‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਨੇ ਬੇਅਦਬੀ ਮਾਮਲੇ ਦੀ ਜਸਟਿਸ ਰਣਜੀਤ ਕਮਿਸ਼ਨ ਦੀ ਜਾਂਚ ਰਿਪੋਰਟ ਵਿੱਚੋਂ ਖੁਲਾਸਾ ਕਰਦਿਆਂ ਕਿਹਾ ਕਿ ‘3:03 ਵਜੇ ਤਤਕਾਲੀ ਐੱਸਐੱਮਓ ਨੇ ਇੱਕ ਡਾਕਟਰ ਨੂੰ ਫੋਨ ਕਰਕੇ ਤੁਰੰਤ ਕੋਟਕਪੂਰਾ ਹਸਪਤਾਲ ਵਿੱਚ ਪਹੁੰਚਣ ਲਈ ਕਿਹਾ ਸੀ। ਡਾ. ਕੁਲਵਿੰਦਰਪਾਲ ਸਿੰਘ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਮੈਨੂੰ ਤਤਕਾਲੀ ਐੱਸਐੱਓ ਦਾ ਫੋਨ ਆਇਆ ਸੀ ਅਤੇ ਮੈਨੂੰ ਕਿਹਾ ਗਿਆ ਸੀ ਕਿ 14 ਅਕਤੂਬਰ 2015 ਨੂੰ ਮੇਰੇ ਸਮੇਤ ਕੁੱਝ ਹੋਰ ਡਾਕਟਰਾਂ ਦੀ ਤੁਰੰਤ ਮੰਗ ਕੀਤੀ ਗਈ ਸੀ। ਸਵੇਰੇ 5 ਵਜੇ ਸਾਨੂੰ ਸਾਰੇ ਡਾਕਟਰਾਂ ਨੂੰ ਕੋਟਕਪੂਰਾ ਚੌਂਕ ਵਿੱਚ ਲਿਜਾਇਆ ਗਿਆ। ਉੱਥੇ ਪ੍ਰਦਰਸ਼ਨਕਾਰੀ ਧਰਨਾ ਦੇ ਰਹੇ ਸਨ ਅਤੇ ਪੁਲਿਸ ਕੈਨਨ ਲੈ ਕੇ ਉੱਥੇ ਪਹੁੰਚੀ ਹੋਈ ਸੀ।
ਅਸੀਂ 6:30 ਵਜੇ ਹਸਪਤਾਲ ਵਾਪਸ ਗਏ। ਵਾਪਸ ਆ ਕੇ ਅਸੀਂ ਸਾਰੇ ਡਾਕਟਰ ਹਸਪਤਾਲ ਦੀ ਛੱਤ ‘ਤੇ ਚਲੇ ਗਏ ਅਤੇ ਸਾਨੂੰ ਪੁਲਿਸ ਫੋਰਸ ਨੇ ਕਿਹਾ ਕਿ ਛੱਤ ਤੋਂ ਥੱਲੇ ਉੱਤਰੋ, ਤੁਹਾਨੂੰ ਗੋਲੀ ਲੱਗਣ ਦਾ ਖਤਰਾ ਹੈ। ਅਸੀਂ ਫਿਰ ਥੱਲੇ ਆ ਗਏ। ਉਸ ਤੋਂ ਕੁੱਝ ਸਮੇਂ ਬਾਅਦ ਹੀ ਹਸਪਤਾਲ ਵਿੱਚ ਮਰੀਜ਼ਾਂ ਦੇ ਆਉਣ ਦੀ ਗਿਣਤੀ ਵੱਧਣੀ ਸ਼ੁਰੂ ਹੋ ਗਈ। ਮੈਂ ਲਗਾਤਾਰ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਕੁੱਝ ਸਮੇਂ ਬਾਅਦ ਹੀ ਮਰੀਜ਼ਾਂ ਦੇ ਆਉਣ ਦੀ ਗਿਣਤੀ ਘੱਟ ਗਈ’।
ਨਵਜੋਤ ਸਿੰਘ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੇਅਦਬੀ ਮਾਮਲੇ ‘ਤੇ ਮੰਗੇ ਸਬੂਤਾਂ ‘ਤੇ ਜਵਾਬ ਦਿੰਦਿਆਂ ਕਿਹਾ ਕਿ ਬਾਦਲਾਂ ਖਿਲਾਫ ਰਣਜੀਤ ਕਮਿਸ਼ਨ ਕੋਲ ਕਾਫੀ ਸਬੂਤ ਹਨ। ਉਨ੍ਹਾਂ ਕਿਹਾ ਕਿ ਉਹਨਾਂ ਨੇ ਖੁਦ ਸਤੰਬਰ 2018 ਵਿੱਚ ਸਬੂਤ ਜਾਰੀ ਕੀਤੇ ਸਨ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਸਾਬਕਾ ਡੀਜੀਪੀ, ਡਾਕਟਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਬਿਆਨ ਜਾਰੀ ਕੀਤੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਲੋਕਾਂ ਦੇ ਸਾਹਮਣੇ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਲਿਆਂਦੀ ਹੈ। ਸਿੱਧੂ ਨੇ ਕਿਹਾ ਕਿ ਬਾਦਲਾਂ ਦੇ ਹੁਕਮਾਂ ‘ਤੇ ਪੁਲਿਸ ਨੇ ਕਾਰਵਾਈ ਕੀਤੀ ਸੀ। ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਿਹਾ ਕਿ ‘ਤੁਸੀਂ ਬਸ ਦੋਸ਼ੀ ਹੋ ਅਤੇ ਤੁਹਾਨੂੰ ਬਚਾਇਆ ਜਾ ਰਿਹਾ ਹੈ’।