The Khalas Tv Blog Punjab ਨਵਜੋਤ ਸਿੰਘ ਸਿੱਧੂ ਦਾ ਜੀਵਨ ਪਾਰੇ ਵਾਂਗ ਤਿਲਕਦਾ ਰਿਹਾ
Punjab

ਨਵਜੋਤ ਸਿੰਘ ਸਿੱਧੂ ਦਾ ਜੀਵਨ ਪਾਰੇ ਵਾਂਗ ਤਿਲਕਦਾ ਰਿਹਾ

ਕਮਲਜੀਤ ਸਿੰਘ ਬਨਵੈਤ

ਦ ਖ਼ਾਲਸ ਬਿਊਰੋ : ਕ੍ਰਿਕਟ ਤੋਂ ਨੇਤਾ ਬਣੇ ਨਵਜੋਤ ਸਿੰਘ ਸਿੱਧੂ ਦੀ ਜ਼ਿੰਦਗੀ ਪਾਰੇ ਦੀ ਤਰ੍ਹਾਂ ਤਿਲਕਦੀ ਰਹੀ ਹੈ। ਉਹਨਾਂ ਦੀ ਜ਼ਿੰਦਗੀ ਦਾ ਗ੍ਰਾਫ ਦਿਲ ਦੀ ਈਸੀਜੀ ਦੀ ਤਰ੍ਹਾਂ ਕਦੇ ਉੱਚਾਈਆਂ ਛੂੰਹਦਾ ਰਿਹਾ ਹੈ ਅਤੇ ਕਦੇ ਧਰਤੀ ਉੱਤੇ ਹੀ ਧੜੰਮ ਕਰਕੇ ਡਿੱਗਦਾ ਰਿਹਾ ਹੈ। ਉਨ੍ਹਾਂ ਦੇ ਜੀਵਨ ਵਿੱਚ ਨਾ ਸਬਰ ਲਿਖਿਆ ਹੈ ਅਤੇ ਨਾ ਹੀ ਚੈਨ। ਹਰ ਵਾਰ ਸਿਖਰਲੀ ਟੀਸੀ ਉੱਤੇ ਪੁੱਜਣ ਦੀ ਇੱਛਾ ਨੇ ਹੁਣ ਫੇਰ ਉਨ੍ਹਾਂ ਨੂੰ ਧਰਤੀ ਉੱਤੇ ਪਟ ਕਾ ਮਾ ਰਿਆ ਹੈ। ਇੱਕ 34 ਸਾਲ ਪੁਰਾਣੇ ਰੋਡਰੇਜ ਕੇਸ ਵਿੱਚ ਉਨ੍ਹਾਂ ਨੂੰ ਇੱਕ ਸਾਲ ਦੀ ਸਖ਼ਤ ਸ ਜ਼ਾ ਸੁਣਾਈ ਗਈ ਹੈ। ਉਨ੍ਹਾਂ ਦਾ ਜੇ ਲ੍ਹ ਜਾਣਾ ਤੈਅ ਹੈ। ਸਖ਼ਤ ਸ ਜ਼ਾ ਤਹਿਤ ਉਨ੍ਹਾਂ ਨੂੰ ਪੇਟ ਝੁਲਸਣ ਲਈ ਸਖ਼ਤ ਮਜ਼ਦੂਰੀ ਕਰਨੀ ਪਵੇਗੀ। ਦੂਜੇ ਕੈ ਦੀਆਂ ਦੀ ਤਰ੍ਹਾਂ ਖੇਤੀਬਾੜੀ ਜਾਂ ਹੋਰ ਛਾਂਵੇ ਬਹਿ ਕੇ ਕੰਮ ਕਰਨਾ ਉਨ੍ਹਾਂ ਦੇ ਕਰਮਾਂ ਵਿੱਚ ਲਿਖਿਆ ਨਹੀਂ ਹੋਇਆ। ਉਨ੍ਹਾਂ ਨੂੰ ਭੁੰਜੇ ਪੈ ਕੇ ਰਾਤਾਂ ਅੱਖਾਂ ‘ਚ ਕੱਟਣੀਆਂ ਪੈਣਗੀਆਂ। ਦੋ ਪੱਗਾਂ, ਇੱਕ ਖੇਸੀ, ਇੱਕ ਬੈੱਡ ਸ਼ੀਟ, ਦੋ ਜੋੜੇ ਕੱਛਾ ਬਨੈਣ ਅਤੇ ਸਿਰਹਾਣੇ ਤੋਂ ਬਗਾਰ ਸਿਰ ਥੱਲੇ ਬਾਂਹ ਰੱਖ ਕੇ ਸੌਣਾ ਪਵੇਗਾ। ਜੇ ਲ੍ਹ ਦੀ ਰੋਟੀ ਤੋਂ ਬਗੈਰ ਕੰਟੀਨ ਤੋਂ ਕੁਝ ਖਾਣ ਨੂੰ ਦਿਲ ਲਲਚਾਇਆ ਤਾਂ ਇਹਦੇ ਲਈ ਬਿੱਲ ਬਾਹਰ ਬੈਠੇ ਸਿੱਧੂ ਪਰਿਵਾਰ ਨੂੰ ਭਰਨਾ ਪਵੇਗਾ। ਜੇ ਲ੍ਹ ਵਿਭਾਗ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਮੌਕੇ ਦੇ ਅਫ਼ਸਰ ਦੇ ਮਨ ਵਿੱਚ ਬਹੁਤਾ ਰਹਿਮ ਹੋਇਆ ਤਾਂ ਉਹਨੂੰ ਲੰਗਰ ਖਾਨੇ ‘ਚ ਨਿਗਰਾਨ ਜਾਂ ਫਿਰ ਬੈਰਕ ਦੀ ਲੰਬੜਦਾਰੀ ਵੀ ਮਿਲ ਸਕਦੀ ਹੈ। ਦੋ ਵੇਲੇ ਹਾਜ਼ਿਰ ਜੀ ਕਹਿਣ ਤੋਂ ਬਿਨਾਂ ਉਹਦਾ ਛੁਟਕਾਰਾ ਨਹੀਂ ਹੋਣਾ।

ਭਾਰਤ ਦੇ ਕਾਨੂੰਨ ਅਨੁਸਾਰ ਛੇ ਮਹੀਨੇ ਤੋਂ ਪਹਿਲਾਂ ਉਹਨੂੰ ਪੈਰੋਲ ਮਿਲਣ ਵਾਲੀ ਨਹੀਂ । ਜ਼ਮੀਨ ਦਾ ਮਾਲਕ ਹੋਇਆ ਤਾਂ ਅੱਧੇ ਸਾਲ ਬਾਅਦ 42 ਦਿਨ ਦੀ ਨਹੀਂ 28 ਦਿਨ ਦੀ ਪੈਰੋਲ ਨਾਲ ਸਬਰ ਕਰਨਾ ਪਊ।   

ਕ੍ਰਿਕਟਰ ਦੇ ਤੌਰ ਉੱਤੇ ਉਨ੍ਹਾਂ ਨੇ ਕੌਮਾਂਤਰੀ ਪ੍ਰਸਿੱਧੀ ਖੱਟੀ। ਕ੍ਰਿਕਟ ਵਿੱਚ ਜਦੋਂ ਉਨ੍ਹਾਂ ਦਾ ਕੈਰੀਅਰ ਟੀਸੀ ਉੱਤੇ ਸੀ ਤਾਂ ਰੱਬ ਸਬੱਬੀ ਅਜਿਹਾ ਸਬੱਬ ਬਣਿਆ ਕਿ ਉਹ ਆਊਟ ਹੋ ਗਏ। ਉਹ ਸਿਰੇ ਦੇ ਕੁਮੈਂਟਟੇਟਰ ਸਨ। ਟੀਵੀ ਸ਼ੋਆਂ ਵਿੱਚ ਹਰਮਨ ਪਿਆਰੇ ਜੱਜ ਪਰ ਉਸ ਵੇਲੇ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਯਾਰਾਨਾ ਟੀਵੀ ਜਗਤ ਤੋਂ ਬਾਹਰ ਹੋਣ ਦੀ ਵਜ੍ਹਾ ਬਣਿਆ। ਕ੍ਰਿਕਟਰ ਦੇ ਖੇਤਰ ਦੀਆਂ ਬੁਲੰਦੀਆਂ ਹਾਲੇ ਫਿੱਕੀਆਂ ਨਹੀਂ ਸਨ ਪਈਆਂ ਕਿ ਭਾਰਤੀ ਜਨਤਾ ਪਾਰਟੀ ਨੇ ਉਨ੍ਹਾਂ ਨੂੰ ਹੱਥਾਂ ਵਿੱਚ ਚੁੱਕ ਲਿਆ। ਕੇਂਦਰ ਵਿੱਚ ਉਹਨਾਂ ਦਾ ਕੈਬਨਿਟ ਮੰਤਰੀ ਦੀ ਕੁਰਸੀ ਨੂੰ ਹੱਥ ਪੈਂਦਾ ਰਹਿ ਗਿਆ ਜਦੋਂ ਉਨ੍ਹਾਂ ਦੀ ਭਾਜਪਾ ਅਤੇ ਭਾਈਵਾਲ ਅਕਾਲੀਆਂ ਨਾਲ ਖ ੜਕ ਪਈ।

 ਭਾਜਪਾ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਾਮਿਲ ਹੋ ਗਏ। ਦਿਲ ਵਿੱਚ ਵੱਡੀਆਂ ਉਮੀਦਾਂ ਲੈ ਕੇ ਕਾਂਗਰਸ ਪਾਰਟੀ ਦਾ ਪੱਲਾ ਫੜਨ ਵਾਲੇ ਸਿੱਧੂ ਨੂੰ ਪਾਰਟੀ ਦੇ ਅੰਦਰੋਂ ਅਤੇ ਬਾਹਰੋਂ ਲੱਤਾਂ ਖਿੱਚਣ ਵਾਲੇ ਵਧੇਰੇ ਟੱਕਰਦੇ ਰਹੇ। ਉਹਨਾਂ ਦੀ ਆਪਣੀ ਜੀਭ ਉੱਤੇ ਲਗਾਮ ਨਾ ਰਹਿਣ ਕਰਕੇ ਆਪ ਹੀ ਕਈ ਵਿਰੋਧੀ ਪੈਦਾ ਕੀਤੇ। ਬਾਵਜੂਦ ਇਹਦੇ ਉਹ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਬਣੇ ਪਰ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਅਣਬਣ ਵੇਲੇ ਝੰਡੀ ਵਾਲੀ ਕਾਰ ਛੱਡਣੀ ਪਈ। ਇਹ ਵੱਖਰੀ ਗੱਲ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਪਲਟਾਉਣ ਵਿੱਚ ਕਾਮਯਾਬ ਹੋ ਗਏ। ਕੈਪਟਨ ਕੁਰਸੀ ਲਾਹੁਣ ਤੋਂ ਪਹਿਲਾਂ ਉਨ੍ਹਾਂ  ਨੇ ਸੁਨੀਲ ਜਾਖੜ ਤੋਂ ਪ੍ਰਧਾਨਗੀ ਖੋਹ ਲਈ ਸੀ ਪਰ ਮੁੱਖ ਮੰਤਰੀ ਬਣਨ ਦੀਆਂ ਸੱਧਰਾਂ ਦਿਲ ਦੀਆਂ ਦਿਲ ਵਿੱਚ ਰਹਿ ਗਈਆਂ ਕਿਉਂਕਿ ਕਾਂਗਰਸ ਹਾਈਕਮਾਂਡ ਨੇ ਪਾਰਟੀ ਦੇ ਆਮ ਜਿਹੇ ਲੀਡਰ ਚਰਨਜੀਤ ਸਿੰਘ ਚੰਨੀ ਦੇ ਸਿਰ ਉੱਤੇ ਸਿਖਰਲਾ ਤਾਜ ਧਰ ਦਿੱਤਾ। ਸਿੱਧੂ ਕਈ ਲੰਮਾ ਸਮਾਂ ਤਰਲੋ ਮੱਛੀ ਹੁੰਦੇ ਰਹੇ, ਕਈਆਂ ਨਾਲ ਭਿੜੇ, ਦੂਜਿਆਂ ਨਾਲ ਬਗਲਗੀਰ। ਹਾਰ ਕੇ ਉਨ੍ਹਾਂ ਨੂੰ ਆਪਣੀ ਟੇਕ ਵਿਧਾਨ ਸਭਾ ਚੋਣਾਂ ਤੋਂ ਬਾਅਦ ਮਿਲਣ ਵਾਲੀ ਮੁੱਖ ਮੰਤਰੀ ਦੀ ਕੁਰਸੀ ਉੱਤੇ ਰੱਖਣੀ ਪਈ। ਉਨ੍ਹਾਂ ਦੀ ਅਗਵਾਈ ਵਿੱਚ ਨਾ ਕਾਂਗਰਸ ਜਿੱਤੀ ਨਾ ਉਹ ਆਪ।

ਹੈਰਾਨੀ ਭਰੀ ਪਰ ਦਿਲਚਸਪ ਗੱਲ ਇਹ ਕਿ ਉਨ੍ਹਾਂ ਨੇ ਆਪਣੀ ਸਰਕਾਰ ਵਿੱਚ ਦੋ ਐਡਵੋਕੇਟ ਜਨਰਲਾਂ ਅਤੇ ਦੋ ਪੁਲਿਸ ਮੁਖੀਆਂ ਦੀ ਬਲੀ ਲੈ ਕੇ ਆਪਣੇ ਮੁੱਖ ਵਿਰੋਧੀ ਅਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਭਿਜਵਾ ਦਿੱਤਾ। ਕੁਦਰਤ ਦਾ ਕ੍ਰਿਸ਼ਮਾ ਕਹੀਏ ਜਾਂ ਸਿੱਧੂ ਦੀ ਤਕਦੀਰ ਕਿ ਜਿਸ ਜੇ ਲ੍ਹ ਵਿੱਚ ਮਜੀਠੀਆ ਹਵਾਲਾਤੀ ਵਜੋਂ ਰੋਟੀਆਂ ਖਾ ਰਹੇ ਹਨ, ਹੁਣ ਨਵਜੋਤ ਸਿੰਘ ਸਿੱਧੂ ਨੂੰ ਉਸੇ ਜੇਲ੍ਹ ਵਿੱਚ ਕੈਦ ਬਣ ਕੇ ਰਹਿਣਾ ਪਵੇਗਾ। ਬੜੀ ਵਾਰ ਸੋਚਦਾ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਉੱਤੇ ਅੱਖ ਰੱਖਣ ਵਾਲੇ ਇਨਸਾਨ ਨੂੰ ਹੁਣ ਜਦੋਂ ਜੇਲ੍ਹ ਵਿੱਚ ਮਜ਼ਦੂਰੀ ਕਰਨੀ ਪਵੇਗੀ ਤਾਂ ਉਸਦੇ ਦਿਲ ਉੱਤੇ ਕਿਵੇਂ ਦੀ ਗੁਜ਼ਰੇਗੀ।

ਸਪੰਰਕ- 98147-34035
 
Exit mobile version