Punjab

‘ਇੱਕ ਸੀ ਕਾਂਗਰਸ’ ਦਾ ਜਵਾਬ ‘ਇੱਕ ਸੀ ਹੱਸਦਾ,ਵੱਸਦਾ ਪੰਜਾਬ’ !

 

ਬਿਉਰੋ ਰਿਪੋਰਟ : ਪੰਜਾਬ ਵਿੱਚ INDIA ਗਠਜੋੜ ਦੇ ਤਹਿਤ ਕਾਂਗਰਸ ਅਤੇ ਆਪ ਵਿੱਚ ਸੀਟਾਂ ਦਾ ਤਾਲਮੇਲ ਹੋਵੇਗਾ ਜਾਂ ਨਹੀਂ ਇਸ ਨੂੰ ਲੈਕੇ ਹਾਈਕਮਾਨ ਨੇ 4 ਜਨਵਰੀ ਨੂੰ ਦਿੱਲੀ ਵਿੱਚ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵੜਿੰਗ ਨੂੰ ਸਦਿਆ ਹੈ । ਪਰ ਇਸ ਤੋਂ ਪਹਿਲਾਂ ਦੋਵਾਂ ਪਾਰਟੀਆਂ ਦੇ ਆਗੂਆਂ ਦੇ ਵਿਚਾਲੇ ਬਿਆਨਬਾਜ਼ੀ ਹੋਰ ਤਿੱਖੀ ਹੋ ਗਈ ਹੈ । ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਾਂਗਰਸ ਦੇ ਵਜੂਦ ਨੂੰ ਲੈਕੇ ਦਿੱਤੇ ਬਿਆਨ ‘ਹੁਣ ਮਾਂ ਆਪਣੇ ਬੱਚੇ ਨੂੰ ਦੁਨੀਆ ਦੀ ਸਭ ਤੋਂ ਛੋਟੀ ਕਹਾਣੀ ਇੱਕ ਸੀ ਕਾਂਗਰਸ ਸੁਣਾਏਗੀ’ ‘ਤੇ ਨਵਜੋਤ ਸਿੰਘ ਸਿੱਧੂ ਅਤੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਪਲਟ ਵਾਰ ਕੀਤਾ ਹੈ । ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਐਕਾਉਂਟ X ‘ਤੇ ਲਿਖਿਆ ‘ਸ਼ਰਮ ਕਰੋ,ਕਾਂਗਰਸ ਸੀ ਅਤੇ ਹਮੇਸ਼ਾ ਰਹੇਗੀ। ਉਨ੍ਹਾਂ ਨੇ ਕਿਹਾ ਰੋਕ ਸਕਦੇ ਹੋ ਰੋਕ ਲਿਉ। 5 ਸੂਬਿਆਂ ਵਿੱਚ ਆਪ ਨੂੰ ਮਿਲੇ ਅੱਧੀ ਫੀਸਦੀ ਵੋਟ, ਪੰਜਾਬ ਦਾ ਮੁੱਖ ਮੰਤਰੀ ਮਾਨ ਕਿਹੜੀ ਗੱਲ ਕਰ ਰਿਹਾ ਹੈ। ਕਾਂਗਰਸ ਨੂੰ ਪੰਜ ਸੂਬਿਆਂ ਵਿੱਚ 5 ਕਰੋੜ ਲੋਕਾਂ ਨੇ ਵੋਟ ਕੀਤੇ ਹਨ । ਇਹ ਬੀਜੇਪੀ ਤੋਂ 10 ਲੱਖ ਵੱਧ ਹੈ । ਉਹ ਇੱਕ ਮੈਂਬਰ ਪਾਰਲੀਮੈਂਟ ਵਾਲੀ ਪਾਰਟੀ ਦੇ ਮੁੱਖ ਮੰਤਰੀ ਹਨ । ਉਹ ਵੀ ਕਾਂਗਰਸ ਕੋਲੋ ਉਧਾਰੀ ਮੰਗੀ ਹੈ ।

ਰਾਜਾ ਵੜਿੰਗ ਨੇ ਸੀਐੱਮ ਮਾਨ ਨੂੰ ਸੁਣਾਇਆ

ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਸ਼ੋਸ਼ਲ ਮੀਡੀਆ ਐਕਾਉਂਟ ‘ਤੇ ਜਲੰਧਰ ਵਿੱਚ ਡੀਐੱਸਪੀ ਦੇ ਕਤਲ ਦੀ ਖਬਰ ਸ਼ੇਅਰ ਕਰਦੇ ਹੋਏ ਲਿਖਿਆ ਹੈ । ‘ਇੱਕ ਸੀ ਹੱਸਦਾ ਵੱਸਦਾ ਪੰਜਾਬ’।

ਇਸ ਤੋਂ ਬਾਅਦ ਰਾਜਾ ਵੜਿੰਗ ਨੇ ਇੱਕ ਹੋਰ ਨਸ਼ੇ ਨਾਲ ਹੋਈ ਮੌਤ ਦੀ ਖਬਰ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਅਜਿਹੀਆਂ ਖਬਰਾਂ ਹੁਣ ਅਕਸਰ ਰੋਜ਼ ਹੀ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਇਹ ਬਹੁਤ ਹੀ ਦੁੱਖਦਾਈ ਹੈ ਕਿ ਸਾਡੀ ਜਵਾਨੀ ਨਸ਼ਿਆਂ ਵਿੱਚ ਗਲਤਾਨ ਹੁੰਦੀ ਜਾ ਰਹੀ ਹੈ ਤੇ ਨਸ਼ੇ ਉੱਤੇ ਲਗਾਮ ਕਸਣ ਦੇ ਵਾਅਦੇ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਹੁਣ ਮਹਿਜ਼ ਫੌਕੀਆਂ ਮਸ਼ਹੂਰੀਆਂ ਕਰਨ ਵਿੱਚ ਵਿਅਸਤ ਹਨ। ਮਾਵਾਂ ਦੇ ਪੁੱਤ ਮਰ ਰਹੇ ਹਨ ਤੇ ਆਪ ਹੱਥ ਤੇ ਹੱਥ ਧਰ ਕੇ ਬੈਠੀ ਹੈ।

ਕੀ ਹੋਵੇਗਾ ਗਠਜੋੜ ਦਾ ਫਾਰਮੂਲਾ ?

ਪੰਜਾਬ ਵਿੱਚ ਆਪ ਨਾਲ ਗਠਜੋੜ ਨੂੰ ਲੈਕੇ ਪਾਰਟੀ ਹਾਈਕਮਾਨ ਨੇ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਅਤੇ ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ 4 ਜਨਵਰੀ ਨੂੰ ਦਿੱਲੀ ਸੱਦਿਆ ਹੈ। ਰਾਹੁਲ ਗਾਂਧੀ ਅਤੇ ਕੌਮੀ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਕੇ ਗਠਜੋੜ ਨੂੰ ਲੈਕੇ ਪਾਰਟੀ ਦੇ ਦੋਵੇ ਆਗੂਆਂ ਨਾਲ ਅਹਿਮ ਚਰਚਾ ਕਰਨਗੇ । ਇਸ ਤੋਂ ਪਹਿਲਾਂ 26 ਦਸੰਬਰ ਨੂੰ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਮੀਟਿੰਗ ਦੌਰਾਨ ਖੜਗੇ ਅਤੇ ਰਾਹੁਲ ਗਾਂਧੀ ਨੇ ਮੀਟਿੰਗ ਕੀਤੀ ਸੀ ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ ਬਾਜਵਾ ਧੜੇ ਨੇ ਗਠਜੋੜ ਦਾ ਵਿਰੋਧ ਕੀਤਾ ਸੀ। ਜਦਕਿ ਔਜਲਾ,ਬਿੱਟੂ ਨੇ ਗਠਜੋੜ ਦੀ ਸੂਰਤ ਵਿੱਚ 8 ਸੀਟਾਂ ਆਪ ਤੋਂ ਲੈਣ ਦੀ ਮੰਗ ਕੀਤੀ ਸੀ।