‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਿਹਤ ਠੀਕ ਨਾ ਹੋਣ ਕਰਕੇ ਅੱਜ ਲੁਧਿਆਣਾ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕੇਸ ਵਿੱਚ ਅਦਾਲਤ ਨੇ ਸਿੱਧੂ ਨੂੰ ਪੇਸ਼ ਹੋਣ ਦੇ ਆਦੇਸ਼ ਦਿੱਤੇ ਸਨ। ਹਸਪਤਾਲ ਵਿੱਚ ਕਰਵਾਏ ਗਏ ਟੈਸਟ ਤੋਂ ਬਾਅਦ ਡਾਕਟਰਾਂ ਨੇ ਸਿੱਧੂ ਨੂੰ ਅਨਫਿੱਟ ਕਰਾਰ ਦਿੱਤਾ। ਬੀਤੇ ਦਿਨੀਂ ਵੀ ਸਿਹਤ ਵਿਗੜਣ ਕਰਕੇ ਸਿੱਧੂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਅੱਜ ਸਿੱਧੂ ਦੀ ਪੇਸ਼ੀ ਲਈ ਅਦਾਲਤ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਵੀਰਵਾਰ ਨੂੰ ਸਿੱਧੂ ਵੱਲੋਂ ਜੇਲ੍ਹ ਸੁਪਰਡੈਂਟ ਨੂੰ ਇੱਕ ਪੱਤਰ ਲਿਖ ਕੇ ਅਦਾਲਤ ਵਿੱਚ ਹੋਣ ਵਾਲੀ ਪੇਸ਼ੀ ਲਈ ਸੁਰੱਖਿਆ ਦੀ ਮੰਗ ਕੀਤੀ ਗਈ ਸੀ। ਸਿੱਧੂ ਦਾ ਕਹਿਣਾ ਸੀ ਕਿ ਲੁਧਿਆਣਾ ਅਦਾਲਤ ਵਿੱਚ ਪਹਿਲਾਂ ਬੰਬ ਧਮਾਕਾ ਹੋ ਚੁੱਕਿਆ ਹੈ, ਇਸ ਲ਼ਈ ਉੱਥੇ ਜਾਣ ਲਈ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਕੇ ਸਿੱਧੂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਜਾਣ ਦੀ ਜਾਣਕਾਰੀ ਸਾਂਝੀ ਕੀਤੀ ਸੀ।
ਨਵਜੋਤ ਸਿੰਘ ਸਿੱਧੂ ਜੀ ਕੱਲ ਕਿਸੇ ਰਸੂਖਦਾਰ ਦੁਆਰਾ ਕੀਤੇ ਹੋਏ ਭ੍ਰਿਸ਼ਟਾਚਾਰ ਦੇ ਇੱਕ ਕੇਸ ‘ਚ ਬਤੌਰ ਗਵਾਹ ਲੁਧਿਆਣਾ ਕੋਰਟ ‘ਚ ਪੇਸ਼ ਹੋਣਗੇ…ਉਹਨਾਂ ਨੂੰ ਹਰ ਸੰਭਵ ਸੁਰੱਖਿਆ ਦੇਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ…
— Bhagwant Mann (@BhagwantMann) October 20, 2022
ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਟਵੀਟ ਕਰਕੇ ਕਿਹਾ ਸੀ ਕਿ ਨਵਜੋਤ ਸਿੱਧੂ ਨਾ ਕਦੇ ਸੱਚ ਤੋਂ ਡਰੇ ਅਤੇ ਨਾ ਕਦੇ ਡਰਨਗੇ। ਨਾ ਕਦੇ ਗਵਾਹੀ ਦੇਣ ਤੋਂ ਇਨਕਾਰੀ ਸਨ ਨਾ ਹੋਣਗੇ। ਸਿੱਧੂ ਗਵਾਹੀ ਦੇਣਗੇ ਅਤੇ ਪੂਰੀ ਸ਼ਾਨ ਨਾਲ ਦੇਣਗੇ ਪਰ ਮਾਮਲਾ ਸੁਰੱਖਿਆ ਦਾ ਵੀ ਹੈ। ਨਵਜੋਤ ਸਿੱਧੂ ਦੀ ਸੁਰੱਖਿਆ ਮੰਗ ਉੱਤੇ ਕੁੱਝ ਵਿਰੋਧੀ ਲੋਕ ਸਵਾਲ ਚੁੱਕ ਰਹੇ ਹਨ। ਕੀ ਤੁਸੀਂ ਸਿੱਧੂ ਮੂਸੇਵਾਲਾ ਦਾ ਮਾਮਲਾ ਭੁੱਲ ਗਏ।
ਨਵਜੋਤ ਸਿੱਧੂ ਨਾ ਕਦੇ ਸੱਚ ਤੋਂ ਡਰੇ ਅਤੇ ਨਾ ਕਦੇ ਡਰਨਗੇ. ਨਾ ਕਦੇ ਗਵਾਹੀ ਦੇਣ ਤੋਂ ਇਨਕਾਰੀ ਸਨ ਨਾ ਹੋਣਗੇ. ਗਵਾਹੀ ਦੇਣਗੇ ਅਤੇ ਪੂਰੀ ਸ਼ਾਨ ਨਾਲ. ਪਰ ਮਾਮਲਾ ਸੁਰੱਖਿਆ ਦਾ ਵੀ ਹੈ. ਨਵਜੋਤ ਸਿੱਧੂ ਦੀ ਸੁਰੱਖਿਆ ਮੰਗ ਤੇ ਕੁੱਝ ਵਿਰੋਧੀ ਲੋਕ ਸਵਾਲ ਚੱਕ ਰਹੇ ਨੇ. ਕੀ ਤੁਸੀਂ ਸਿੱਧੂ ਮੂਸੇਵਾਲਾ ਦਾ ਮਾਮਲਾ ਭੁੱਲ ਗਏ.
— Surinder Dalla (@surinder_dalla) October 21, 2022
ਸਿੱਧੂ ਨੇ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਵੱਲੋਂ ਸਾਬਕਾ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਦਾਇਰ ਪਟੀਸ਼ਨ ਦੇ ਮਾਮਲੇ ਵਿੱਚ ਗਵਾਹੀ ਦੇਣੀ ਸੀ। DSP ਬਲਵਿੰਦਰ ਸਿੰਘ ਸੇਖੋਂ ਨੂੰ ਉਸ ਸਮੇਂ ਦੇ ਮੰਤਰੀ ਸਿੱਧੂ ਨੇ ਮਾਮਲੇ ਦੀ ਜਾਂਚ ਸੌਂਪੀ ਸੀ। ਘਪਲੇ ਦੀ ਜਾਂਚ ਕਰ ਰਹੇ DSP ਸੇਖੋਂ ਦਾ ਦੋਸ਼ ਹੈ ਕਿ ਜਾਂਚ ਨੂੰ ਅਟਕਾਉਣ ਲਈ ਸਾਬਕਾ ਮੰਤਰੀ ਆਸ਼ੂ ਨੇ ਉਸਨੂੰ ਫ਼ੋਨ ’ਤੇ ਧਮਕੀ ਦਿੱਤੀ ਸੀ। ਸੋ, ਹੁਣ ਇਸ ਕੇਸ ’ਚ ਸਿੱਧੂ ਦੀ ਗਵਾਹੀ ਦੀ ਜ਼ਰੂਰਤ ਹੈ ਤਾਂ ਜੋ ਨਿਰਪੱਖਤਾ ਨਾਲ ਜਾਂਚ ਕੀਤੀ ਜਾ ਸਕੇ।
ਇਹ ਮਾਮਲਾ ਕਾਫ਼ੀ ਹਾਈ-ਪ੍ਰੋਫਾਈਲ ਹੈ। ਸਾਬਕਾ ਮੰਤਰੀ ਆਸ਼ੂ ਨੇ ਬਰਖ਼ਾਸਤ ਕੀਤੇ ਗਏ DSP ਬਲਵਿੰਦਰ ਸਿੰਘ ਸੇਖੋਂ ਨੂੰ ਫ਼ੋਨ ’ਤੇ ਧਮਕਾਇਆ ਸੀ, ਜਿਸਦੀ ਆਡੀਓ ਕਲਿੱਪ (Audio clip) ਵੀ ਕਾਫ਼ੀ ਵਾਇਰਲ ਹੋਈ ਸੀ।