Punjab

ਖਹਿਰਾ ਨਾਲ ਜੇਲ੍ਹ ‘ਚ ਮਿਲਣ ਤੋਂ ਬਾਅਦ ਨਵਜੋਤ ਸਿੱਧੂ ਨੇ ਕੀਤਾ ਵੱਡਾ ਖੁਲਾਸਾ !

ਬਿਉਰੋ ਰਿਪੋਰਟ : ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਨਾਭਾ ਜੇਲ੍ਹ ਵਿੱਚ ਸੁਖਪਾਲ ਸਿੰਘ ਖਹਿਰਾ ਨਾਲ ਤਕਰੀਬਨ ਅੱਧਾ ਘੰਟਾ ਮੁਲਾਕਾਤ ਤੋਂ ਬਾਅਦ ਵੱਡਾ ਖੁਲਾਸਾ ਕੀਤਾ ਹੈ । ਉਨ੍ਹਾਂ ਨੇ ਦਾਅਵਾ ਕੀਤਾ ਕਿ ਖਹਿਰਾ ਦੇ ਕੇਸ ਵਿੱਚ ਕਸ਼ਮੀਰ ਸਿੰਘ ਨਾਂ ਦੇ ਵੱਡੇ ਸਮੱਗਲਰ ਨੂੰ ਲਿਆਇਆ ਜਾ ਰਿਹਾ ਹੈ ਜੋ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਹੈ । ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ । ਸਿੱਧੂ ਨੇ ਕਿਹਾ ਕਸ਼ਮੀਰ ਸਿੰਘ ਖਿਲਾਫ 24 ਤੋਂ 25 ਕੇਸ ਸਨ ਅਤੇ ਹੁਣ ਉਸ ਨੂੰ 2015 ਦੇ ਡਰੱਗ ਕੇਸ ਵਿੱਚ ਸ਼ਾਮਲ ਕਰਕੇ ਸੁਖਪਾਲ ਸਿੰਘ ਖਹਿਰਾ ਖਿਲਾਫ ਖੜਾ ਕੀਤਾ ਜਾ ਰਿਹਾ ਹੈ। ਖਹਿਰਾ ਦੇ ਪੁੱਤਰ ਨੇ ਸਿੱਧੂ ਦੇ ਖੁਲਾਸੇ ਤੋਂ ਬਾਅਦ ਟਵੀਟ ਕੀਤਾ ਹੈ।

ਖਹਿਰਾ ਦੇ ਪੁੱਤਰ ਨੇ ਕੀਤਾ ਧੰਨਵਾਦ

ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਮਹਿਤਾਬ ਸਿੰਘ ਨੇ ਪਿਤਾ ਦੇ ਸੋਸ਼ਲ ਮੀਡੀਆ ਅਕਾਉਂਟ ‘X’ ਤੋਂ ਸਿੱਧੂ ਦਾ ਧੰਨਵਾਦ ਕਰਦੇ ਹੋਏ ਲਿਖਿਆ ‘ਉਨ੍ਹਾਂ ਨੇ ਪੰਜਾਬ ਪੁਲਿਸ ਦੇ ਝੂਠੇ ਪਲਾਨ ਦਾ ਪਰਦਾਫਾਸ਼ ਕੀਤਾ ਕਿ ਕਿਵੇਂ ਮੇਰੇ ਪਿਤਾ ਨੂੰ 8 ਸਾਲ ਪੁਰਾਣੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਨਵੇਂ ਮੁਲਜ਼ਮ ਨੂੰ ਪਟੀ ਪੜਾਈ ਜਾ ਰਹੀ ਹੈ ਤਾਂਕੀ ਉਹ ਮੇਰੇ ਪਿਤਾ ਦਾ ਨਾਂ ਲੈ ਸਕੇ’।

2017 ਵਿੱਚ 9 ਮੁਲਜ਼ਮਾਂ ਨੂੰ ਸਜ਼ਾ ਅਤੇ ਖਹਿਰਾ ਦੀ ਐਂਟਰੀ

ਅਕਤੂਬਰ 2017 ਵਿੱਚ ਫਾਜ਼ਿਲਕਾ ਅਦਾਲਤ ਨੇ 9 ਮੁਲਜ਼ਮ ਜਿੰਨਾਂ ਗੁਰਦੇਵ ਸਿੰਘ,ਮਨਜੀਤ ਸਿੰਘ,ਹਰਬੰਸ ਸਿਘ,ਸੁਭਾਸ਼ ਚੰਦਰ ਦਾ ਨਾਂ ਸ਼ਾਮਲ ਸੀ ਦੋਸ਼ੀ ਠਹਿਰਾਇਆ ਗਿਆ । ਸਾਰੇ ਦੋਸ਼ੀਆਂ ਨੂੰ 3 ਤੋਂ 20 ਸਾਲ ਦੀ ਸਜ਼ਾ ਸੁਣਾਈ ਗਈ ਸੀ । ਇਸ ਵਿੱਚ ਮਾਰਕਿਟ ਕਮੇਟੀ ਢਿਲਵਾਂ ਦੇ ਚੇਅਰਮੈਨ ਗੁਰਦੇਵ ਸਿੰਘ ਵੀ ਸੀ ਜਿਸ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਸੀ । ਗੁਰਦੇਵ ਸਿੰਘ ਨੂੰ ਸੁਖਪਾਲ ਸਿੰਘ ਖਹਿਰਾ ਦਾ ਕਰੀਬੀ ਦੱਸਿਆ ਗਿਆ ਸੀ । ਦਾਅਵਾ ਕੀਤਾ ਗਿਆ ਸੀ ਕਿ ਗੁਰਦੇਵ ਸਿੰਘ ਦੇ ਨਾਲ ਖਹਿਰਾ ਨੇ 70 ਤੋਂ ਵੱਧ ਵਾਰ ਫੋਨ ‘ਤੇ ਗੱਲ ਕੀਤੀ ਹੈ ਅਤੇ ਉਹ ਹੀ ਚੋਣਾਂ ਦੌਰਾਨ ਸੁਖਪਾਲ ਸਿਘ ਖਹਿਰਾ ਨੂੰ ਫੰਡਿੰਗ ਕਰਦਾ ਸੀ । ਬਦਲੇ ਵਿੱਚ ਖਹਿਰਾ ਵੱਲੋਂ ਉਨ੍ਹਾਂ ਨੂੰ ਸ਼ੈਲਟਲ ਯਾਨੀ ਪਨਾਹ ਦਿੱਤੀ ਜਾਂਦੀ ਸੀ। ਪਰ ਖਹਿਰਾ ਦਾ ਨਾਂ ਉਸ ਵੇਲੇ ਸਾਹਮਣੇ ਜਦੋਂ 2017 ਵਿੱਚ ਡਰੱਗ ਕੇਸ ਦਾ ਟਰਾਇਲ ਖਤਮ ਹੋਣ ਵਾਲਾ ਸੀ, ਸਰਕਾਰੀ ਵਕੀਲ ਨੇ ਇੱਕ ਦਮ ਕੁਝ ਗਵਾਹ ਖੜੇ ਕਰ ਦਿੱਤੇ ਅਤੇ ਦਾਅਵਾ ਕੀਤਾ ਕਿ ਇਸ ਕੇਸ ਵਿੱਚ ਸੁਖਪਾਲ ਸਿੰਘ ਖਹਿਰਾ ਵੀ ਸ਼ਾਮਲ ਹਨ,ਉਨ੍ਹਾਂ ਦੇ ਦੋਸ਼ੀ ਗੁਰਦੇਵ ਨਾਲ ਚੰਗੇ ਰਿਸ਼ਤੇ ਸਨ। ਜਦੋਂ ਫਾਜ਼ਿਲਕਾ ਅਦਾਲਤ ਨੇ 9 ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਤਾਂ ਉਸੇ ਦਿਨ ਕੋਰਟ ਨੇ ਸੁਖਪਾਲ ਸਿੰਘ ਖਹਿਰਾ ਖਿਲਾਫ ਡਰੱਗ ਕੇਸ ਵਿੱਚ ਸੰਮਨ ਜਾਰੀ ਕਰਨ ਦੇ ਨਾਲ ਗੈਰ ਜ਼ਮਾਨਤੀ ਵਾਰੰਟ ਵੀ ਕੱਢ ਦਿੱਤੇ । ਉਸ ਵੇਲੇ ਖਹਿਰਾ ਆਮ ਆਦਮੀ ਪਾਰਟੀ ਦੇ ਵਿਧਾਇਕ ਸਨ ਅਤੇ ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿਉਂਕਿ ਉਹ ਤਤਕਾਲੀ ਕੈਪਟਨ ਸਰਕਾਰ ਦੇ ਭ੍ਰਿਸ਼ਟਾਚਾਰ ਦਾ ਖੁਲਾਸਾ ਕਰ ਰਹੇ ਹਨ ਇਸੇ ਲਈ ਉਨ੍ਹਾਂ ਦਾ ਨਾਂ ਡਰੱਗ ਮਾਮਲੇ ਵਿੱਚ ਧੱਕੇ ਨਾਲ ਪਾਇਆ ਗਿਆ ਇਹ ਬਦਲਾਖੋਰੀ ਦੀ ਸਿਆਸਤ ਹੈ।

2023 ਵਿੱਚ ਖਹਿਰਾ ਨੂੰ ਸੁਪਰੀਮ ਰਾਹਤ

ਇਸੇ ਸਾਲ 16 ਫਰਵਰੀ 2023 ਨੂੰ ਸੁਪਰੀਮ ਕੋਰਟ ਵੱਲੋ ਖਹਿਰਾ ਨੂੰ ਵੱਡੀ ਰਾਹਤ ਮਿਲ ਦੀ ਹੈ। ਡਬਲ ਬੈਂਚ ਜਸਟਿਸ ਬੀਆਰ ਗਵਈ ਅਤੇ ਵਿਕਰਮ ਨਾਥ ਫਾਜ਼ਿਲਕਾ ਅਦਾਲਤ ਵੱਲੋਂ ਜਾਰੀ ਸੰਮਨ ਆਰਡਰ ਨੂੰ ਰੱਦ ਕਰ ਦਿੰਦੀ ਹੈ । ਪਰ ਪੰਜਾਬ ਪੁਲਿਸ ਇਸੇ ਸਾਲ ਦਾਅਵਾ ਕਰਦੀ ਹੈ ਕਿ ਉਸ ਕੋਲ ਡਰੱਗ ਮਾਮਲੇ ਵਿੱਚ ਸੁਖਪਾਲ ਸਿੰਘ ਖਹਿਰਾ ਖਿਲਾਫ ਸਬੂਤ ਹਨ ਅਤੇ ਜਾਂਚ ਜ਼ਰੂਰੀ ਹੈ । ਫਿਰ 13 ਅਪ੍ਰੈਲ 2023 ਨੂੰ DIG ਸਵਪਨ ਸ਼ਰਮਾ ਦੀ ਅਗਵਾਈ ਵਿੱਚ ਇੱਕ SIT ਦਾ ਗਠਨ ਕਰ ਹੰਦਾ ਹੈ ਜਿਸ ਦੀ ਜਾਂਚ ਰਿਪੋਰਟ ਦੇ ਅਧਾਰ ‘ਤੇ ਜਲਾਲਾਬਾਦ ਪੁਲਿਸ ਨੇ ਸੁਖਪਾਲ ਸਿੰਘ ਖਹਿਰਾ ਦੀ ਡਰੱਗ ਮਾਮਲੇ ਵਿੱਚ ਦੂਜੀ ਵਾਰ ਗ੍ਰਿਫਤਾਰੀ ਕੀਤੀ ।