Punjab

ਕੱਲ ਨਵਜੋਤ ਸਿੰਘ ਸਿੱਧੂ ਪਟਿਆਲਾ ਜੇਲ੍ਹ ਤੋਂ ਹੋਣਗੇ ਰਿਹਾਅ ! ਜੇਲ੍ਹ ਪ੍ਰਸ਼ਾਸਨ ਨੇ ਦਿੱਤੀ ਜਾਣਕਾਰੀ

ਬਿਊਰੋ ਰਿਪੋਰਟ : ਨਵਜੋਤ ਸਿੰਘ ਸਿੱਧੂ ਸ਼ਨਿੱਚਰਵਾਰ 1 ਅਪ੍ਰੈਲ ਨੂੰ ਪਟਿਆਲਾ ਜੇਲ੍ਹ ਤੋਂ ਰਿਹਾਅ ਹੋ ਰਹੇ ਹਨ । ਉਨ੍ਹਾਂ ਦੇ ਆਪਣੇ ਟਵਿੱਟਰ ਹੈਂਡਲ ਤੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਟਵੀਟ ਵਿੱਚ ਲਿਖਿਆ ਗਿਆ ਹੈ ‘ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਨਵਜੋਤ ਸਿੰਘ ਸਿੱਧੂ ਕੱਲ ਪਟਿਆਲਾ ਜੇਲ੍ਹ ਤੋਂ ਰਿਹਾਅ ਹੋ ਰਹੇ ਹਨ, ਜੇਲ੍ਹ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਇਹ ਜਾਣਕਾਰੀ ਦਿੱਤੀ ਹੈ’ । ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਨੇ ਰੋਡ ਰੇਜ ਦੇ ਮਾਮਲੇ ਵਿੱਚ ਪਿਛਲੇ ਸਾਲ 19 ਮਈ ਨੂੰ 1 ਸਾਲ ਦੀ ਸਜ਼ਾ ਸੁਣਾਈ ਸੀ । ਨਵਜੋਤ ਸਿੰਘ ਸਿੱਧੂ ਨੂੰ ਜਦੋਂ ਹਾਈਕੋਰਟ ਨੇ 2006 ਵਿੱਚ ਸਜ਼ਾ ਸੁਣਾਈ ਸੀ,ਸੁਪਰੀਮ ਕੋਰਟ ਵਿੱਚ ਅਪੀਲ ਕਰਨ ਅਤੇ ਜ਼ਮਾਨਤ ਮਿਲਣ ਦੌਰਾਨ ਸਿੱਧੂ 18 ਦਿਨ ਪਟਿਆਲਾ ਜੇਲ੍ਹ ਵਿੱਚ ਰਹੇ ਸਨ ਇਸ ਤੋਂ ਇਲਾਵਾ 1 ਸਾਲ ਦੀ ਸਜ਼ਾ ਦੌਰਾਨ ਸਿੱਧੂ ਨੇ ਕੋਈ ਛੁੱਟੀ ਵੀ ਨਹੀਂ ਲਈ ਹੈ ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਮਈ ਤੋਂ ਪਹਿਲਾਂ ਰਿਹਾਅ ਕੀਤਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਨਵਜੋਤ ਕੌਰ ਸਿੱਧੂ ਨੇ ਇੱਕ ਭਾਵੁਕ ਟਵੀਟ ਕਰਦੇ ਹੋਏ ਦੱਸਿਆ ਸੀ ਉਨ੍ਹਾਂ ਨੂੰ ਕੈਂਸਰ ਹੈ ਉਹ ਸਿੱਧੂ ਦਾ ਜ਼ਿਆਦਾ ਦੇਰ ਇੰਤਜ਼ਾਰ ਨਹੀਂ ਕਰ ਸਕਦੇ ਹਨ ਇਸ ਲਈ ਉਹ ਆਪਰੇਸ਼ਨ ਲਈ ਜਾ ਰਹੇ ਹਨ । ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ 26 ਜਨਵਰੀ ਨੂੰ ਰਿਹਾਅ ਹੋਣ ਦੀਆਂ ਚਰਚਾਵਾਂ ਸਨ ਪਰ ਮਾਨ ਸਰਕਾਰ ਨੇ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਸੀ ।

ਕੀ ਹੋਵੇਗਾ ਸਿੱਧੂ ਦਾ ਰੋਲ

ਨਵਜੋਤ ਸਿੰਘ ਸਿੱਧੂ ਦੀ ਰਿਹਾਈ ਤੋਂ ਬਾਅਦ ਕਾਂਗਰਸ ਵਿੱਚ ਉਨ੍ਹਾਂ ਦਾ ਖੇਮਾ ਕਾਫੀ ਖੁਸ਼ ਨਜ਼ਰ ਆ ਰਿਹਾ ਹੈ ਪਰ ਨਾਲ ਹੀ ਪਾਰਟੀ ਵਿੱਚ ਉਨ੍ਹਾਂ ਦੇ ਵਿਰੋਧੀਆਂ ਦੀ ਧੜਕਨਾਂ ਵੀ ਤੇਜ਼ ਹੋ ਗਈਆਂ ਹਨ। ਉਨ੍ਹਾਂ ਨੂੰ ਪਤਾ ਹੈ ਕਿ ਸਿੱਧੂ ਬਾਹਰ ਆਉਣ ਤੋਂ ਬਾਅਦ ਸ਼ਾਂਤ ਨਹੀਂ ਬੈਠਣਗੇ । ਜੇਲ੍ਹ ਵਿੱਚ ਬੈਠ ਕੇ ਵੀ ਸਿੱਧੂ ਆਪਣੇ ਹਮਾਇਤੀਆਂ ਨਾਲ ਸਿਆਸੀ ਚਰਚਾ ਕਰਦੇ ਰਹੇ ਸਨ । ਪਾਰਟੀ ਹਾਈਕਮਾਨ ਹੁਣ ਵੀ ਸਿੱਧੂ ‘ਤੇ ਦਾਅ ਲਾ ਸਕਦੀ ਹੈ । ਇਸ ਦਾ ਸਭ ਤੋਂ ਵੱਡਾ ਸਬੂਤ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਵੇਖਣ ਨੂੰ ਮਿਲਿਆ ਸੀ ਜਦੋਂ ਸਿੱਧੂ ਦੀ ਰਿਹਾਈ ਦੀ ਚਰਚਾਵਾਂ ਦੌਰਾਨ ਉਨ੍ਹਾਂ ਨੂੰ ਸ਼੍ਰੀ ਨਗਰ ਰੈਲੀ ਵਿੱਚ ਆਉਣ ਦਾ ਸੱਦਾ ਦਿੱਤਾ ਗਿਆ ਸੀ । ਸਿੱਧੂ ਦੇ ਵਿਰੋਧ ਵਿੱਚ ਪਾਰਟੀ ਪ੍ਰਧਾਨ ਰਾਜਾ ਵੜਿੰਗ,ਸੁਖਜਿੰਦਰ ਰੰਧਾਵਾ,ਪ੍ਰਤਾਪ ਸਿੰਘ ਬਾਜਵਾ,ਚਰਨਜੀਤ ਸਿੰਘ ਚੰਨੀ, ਤ੍ਰਿਪਤ ਰਜਿੰਦਰ ਬਾਜਵਾ ਗੁੱਟ ਹੈ । ਇਹ ਗੁੱਟ ਵਾਰ-ਵਾਰ ਹਾਈਕਮਾਨ ਨੂੰ ਕਹਿ ਚੁੱਕਾ ਹੈ ਕਿ ਟਕਸਾਲੀ ਕਾਂਗਰਸੀਆਂ ਨੂੰ ਨਜ਼ਰ ਅੰਦਾਜ਼ ਕਰਨ ਨਾਲ ਪਾਰਟੀ ਨੂੰ ਫਾਇਦਾ ਨਹੀਂ ਹੋਵੇਗਾ ਇਸੇ ਵਜ੍ਹਾ ਕਰਕੇ 2022 ਦੀਆਂ ਚੋਣਾਂ ਕਾਂਗਰਸ ਹਾਰੀ ਸੀ । ਚੋਣਾਂ ਤੋਂ ਬਾਅਦ ਹੀ ਜਦੋਂ ਰਾਜਾ ਵੜਿੰਗ ਨੂੰ ਸੂਬਾ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਤਾਂ ਸਿੱਧੂ ਨੇ ਆਪਣੀ ਪੈਰਲਰ ਮੀਟਿੰਗਾਂ ਕਰਕੇ ਵੜਿੰਗ ਦੀ ਨੱਕ ਵਿੱਚ ਦਮ ਕਰਕੇ ਰੱਖ ਦਿੱਤਾ ਸੀ । ਵੜਿੰਗ ਨੇ ਇਸ ਦੀ ਸ਼ਿਕਾਇਤ ਹਾਈਕਮਾਨ ਨੂੰ ਵੀ ਕੀਤੀ ਸੀ ਪਰ ਇਸ ਤੋਂ ਪਹਿਲਾਂ ਕਾਂਗਰਸ ਕੋਈ ਫੈਸਲਾ ਲੈ ਪਾਉਂਦੀ ਸਿੱਧੂ ਨੂੰ ਜੇਲ੍ਹ ਹੋ ਗਈ ਸੀ । ਸਿੱਧੂ ਦੇ ਬਾਹਰ ਆਉਣ ਤੋਂ ਬਾਅਦ ਹਾਈਕਮਾਨ ਦੀਆਂ ਮੁਸ਼ਕਿਲਾਂ ਵੀ ਹੋਰ ਵਧਣ ਵਾਲੀਆਂ ਹਨ,ਉਨ੍ਹਾਂ ਲਈ ਨਵਜੋਤ ਸਿੰਘ ਸਿੱਧੂ ਅਤੇ ਵਿਰੋਧੀ ਖੇਮੇ ਵਿੱਚ ਤਾਲਮੇਲ ਬਿਠਾਉਣ ਵਿੱਚ ਕਾਫੀ ਕਸਰਤ ਕਰਨੀ ਪੈ ਸਕਦੀ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਲੰਧਰ ਦੀ ਜ਼ਿਮਨੀ ਚੋਣ ਵਿੱਚ ਕੀ ਸਿੱਧੂ ਪਾਰਟੀ ਦੇ ਲਈ ਪ੍ਰਚਾਰ ਕਰਨਗੇ । ਜੇਕਰ ਹਾਂ ਤਾਂ ਕਿਹੜੀ ਸ਼ਰਤਾਂ ਦੇ ਅਧਾਰ ‘ਤੇ । ਫਿਲਹਾਲ 10 ਮਹੀਨੇ ਬਾਅਦ ਸਿੱਧੂ ਜਦੋਂ ਜੇਲ੍ਹ ਤੋਂ ਬਾਹਰ ਆਉਣਗੇ ਤਾਂ ਸਾਰੀਆਂ ਦੀ ਨਜ਼ਰਾਂ ਉਨ੍ਹਾਂ ਦੇ ਪਹਿਲੇ ਬਿਆਨ ‘ਤੇ ਹੋਣਗੀਆਂ । ਉਸ ਤੋਂ ਉਨ੍ਹਾਂ ਦੇ ਸਿਆਸੀ ਸਫਰ ਦਾ ਅੰਦਾਜ਼ਾ ਲਗਾਇਆ ਜਾ ਸਕੇਗਾ

ਸਿੱਧੂ ਦੇ ਕੇਸ ਦੀ ਟਾਈਮ ਲਾਈਨ

27 ਦਸੰਬਰ 1988 ਵਿੱਚ ਨਵਜੋਤ ਸਿੰਘ ਸਿੱਧੂ ਅਤੇ ਰੁਪਿੰਦਰ ਸਿੰਘ ਸੰਧੂ ਨੇ ਆਪਣੀ ਜਿਪਸੀ ਪਟਿਆਲਾ ਦੇ ਸ਼ੇਰਾਵਾਲਾ ਗੇਟ ਦੇ ਕੋਲ ਸੜਕ ਦੇ ਵਿਚਾਲੇ ਪਾਰਕ ਕੀਤੀ ਸੀ । ਕੇਸ ਮੁਤਾਬਿਕ 65 ਸਾਲ ਦੇ ਗੁਰਨਾਮ ਸਿੰਘ ਆਪਣੀ ਕਾਰ ‘ਤੇ ਆਏ ਅਤੇ ਉਨ੍ਹਾਂ ਨੇ ਸਿੱਧੂ ਅਤੇ੍ ਸੰਧੂ ਦੋਵਾਂ ਨੂੰ ਗੱਡੀ ਹਟਾਉਣ ਦੀ ਅਪੀਲ ਕੀਤੀ ਜਿਸ ਤੋਂ ਬਾਅਦ ਦੋਵਾਂ ਦੇ ਵਿਚਾਲੇ ਝਗੜਾ ਹੋਇਆ । ਇਲਜ਼ਾਮਾਂ ਮੁਤਾਬਿਕ ਸਿੱਧੂ ਨੇ ਗੁਰਨਾਮ ਸਿੰਘ ਨਾਲ ਕੁੱਟਮਾਰ ਕੀਤੀ ਅਤੇ ਉਸ ਦੀ ਕਾਰ ਦੀ ਚਾਬੀ ਵੀ ਖੋਹ ਲਈ ਸੀ । ਸਤੰਬਰ 1999 ਵਿੱਚ ਸਿੱਧੂ ਕਤਲ ਦੇ ਕੇਸ ਤੋਂ ਬਰੀ ਹੋ ਗਿਆ ਸੀ ਪਰ ਦਸੰਬਰ 2006 ਵਿੱਚ ਪੰਜਾਬ ਹਰਿਆਣਾ ਹਾਈਕੋਰਟ ਨੇ ਸਿੱਧੂ ਨੂੰ ਦੋਸ਼ੀ ਕਰਾਰ ਦਿੱਤਾ ਸੀ ।ਜਿਸ ਤੋਂ ਬਾਅਦ ਸਿੱਧੂ ਨੇ ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ । 2018 ਵਿੱਚ ਸੁਪਰੀਮ ਕੋਰਟ ਨੇ ਸਿੱਧੂ ਦੇ ਹੱਕ ਵਿੱਚ ਫੈਸਲਾ ਸੁਣਾਇਆ ਅਤੇ ਬਰੀ ਕਰ ਦਿੱਤੀ । ਪਰ ਪੀੜਤ ਪਰਿਵਾਰ ਵੱਲੋਂ ਸੁਪਰੀਮ ਕੋਰਟ ਵਿੱਚ ਮੁੜ ਤੋਂ ਰਿਵਿਊ ਪਟੀਸ਼ਨ ਪਾਈ ਗਈ ਸੀ । ਚਾਰ ਸਾਲ ਬਾਅਦ 19 ਮਈ 2022 ਨੂੰ ਅਦਾਲਤ ਨੇ ਸਿੱਧੂ ਨੂੰ ਦੋਸ਼ੀ ਮਨ ਦੇ ਹੋਏ 1 ਸਾਲ ਦੀ ਸਜ਼ਾ ਸੁਣਾਈ ਸੀ ।