ਜਲੰਧਰ : ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਿੱਧੀ ਬਹਿਸ ਦੀ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਉਹ ਭਗਵੰਤ ਮਾਨ ਤੋਂ ਹਾਰ ਗਏ ਤਾਂ ਰਾਜਨੀਤੀ ਛੱਡ ਦੇਣਗੇ। ਸਿੱਧੂ ਨੇ ਹੋਰ ਵੀ ਕਈ ਮੁੱਦਿਆਂ ‘ਤੇ ਮਾਨ ਸਰਕਾਰ ਨੂੰ ਘੇਰਿਆ ਹੈ । ਉਹਨਾਂ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਲੋਕਾਂ ‘ਤੇ ਆਪ ਸਰਕਾਰ ਨੇ ਕਈ ਲੁਕਵੇਂ ਢੰਗ ਨਾਲ ਟੈਕਸ ਲਾਏ ਹਨ ਹਾਲਾਂਕਿ ਬਜਟ ਦੌਰਾਨ ਇਹ ਸਰਕਾਰ ਇਹ ਦਾਅਵਾ ਕਰਦੀ ਸੀ ਕਿ ਆਮ ਲੋਕਾਂ ‘ਤੇ ਕੋਈ ਨਵਾਂ ਟੈਕਸ ਨਹੀਂ ਲਾਇਆ ਜਾਵੇਗਾ।
ਉਹਨਾਂ ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਗੱਲ ‘ਤੇ ਵੀ ਸਰਕਾਰ ‘ਤੇ ਸਵਾਲ ਕੀਤੇ ਹਨ ਕਿ ਹਾਲੇ ਤੱਕ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ ਹੈ।ਪੰਜਾਬ ਵਿੱਚ ਵਿਗੜਦੀ ਜਾ ਰਹੀ ਅਮਨ-ਕਾਨੂੰਨ ਦੇ ਹਾਲਾਤਾਂ ‘ਤੇ ਵੀ ਸਿੱਧੂ ਨੇ ਕਿਹਾ ਹੈ ਕਿ ਹੁਣ ਗੈਂਗਸਟਰ ਸ਼ਰੇਆਮ ਲੋਕਾਂ ਤੋਂ ਵਸੂਲੀ ਕਰ ਰਹੇ ਹਨ।
ਬੇਅਦਬੀ ਮੁੱਦੇ ਤੇ ਬੋਲਦੇ ਹੋਏ ਸਿੱਧੂ ਨੇ ਆਪ ਸਰਕਾਰ ‘ਤੇ ਇਲਜ਼ਾਮ ਲਗਾਇਆ ਹੈ ਕਿ ਇਹ ਪਾਰਟੀ ਦੋਵਾਂ ਕੌਮਾਂ ਨੂੰ ਆਪਸ ਵਿੱਚ ਲੜਵਾ ਰਹੀ ਹੈ। ਲੋਕਾਂ ਨੂੰ ਅਪੀਲ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਕਾਂਗਰਸ ਵੱਲੋਂ ਕੱਢੇ ਗਏ ਰਿੰਕੂ ਨੇ ਕਿਹਾ ਸੀ ਕਿ ਜਿਹੜਾ ਪਾਰਟੀ ਛੱਡ ਕੇ ਜਾਵੇਗਾ,ਉਸ ਨੂੰ ਗੱਦਾਰ ਦਾ ਨਾਂ ਦਿੱਤਾ ਜਾਵੇਗਾ,ਹੁਣ ਦੱਸੋ ਇਸ ਨਾਲ ਕੀ ਸਲੂਕ ਕੀਤਾ ਜਾਵੇ।ਪਿੱਠ ‘ਤੇ ਛੁਰਾ ਚਲਾਉਣ ਵਾਲੇ ਇਸ ਬੰਦੇ ਦੇ ਪੋਸਟਰ ਜਲੰਧਰ ਵਿੱਚ ਲੱਗਣੇ ਚਾਹੀਦੇ ਹਨ।ਇਹ ਬੰਦੇ ਆਪਣੀ ਜ਼ੁਬਾਨ ‘ਤੇ ਟਿਕਣ ਵਾਲੇ ਨਹੀਂ ਹਨ।ਇਸ ਤਰਾਂ ਦੇ ਉਮੀਦਵਾਰਾਂ ਨੂੰ ਛੱਡ ਕੇ ਉਸ ਬੀਬੀ ਨੂੰ ਵੋਟ ਪਾਈ ਜਾਵੇ ,ਜਿਸ ਦੇ ਮਰਹੂਮ ਪਤੀ ਨੂੰ ਸ਼ਰਧਾਂਜਲੀ ਦੇਣੀ ਹੈ।
ਸਿੱਧੂ ਨੇ ਇਹ ਵੀ ਦਾਅਵਾ ਕੀਤਾ ਕਿ ਰੇਤੇ ਤੋਂ ਹੋਣ ਵਾਲੀ ਆਮਦਨ ਬਾਰੇ ਆਪ ਲੀਡਰਾਂ ਨੇ ਦਾਅਵੇ ਕੀਤੇ ਸੀ ਪਰ ਕੁੱਝ ਨਹੀਂ ਹੋਇਆ। ਉਹਨਾਂ ਆਪ ਦੇ ਲੀਡਰਾਂ ‘ਤੇ ਕਈ ਤੰਜ ਵੀ ਕਸੇ ਤੇ ਕਿਹਾ ਕਿ ਇਹਨਾਂ ਦੀ ਕਹਿਣੀ ਤੇ ਕਰਨੀ ਅਲੱਗ ਹੈ।ਉਹਨਾਂ ਮੁੱਖ ਮੰਤਰੀ ਮਾਨ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਲਤੀਫ਼ਪੁਰਾ ਵਿੱਚ ਘਰ ਉਜਾੜਨ ਵਾਲਿਆ, ਮੁਹਾਲੀ ‘ਚ ਦੱਬੀ ਹੋਈ ਸਰਕਾਰੀ ਜ਼ਮੀਨ ਛੁੱਡਾ ਕੇ ਦਿਖਾ।ਉਹਨਾਂ ਇਹ ਵੀ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੇ ਦਾਅਵੇ ਫੋਕੇ ਸਾਬਿਤ ਹੋਏ ਹਨ।
ਉਹਨਾਂ ਜਲੰਧਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਵਾਰ ਵੋਟਾਂ ਸ਼ਰਾਬ ਦੀਆਂ ਪੇਟੀਆਂ ਨੂੰ ਪਾਉਣ ਦੀ ਬਜਾਇ ਪੰਜਾਬ ਲਈ ਪਾਇਓ। ਪੰਜਾਬ ਨੂੰ ਬਰਬਾਦ ਕਰਨ ਵਾਲਿਆਂ ਨੂੰ ਇਸ ਵਾਰ ਜਵਾਬ ਦੇਣਾ ਬਹੁਤ ਜ਼ਰੂਰੀ ਹੈ।
ਪੰਜਾਬ ਵਿੱਚੋਂ ਨਸ਼ੇ ਖ਼ਤਮ ਕਰਨ ਦੇ ਪੰਜਾਬ ਸਰਕਾਰ ਦੇ ਦਾਅਵਿਆਂ ਨੂੰ ਸਿੱਧੂ ਨੇ ਫੋਕੇ ਵਾਅਦੇ ਦੱਸਿਆ ਹੈ ਤੇ ਦਾਅਵਾ ਕੀਤਾ ਹੈ ਕਿ ਨਸ਼ਿਆਂ ਦੀ ਸ਼ਿਕਾਇਤ ਕਰਨ ਵਾਲੇ ਨੂੰ ਹੀ ਗੱਡੀ ਚਾੜ ਦਿੱਤਾ ਜਾਂਦਾ ਹੈ।ਸਿੱਧੂ ਮੂਸੇ ਵਾਲਾ ਨਾਲ ਹੋ ਰਹੀ ਬੇਇਨਸਾਫੀ ਦਾ ਬੋਝ ਉਸ ਦੇ ਪਿਤਾ ਤੇ ਸੀਨੇ ‘ਤੇ ਪਿਆ ਹੋਇਆ ਹੈ ,ਸਾਰੇ ਪੰਜਾਬ ਨੂੰ ਉਹਨਾਂ ਦਾ ਦਰਦ ਮਹਿਸੂਸ ਕਰਨਾ ਚਾਹੀਦਾ ਹੈ।
ਸਿੱਧੂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਹੁਤ ਉਮੀਦਾਂ ਨਾਲ ਬਦਲਾਅ ਲਿਆਉਣ ਲਈ ਆਪ ਨੂੰ ਵੋਟ ਪਾਈ ਸੀ ਪਰ ਉਹਨਾਂ ਦੇ ਹੱਥ ਨਿਰਾਸ਼ਾ ਹੀ ਹੱਥ ਲਗੀ ਹੈ। ਸੋ ਕਾਂਗਰਸ ਨੂੰ ਵੋਟ ਪਾ ਕੇ ਇੱਕ ਸਹੀ ਤੇ ਯੋਗ ਉਮੀਦਵਾਰ ਨੂੰ ਪਾਰਲੀਮੈਂਟ ਵਿੱਚ ਭੇਜਿਆ ਜਾਵੇ।