Punjab

ਸਿੱਧੂ ਨੇ ਲੋਕ ਸਭਾ ‘ਚੋਂ ਗੈਰ-ਹਾਜ਼ਰ ਰਹਿਣ ਦੇ ਤੋੜੇ ਰਿਕਾਰਡ

‘ਦ ਖ਼ਾਲਸ ਬਿਊਰੋ :- ਜਿੱਤੇਗਾ ਪੰਜਾਬ ਦਾ ਨਾਅਰਾ ਦੇਣ ਵਾਲੇ ਨਵਜੋਤ ਸਿੰਘ ਸਿੱਧੂ ਦਾ ਲੋਕ ਸਭਾ ਵਿੱਚ ਹਾਜ਼ਰ ਰਹਿਣ ਦਾ ਰਿਕਾਰਡ ਕਾਫੀ ਮਾੜਾ ਹੈ। ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਪਾਰਲੀਮੈਂਟ ਵਿੱਚ ਪੁੱਜ ਤਾਂ ਗਏ ਪਰ ਉੱਥੇ ਪੰਜਾਬ ਦੇ ਮੁੱਦੇ ਚੁੱਕਣ ਦੀ ਥਾਂ ਉਹ ਸੈਸ਼ਨ ਵਿੱਚੋਂ ਗੈਰ-ਹਾਜ਼ਰ ਰਹਿੰਦੇ ਰਹੇ। ਉਨ੍ਹਾਂ ਨੇ ਲੋਕ ਸਭਾ ਵਿੱਚੋਂ ਗੈਰ-ਹਾਜ਼ਰ ਰਹਿਣ ਦੇ ਕਈ ਰਿਕਾਰਡ ਤੋੜੇ ਹਨ। ਦਸ ਸਾਲਾਂ ਵਿੱਚ ਉਨ੍ਹਾਂ ਦੀ 73 ਫੀਸਦੀ ਸੰਸਦ ਵਿੱਚੋਂ ਗੈਰ-ਹਾਜ਼ਰੀ ਲੱਗੀ। ਜਿਸ ਕਾਰਨ ਉਹ ਜ਼ਿਆਦਾ ਸਮਾਂ ਗੈਰ-ਹਾਜ਼ਿਰ ਰਹਿਣ ਦੇ ਚੱਲਦਿਆਂ ਪੰਜਾਬ ਦੇ ਮੁੱਦੇ ਚੁੱਕਣ ਤੋਂ ਖੁੰਝ ਗਏ।

ਪੰਜਾਬ ਕਾਂਗਰਸ ਦੇ ਨਵੇਂ-ਨਵੇਂ ਕਪਤਾਨ ਬਣੇ ਸਿੱਧੂ ਤਿੰਨ ਵਾਰ ਲੋਕ ਸਭਾ ਵਿੱਚ ਪਹੁੰਚੇ ਸਨ। ਇਸ ਦੌਰਾਨ ਲੋਕ ਸਭਾ ਦਾ 30 ਵਾਰ ਸੈਸ਼ਨ ਸੱਦਿਆ ਗਿਆ। ਉਨ੍ਹਾਂ ਦੇ ਕਾਰਜਕਾਲ ਦੌਰਾਨ ਲੋਕ ਸਭਾ ਦੀਆਂ 695 ਬੈਠਕਾਂ ਹੋਈਆਂ ਹਨ ਪਰ ਇਨ੍ਹਾਂ ਬੈਠਕਾਂ ਵਿੱਚ ਉਹ 501 ਦਿਨ ਗੈਰ-ਹਾਜ਼ਰ ਰਹੇ ਅਤੇ 194 ਦਿਨ ਹੀ ਹਾਜ਼ਰੀ ਲਗਵਾਈ। ਸਿੱਧੂ ਦੇ ਜੀਵਨ ਦੀ ਸ਼ੁਰੂਆਤ ਕ੍ਰਿਕਟ ਨਾਲ ਹੋਈ ਅਤੇ ਉਹ ਚਰਚਾ ਵਿੱਚ ਵੀ ਕ੍ਰਿਕਟ ਦੇ ਨਾਲ ਹੀ ਆਏ ਸਨ। ਗੇਮ ਵਿੱਚ ਕਪਤਾਨ ਅਤੇ ਦੂਜੇ ਸਾਥੀਆਂ ਨਾਲ ਤਹਿ ਨਾ ਬੈਠਣ ਕਰਕੇ ਉਨ੍ਹਾਂ ਨੇ ਸਿਆਸਤ ਵਿੱਚ ਕਦਮ ਧਰਿਆ ਅਤੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਚੋਣ ਲੜੀ। ਸਾਲ 2004 ਦੀ ਲੋਕ ਸਭਾ ਚੋਣ ਜਿੱਤ ਕੇ ਉਹ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਪਾਰਲੀਮੈਂਟ ਪਹੁੰਚੇ। ਦੋ ਸਾਲ ਬਾਅਦ ਹੀ ਪਟਿਆਲਾ ਦੇ ਇੱਕ ਪੁਰਾਣੇ ਮਾਮਲੇ ਵਿੱਚ ਸਜ਼ਾ ਮਿਲਣ ਤੋਂ ਬਾਅਦ ਆਪਣਾ ਅਸਤੀਫਾ ਦੇ ਦਿੱਤਾ ਸੀ, ਜਿਸ ਤੋਂ ਬਾਅਦ 2007 ਦੀ ਉਪ ਚੋਣ ਵਿੱਚ ਨਵਜੋਤ ਸਿੰਘ ਸਿੱਧੂ ਨੇ ਮੁੜ ਅੰਮ੍ਰਿਤਸਰ ਦੀ ਚੋਣ ਜਿੱਤੀ ਅਤੇ ਉਹ 14ਵੀਂ ਲੋਕ ਸਭਾ ਵਿੱਚ ਪਹੁੰਚੇ।

14ਵੀਂ ਲੋਕ ਸਭਾ ਵਿੱਚ ਲਗਭਗ 335 ਬੈਠਕਾਂ ਸੱਦੀਆਂ ਗਈਆਂ। ਉਨ੍ਹਾਂ ਨੇ ਸਿਰਫ 95 ਬੈਠਕਾਂ ਵਿੱਚ ਹੀ ਹਾਜ਼ਰੀ ਭਰੀ ਅਤੇ 240 ਵਾਰ ਗੈਰ-ਹਾਜ਼ਰ ਰਹੇ। ਇਸ ਹਿਸਾਬ ਨਾਲ ਸਿੱਧੂ ਦੀ ਹਾਜ਼ਰੀ ਸਿਰਫ 28 ਫੀਸਦੀ ਹੀ ਬਣਦੀ ਹੈ। ਲੋਕ ਸਭਾ ਦੇ ਮੈਂਬਰ ਹੋਣ ਜਾਂ ਵਿਧਾਨ ਸਭਾ ਦੇ ਮੈਂਬਰ ਹੋਣ, ਦੋਹਾਂ ਕੋਲੇ ਸੂਬੇ ਦੇ ਲੋਕਾਂ ਦੇ ਮਸਲੇ ਚੁੱਕਣ ਦਾ ਇਹੋ ਸਭ ਤੋਂ ਬਿਹਤਰ ਪਲੇਟਫਾਰਮ ਹੁੰਦਾ ਹੈ।

ਸਾਲ 2009 ਵਿੱਚ 15ਵੀਂ ਲੋਕ ਸਭਾ ਲਈ ਮੁੜ ਚੋਣਾਂ ਹੋਈਆਂ ਤਾਂ ਨਵਜੋਤ ਸਿੰਘ ਸਿੱਧੂ ਨੂੰ ਜਿੱਤ ਮੁੜ ਨਸੀਬ ਹੋਈ। ਉਹ ਪਾਰਲੀਮੈਂਟ ਦੇ ਸੈਸ਼ਨਾਂ ਵਿੱਚੋਂ ਗੈਰ-ਹਾਜ਼ਰ ਰਹਿਣ ਦਾ ਰਿਕਾਰਡ ਪਹਿਲਾਂ ਵਾਲਾ ਹੀ ਰਿਹਾ। 15ਵੀਂ ਲੋਕ ਸਭਾ ਵਿੱਚ ਲਗਭਰ 360 ਬੈਠਕਾਂ ਹੋਈਆਂ ਅਤੇ ਉਹ 261 ਵਾਰ ਗੈਰ-ਹਾਜ਼ਰ ਰਹੇ ਅਤੇ 99 ਵਿੱਚ ਹਾਜ਼ਰੀ ਲਗਵਾਈ। ਸਿੱਧੂ ਨੇ ਦੋਵੇਂ ਵਾਰ ਮੈਂਬਰ ਪਾਰਲੀਮੈਂਟ ਦੀ ਚੋਣ ਤਾਂ ਜਿੱਤੀ ਪਰ ਗੈਰ-ਹਾਜ਼ਰ ਰਹਿਣ ਦਾ ਰਿਕਾਰਡ ਬਣਾਈ ਰੱਖਿਆ।

ਵਿਸਥਾਰ ਵਿੱਚ ਲਈ ਜਾਣਕਾਰੀ ਅਨੁਸਾਰ ਸਾਲ 2004 ਵਿੱਚ ਪਾਰਲੀਮੈਂਟ ਦੀਆਂ 48 ਬੈਠਕਾਂ ਵਿੱਚੋਂ 27 ਵਾਰ ਹਾਜ਼ਰੀ ਭਰੀ। 2005 ਵਿੱਚ 88 ਬੈਠਕਾਂ ਵਿੱਚੋਂ 60 ਵਾਰ ਗੈਰ-ਹਾਜ਼ਰ ਰਹੇ। 2006 ਵਿੱਚ 70 ਬੈਠਕਾਂ ਵਿੱਚੋਂ 62 ਵਾਰ ਗੈਰ-ਹਾਜ਼ਰੀ ਲੱਗੀ। 2007 ਵਿੱਚ 66 ਬੈਠਕਾਂ ਵਿੱਚੋਂ 50 ਵਾਰ ਗੈਰ-ਹਾਜ਼ਰ ਰਹੇ। 2008 ਦੀਆਂ 46 ਬੈਠਕਾਂ ਵਿੱਚੋਂ ਸਿਰਫ ਸੱਤ ਵਾਰ ਹਾਜ਼ਰੀ ਭਰੀ ਹੈ। 2009 ਵਿੱਚ ਸਿਰਫ ਦਸ ਬੈਠਕਾਂ ਹੋਈਆਂ ਅਤੇ ਅੱਠ ਵਾਰ ਗੈਰ-ਹਾਜ਼ਰ ਰਹੇ।

15ਵੀਂ ਲੋਕ ਸਭਾ ਦੇ ਪਹਿਲੇ ਸਾਲ 2009 ਵਿੱਚ 54 ਬੈਠਕਾਂ ਵਿੱਚੋਂ 36 ਵਾਰ ਗੈਰ-ਹਾਜ਼ਰ ਰਹੇ। 2010 ਵਿੱਚ 81 ਬੈਠਕਾਂ ਸੱਦੀਆਂ ਪਰ ਹਾਜ਼ਰੀ ਸਿਰਫ 30 ਵਿੱਚ ਭਰੀ। ਸਾਲ 2011 ਵਿੱਚ 63 ਗੈਰ-ਹਾਜ਼ਰੀਆਂ ਲੱਗੀਆਂ ਅਤੇ ਬੈਠਕਾਂ ਦੀ ਗਿਣਤੀ ਕੁੱਲ 78 ਸੀ। 2012 ਵਿੱਚ ਕੁੱਲ ਬੈਠਕਾਂ 74 ਹੋਈਆਂ ਤੇ 60 ਵਾਰ ਗੈਰ-ਹਾਜ਼ਰ ਰਹੇ। ਆਖਰੀ ਸਾਲ 2013 ਵਿੱਚ ਬੈਠਕਾਂ ਦੀ ਗਿਣਤੀ 73 ਰਹੀ ਅਤੇ ਉਹ 51 ਵਾਰ ਗੈਰ-ਹਾਜ਼ਰ ਰਹੇ। ਕੁੱਲ ਮਿਲਾ ਕੇ 14ਵੀਂ ਲੋਕ ਸਭਾ ਦੀਆਂ 335 ਬੈਠਕਾਂ ਵਿੱਚੋਂ ਸਿੱਧੂ 240 ਵਾਰ ਗੈਰ-ਹਾਜ਼ਰ ਰਹੇ। ਇਸੇ ਤਰ੍ਹਾਂ 15ਵੀਂ ਲੋਕ ਸਭਾ ਦੀਆਂ 360 ਬੈਠਕਾਂ ਵਿੱਚੋਂ ਸਿੱਧੂ ਨੇ 261 ਵਾਰ ਦੂਰੀ ਬਣਾਈ ਰੱਖੀ।

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੀ ਕੁਰਸੀ ਮੱਲ ਲੈਣ ਵਾਲੇ ਨਵਜੋਤ ਸਿੰਘ ਸਿੱਧੂ ਦੀ ਅਸਲ ਵਿੱਚ ਅੱਖ ਤਾਂ ਮੁੱਖ ਮੰਤਰੀ ਦੀ ਕੁਰਸੀ ਵੱਲ ਹੈ। ਮੈਂਬਰ ਪਾਰਲੀਮੈਂਟ ਹੁੰਦਿਆਂ ਸੈਸ਼ਨ ਵਿੱਚੋਂ ਗੈਰ-ਹਾਜ਼ਰ ਰਹਿਣ ਅਤੇ ਪੰਜਾਬ ਦੇ ਮਸਲੇ ਚੁੱਕਣ ਤੋਂ ਟਾਲਾ ਵੱਟਣ ਵਾਲੇ ਇਸ ਨੇਤਾ ਦਾ ਪਿਛਲਾ ਰਿਕਾਰਡ ਤਾਂ ਮਾੜਾ ਰਿਹਾ ਹੈ। ਭਵਿੱਖ ਦੀਆਂ ਅੱਲ੍ਹਾ ਹੀ ਜਾਣੇ।