਰਾਂ ਦਾ ਮੁਨਾਫ਼ਾ ਵਧਾਉਣ ਲਈ ਵਧੇਰੇ ਉਤਪਾਦਕਤਾ ਅਤੇ ਇਸ ਤੋਂ ਅੱਗੇ ਬਣਦੇ ਕੀਮਤੀ ਪਦਾਰਥ ਜਿਵੇਂ ਐਥੋਨਾਲ, ਜੈਵਿਕ ਬਾਲਣ ਅਤੇ ਬਿਜਲੀ ਆਦਿ ਦੇ ਉਤਪਾਦਨ ਵਾਸਤੇ ਖੰਡ ਮਿੱਲਾਂ ਦਾ ਆਧੁਨਿਕੀਕਰਨ ਵੀ ਕਰਨਾ ਚਾਹੀਦਾ ਹੈ।’