Punjab

ਨਵਜੋਤ ਸਿੱਧੂ ਨੇ ਸੁਖਬੀਰ ਬਾਦਲ ਨੂੰ ਕਿਹਾ ‘ਚਿੱਟੇ ਝੂਠਾਂ ਦੀ ਪੰਡ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਖੇਤੀ ਕਾਨੂੰਨਾਂ ਉੱਤੇ ਲਗਾਤਾਰ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਨੂੰ ਘੇਰਨ ਵਾਲੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਫਿਰ ਇੱਕ ਟਵੀਟ ਕੀਤਾ ਹੈ। ਇਸ ਵਿੱਚ ਉਨ੍ਹਾਂ ਕਿਹਾ ਕਿ ਇੱਥੇ ਝੂਠ ਹਨ, ਕਾਲੇ ਝੂਠ ਹਨ ਤੇ ਝੂਠਾਂ ਦਾ ਪੂਰਾ ਬੰਡਲ ਸੁੱਖਾ ਗੱਪੀ (ਸੁਖਬੀਰ ਬਾਦਲ) ਹੈ।ਸਿੱਧੂ ਨੇ ਕਿਹਾ ਕਿ ਖੇਤੀ ਕਾਨੂੰਨ ਬਣਾਉਣ ਵਾਲੇ ਤੇ ਹੁਣ ਇਸਦਾ ਵਿਰੋਧ ਕਰਨ ਵਾਲੇ ਮਗਰਮੱਛ ਦੇ ਹੰਝੂ ਵਹਾ ਰਹੇ ਹਨ। ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇਹ ਡਰਾਮਾ ਹੁਣ ਸਾਰਿਆਂ ਸਾਹਮਣੇ ਆ ਚੁੱਕਾ ਹੈ।

ਦੱਸ ਦਈਏ ਕਿ ਨਵਜੋਤ ਸਿੱਧੂ ਨੇ ਪਿਛਲੇ ਦਿਨੀਂ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਵੀ ਅੰਕੜੇ ਪੇਸ਼ ਕਰਦਿਆਂ ਦਾਅਵਾ ਕੀਤਾ ਸੀ ਕਿ ਖੇਤੀ ਕਾਨੂੰਨਾਂ ਦਾ ਮੁੰਢ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਹੀ ਬੱਝ ਗਿਆ ਸੀ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੀ ਜਦੋਂ ਬੀਜੇਪੀ ਨਾਲ ਭਾਈਵਾਲੀ ਸੀ ਤਾਂ ਉਹ ਇਨ੍ਹਾਂ ਕਾਨੂੰਨਾਂ ਦੀ ਹਰੇਕ ਤਹਿ ਲੋਕਾਂ ਨੂੰ ਸਮਝਾ ਰਹੇ ਸਨ, ਪਰ ਜਦੋਂ ਇਨ੍ਹਾਂ ਦੀ ਵਿਗੜ ਗਈ ਤਾਂ ਇਹ ਕਹਿਣ ਲੱਗੇ ਕਿ ਉਨ੍ਹਾਂ ਨੂੰ ਇਸ ਕਾਨੂੰਨਾਂ ਦੀ ਬਾਰੀਕੀਆਂ ਨਹੀਂ ਦੱਸੀਆਂ ਗਈਆਂ। ਇੱਥੋਂ ਤੱਕ ਕਿ ਪ੍ਰਕਾਸ਼ ਸਿੰਘ ਬਾਦਲ ਤੇ ਹਰਸਿਮਰਤ ਕੌਰ ਨੇ ਵੀ ਵੀਡੀਓ ਜਾਰੀ ਕਰਕੇ ਖੇਤੀ ਕਾਨੂੰਨਾਂ ਦੀ ਹਮਾਇਤ ਕੀਤੀ ਸੀ ਤੇ ਕਿਹਾ ਸੀ ਕਿ ਖੇਤੀ ਕਾਨੂੰਨਾਂ ਉੱਤੇ ਕਿਸਾਨਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਸਿੱਧੂ ਲਗਾਤਾਰ ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੀ ਉਹ ਵੀਡੀਓ ਵੀ ਸ਼ੇਅਰ ਕਰਕੇ ਆ ਰਹੇ ਹਨ, ਜਿਸ ਵਿੱਚ ਇਹ ਅਕਾਲੀ ਲੀਡਰ ਖੇਤੀ ਕਾਨੂੰਨਾਂ ਦੇ ਹੱਕ ਤੇ ਕਦੇ ਵਿਰੋਧ ਵਿੱਚ ਭੁਗਤ ਰਹੇ ਹਨ। ਇਸ ਨਵੇਂ ਟਵੀਟ ਨਾਲ ਵੀ ਉਨ੍ਹਾਂ ਨੇ ਇਹ ਨੱਥੀ ਕੀਤਾ ਹੈ।