ਬਿਊਰੋ ਰਿਪੋਰਟ : ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਭਾਵੇਂ ਪੂਰੀ ਤਰ੍ਹਾਂ ਨਾਲ ਸਿਆਸਤ ਵਿੱਚ ਐਕਟਿਵ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਜੇਲ੍ਹ ਤੋਂ ਬਾਅਦ ਨਿਕਲਦੇ ਹੀ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਤਾਰੀਫਾਂ ਦੇ ਪੁੱਲ ਬੰਨੇ ਸਨ। ਇਸ ਦੇ ਨਾਲ ਹੀ ਰਾਹੁਲ ਅਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਵੀ ਕੀਤੀ।
ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਵੀ ਮਿਲੇ। ਜਲੰਧਰ ਲੋਕਸਭਾ ਦੀ ਜ਼ਿਮਨੀ ਚੋਣ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ ਪਰ ਇਸ ਦੇ ਬਾਵਜੂਦ ਇਸ ਤਰ੍ਹਾਂ ਲੱਗਦਾ ਹੈ ਕਾਂਗਰਸ ਹਾਈਕਮਾਨ ਉਨ੍ਹਾਂ ‘ਤੇ ਪੂਰੀ ਤਰ੍ਹਾਂ ਨਾਲ ਭਰੋਸਾ ਨਹੀਂ ਕਰ ਪਾ ਰਹੀ ਹੈ। ਇਹ ਇਸ਼ਾਰਾ ਜ਼ਿਮਨੀ ਚੋਣ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਸਾਹਮਣੇ ਆਉਣ ਤੋਂ ਬਾਅਦ ਮਿਲਿਆ ਹੈ।
ਕਾਂਗਰਸ ਦੇ ਪ੍ਰਚਾਰਕਾਂ ਦੀ ਲਿਸਟ ਵਿੱਚ ਸਿੱਧੂ 8ਵੇਂ ਨੰਬਰ ‘ਤੇ
ਕੌਮੀ ਕਾਂਗਰਸ ਵੱਲੋਂ ਸਟਾਰ ਪ੍ਰਚਾਰਕਾਂ ਦੀ ਜਾਰੀ ਸੂਚੀ ਵਿੱਚ ਨਵਜੋਤ ਸਿੱਧੂ ਦਾ ਨਾਂ 8ਵੇਂ ਨੰਬਰ ‘ਤੇ ਹੈ ਯਾਨੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਵੀ ਹੇਠਾਂ। ਚੰਨੀ ਦਾ ਨਾਂ 6ਵੇਂ ਨੰਬਰ ‘ਤੇ ਹੈ। ਇੱਥੋਂ ਤੱਕ ਸਿੱਧੂ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਵੀ ਲਿਸਟ ਵਿੱਚ ਕਾਫੀ ਹੇਠਾਂ ਹਨ। ਰੰਧਾਵਾ ਦਾ ਨਾਂ 5ਵੇਂ ਨੰਬਰ ‘ਤੇ ਹੈ। ਲਿਸਟ ਵਿੱਚ ਟਾਪ 5 ਵਿੱਚ ਅੰਬਿਕਾ ਸੋਨੀ, ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ, ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹਨ। ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਸਥਾਨ ਕਾਂਗਰਸ ਦੇ ਪ੍ਰਭਾਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂ ਵੀ ਸ਼ਾਮਲ ਹੈ ।
ਕੈਪਟਨ ਵੇਲੇ ਸਿੱਧੂ ਨੇ ਭਰੋਸਾ ਤੋੜਿਆ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦਾ ਫੈਸਲਾ ਕਾਂਗਰਸ ਨੇ ਕਿਧਰੇ ਨਾ ਕਿਧਰੇ ਸਿੱਧੂ ਦੇ ਕਹਿਣ ‘ਤੇ ਲਿਆ ਸੀ। ਉਨ੍ਹਾਂ ਨੂੰ ਪ੍ਰਧਾਨ ਦੀ ਕੁਰਸੀ ਵੀ ਸੌਂਪੀ ਗਈ ਪਰ ਇਸ ਦੇ ਬਾਵਜੂਦ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਦੇ ਵਿਚਾਲੇ ਤਿੰਨ ਮਹੀਨੇ ਦੀ ਸਰਕਾਰ ਵੇਲੇ ਚੱਲੀ ਸਿਆਸੀ ਲੜਾਈ ਨੇ ਕਾਂਗਰਸ ਦਾ ਕਾਫੀ ਨੁਕਸਾਨ ਕੀਤਾ।
ਸਿੱਧੂ ਨੇ ਆਪਣੇ ਪ੍ਰਧਾਨਗੀ ਅਹੁਦੇ ਤੋਂ ਅਸਤੀਫ਼ਾ ਦੇ ਕੇ ਹਾਈਕਮਾਨ ਨੂੰ ਵੀ ਮੁਸ਼ਕਲਾਂ ਵਿੱਚ ਪਾਕੇ ਰੱਖਿਆ ਹੈ। ਦਬਾਅ ਵਿੱਚ ਕਈ ਅਜਿਹੇ ਫੈਸਲੇ ਲਏ ਗਏ ਜਿਸ ਨਾਲ ਪਾਰਟੀ ਨੂੰ ਕਾਫੀ ਨੁਕਸਾਨ ਹੋਇਆ, ਚੋਣ ਵਿੱਚ ਹਾਰ ਤੋਂ ਬਾਅਦ ਜਦੋਂ ਰਾਜਾ ਵੜਿੰਗ ਨੂੰ ਪਾਰਟੀ ਦੀ ਕਮਾਨ ਸੌਂਪੀ ਗਈ ਤਾਂ ਵੀ ਸਿੱਧੂ ਨੇ ਜਮ ਕੇ ਬਗਾਵਤੀ ਤੇਵਰ ਵਿਖਾਏ ਅਤੇ ਆਪਣਾ ਗੁੱਟ ਕਾਇਮ ਕਰ ਲਿਆ ਸੀ। ਅਜਿਹੇ ਵਿੱਚ ਕਾਂਗਰਸ ਨਵਜੋਤ ਸਿੱਧੂ ਨੂੰ ਨਾਲ ਤਾਂ ਰੱਖਣਾ ਚਾਹੁੰਦੀ ਹੈ ਪਰ ਉਨ੍ਹਾਂ ਦੀ ਕੀਮਤ ‘ਤੇ ਟਕਸਾਲੀ ਕਾਂਗਰਸੀਆਂ ਨੂੰ ਨਰਾਜ਼ ਵੀ ਨਹੀਂ ਕਰਨਾ ਚਾਹੁੰਦੀ ਹੈ ।